ਦਿੱਲੀ ‘ਚ ਤੇਜ਼ ਹਨੇਰੀ ਨੇ ਮਚਾਇਆ ਤਾਂਡਵ ! ਵੱਖ-ਵੱਖ ਹਾਦਸਿਆਂ ‘ਚ 2 ਲੋਕਾਂ ਦੀ ਮੌਤ, 23 ਜ਼ਖਮੀ

0
4869

ਨਵੀਂ ਦਿੱਲੀ | ਦਿੱਲੀ ਐਨਸੀਆਰ ਵਿਚ ਭਿਆਨਕ ਗਰਮੀ ਦੇ ਵਿਚਕਾਰ ਸ਼ੁੱਕਰਵਾਰ ਰਾਤ ਨੂੰ ਧੂੜ ਭਰੀ ਹਨੇਰੀ ਦੇ ਨਾਲ ਹਲਕੀ ਬਾਰਿਸ਼ ਹੋਈ। ਇਸ ਦੌਰਾਨ ਦਰੱਖਤ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ। ਤੇਜ਼ ਤੂਫਾਨ ਕਾਰਨ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਤੂਫਾਨ ਕਾਰਨ ਵੱਖ-ਵੱਖ ਹਾਦਸਿਆਂ ‘ਚ ਕੁੱਲ 23 ਲੋਕ ਜ਼ਖਮੀ ਹੋ ਗਏ ਹਨ। ਹਵਾ ਦੀ ਰਫ਼ਤਾਰ 50 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੇ ਵਿਚਕਾਰ ਦਰਜ ਕੀਤੀ ਗਈ।

ਦਿੱਲੀ ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ 9 ਉਡਾਣਾਂ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ ਹੈ। ਸੜਕਾਂ ‘ਤੇ ਦਰੱਖਤ ਡਿੱਗਣ ਕਾਰਨ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ‘ਚ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਦਰੱਖਤ ਡਿੱਗਣ ਨਾਲ ਸਬੰਧਤ 152, ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ 55 ਅਤੇ ਬਿਜਲੀ ਕੱਟ ਨਾਲ ਸਬੰਧਤ 202 ਕਾਲਾਂ ਆਈਆਂ ਹਨ।

ਤੂਫਾਨ ਤੇ ਮੀਂਹ ਤੋਂ ਬਾਅਦ ਦਿੱਲੀ NCR ‘ਚ ਵਧਦੇ ਤਾਪਮਾਨ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਸ਼ਨੀਵਾਰ ਸਵੇਰ ਤੋਂ ਹੀ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ।