ਮੁੱਖ ਮੰਤਰੀ ਦਾ ਵੱਡਾ ਐਲਾਨ : ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਮਿਲਣਗੇ 5-5 ਲੱਖ

0
751

ਚੰਡੀਗੜ੍ਹ| ਪੰਚਾਇਤੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾਂਦੀਆਂ ਹਨ, ਉਨ੍ਹਾਂ ਨੂੰ 5-5 ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ।

ਟਵੀਟ ਕਰਦਿਆਂ CM ਮਾਨ ਨੇ ਲਿਖਿਆ-ਪੰਚਾਇਤੀ ਚੋਣਾਂ ‘ਚ ਅਸੀਂ ਦੁਬਾਰਾ ਪਹਿਲਾਂ ਵਾਲਾ ਪੁਰਾਣਾ ਮਾਹੌਲ ਬਹਾਲ ਕਰਨਾ ਚਾਹੁੰਦੇ ਹਾਂ..ਜਦੋਂ ਸਰਪੰਚ ਪਿੰਡ ਦਾ ਹੁੰਦਾ ਸੀ ਨਾ ਕਿ ਕਿਸੇ ਪਾਰਟੀ ਦਾ ਤੇ ਪੰਚਾਇਤ ਮੈਂਬਰ ਦੀ ਇੱਜ਼ਤ ਬਹਾਲ ਕਰਨਾ ਚਾਹੁੰਦੇ ਹਾਂ…MP ਹੁੰਦਿਆਂ ਮੈਂ ਸੰਗਰੂਰ ਹਲਕੇ ਦੇ ਸਰਬ ਸੰਮਤੀ ਕਰਨ ਵਾਲੇ ਪਿੰਡਾਂ ਨੂੰ 2-2 ਲੱਖ ਦੀ ਗ੍ਰਾਂਟ ਦਿੰਦਾ ਸੀ…ਹੁਣ ਬਤੌਰ ਮੁੱਖ ਮੰਤਰੀ ਪੰਜਾਬ ਦੇ ਪਿੰਡਾਂ ‘ਚ ਸਰਬ ਸੰਮਤੀ ਕਰਨ ਵਾਲਿਆਂ ਨੂੰ 5-5 ਲੱਖ ਦੀ ਗ੍ਰਾਂਟ ਦੇਵਾਂਗੇ…

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਜ਼ਮਾਨਾ ਸੀ ਜਦੋਂ ਕੋਈ ਸਰਪੰਚ ਚੁਣ ਲਿਆ ਜਾਂਦਾ ਸੀ ਤਾਂ ਉਸ ਨੂੰ ਪਿੰਡ ਦਾ ਸਰਪੰਚ ਕਿਹਾ ਜਾਂਦਾ ਸੀ ਪਰ ਰਾਜਨੀਤਕ ਲੋਕਾਂ ਨੇ ਪਿੰਡਾਂ ਵਿਚ ਵੀ ਰਾਜਨੀਤੀ ਵਾੜ ਦਿੱਤੀ ਤਾਂ ਪਿੰਡ ਧੜਿਆਂ ਵਿਚ ਵੰਡੇ ਗਏ। ਟੂਰਨਾਮੈਂਟ ਵੀ 2-2 ਹੋਣ ਲੱਗੇ। ਫਿਰ ਪੰਚਾਇਤੀ ਚੋਣਾਂ ਵਿਚ ਕਾਫੀ ਲੜਾਈਆਂ ਹੋਣ ਲੱਗੀਆਂ ਤੇ ਖਰਚੇ ਵੀ ਕਾਫੀ ਹੋਣ ਲੱਗੇ। ਕਈ ਵੱਡੇ ਪਿੰਡਾਂ ਵਿਚ ਪੰਚਾਇਤੀ ਚੋਣਾਂ ‘ਤੇ 25 ਤੋਂ 30 ਲੱਖ ਰੁਪਏ ਤੱਕ ਦਾ ਖਰਚਾ ਹੋਣ ਲੱਗਾ ਸੀ।

ਉਨ੍ਹਾਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਪਿੰਡਾਂ ਵਿਚ ਧੜੇਬੰਦੀ ਹੋਵੇ। ਪਹਿਲਾਂ ਪੰਚਾਂ ਵਿਚ ਪਰਮੇਸ਼ਵਰ ਦਾ ਵਾਸ ਸਮਝਿਆ ਜਾਂਦਾ ਸੀ। ਉਨ੍ਹਾਂ ਨੂੰ ਮਾਣ-ਸਤਿਕਾਰ ਦਿੱਤਾ ਜਾਂਦਾ ਸੀ। ਮੈਂ ਉਸ ਨੂੰ ਫਿਰ ਤੋਂ ਬਹਾਲ ਕਰਨਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਪਿੰਡਾਂ ਵਿਚ ਧੜੇਬੰਦੀ ਨਾ ਹੋਵੇ। ਭਾਈਚਾਰਕ ਸਾਂਝ ਹੋਵੇ ਤੇ ਮੈਂ ਕੋਸ਼ਿਸ਼ ਇਹ ਕਰਾਂਗਾ ਕਿ ਸਰਪੰਚ ਪਿੰਡ ਦਾ ਹੋਵੇ। ਸਰਪੰਚ ਕਿਸੇ ਪਾਰਟੀ ਦਾ ਨਾ ਹੋਵੇ। ਜਿਹੜੇ ਪਿੰਡਾਂ ਵਿਚ ਸਰਬਸੰਮਤੀ ਨਾਲ ਸਰਪੰਚ ਚੁਣਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ 5-5 ਲੱਖ ਰੁਪਏ ਦਿੱਤੇ ਜਾਣਗੇ।