ਖਾਲਿਸਤਾਨੀ ਅੱਤਵਾਦੀ ਦੇ ਪਰਿਵਾਰ ਦੀ ਭਾਰਤ ਸਰਕਾਰ ਨੂੰ ਅਪੀਲ, ਪਾਕਿਸਤਾਨ ਤੋਂ ਲਿਆਂਦੀ ਜਾਵੇ ਪਰਮਜੀਤ ਪੰਜਵੜ ਦੀ ਮ੍ਰਿਤਕ ਦੇਹ

0
1519

ਅੰਮ੍ਰਿਤਸਰ| ਪਾਕਿਸਤਾਨ ਵਿੱਚ ਮਾਰੇ ਗਏ ਖਾਲਿਸਤਾਨੀ ਅੱਤਵਾਦੀ ਪਰਮਜੀਤ ਸਿੰਘ ਪੰਜਵੜ ਦੇ ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੀ ਇੱਛਾ ਹੈ ਕਿ ਪਰਮਜੀਤ ਸਿੰਘ ਦਾ ਅੰਤਿਮ ਸੰਸਕਾਰ ਤਰਨਤਾਰਨ ਜ਼ਿਲ੍ਹੇ ਦੇ ਜੱਦੀ ਪਿੰਡ ਪੰਜਵੜ ਵਿਖੇ ਕੀਤਾ ਜਾਵੇ। ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਤਿਮ ਸੰਸਕਾਰ ਕਰਨ ਲਈ ਪਰਮਜੀਤ ਦੀ ਮ੍ਰਿਤਕ ਦੇਹ ਨੂੰ ਪਾਕਿਸਤਾਨ ਤੋਂ ਵਾਪਸ ਲਿਆਂਦਾ ਜਾਵੇ।

ਪਰਿਵਾਰ ਦੀ ਇਹ ਅਪੀਲ ਪਾਕਿਸਤਾਨ ਵਿੱਚ ਪੰਜਵੜ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਆਈ ਹੈ। ਪੰਜਵੜ ਦੀ ਪਾਕਿਸਤਾਨ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੇਸ਼ ਵਿੱਚ ਉਸ ਨੇ ਕਰੀਬ 33 ਸਾਲਾਂ ਤੋਂ ਸ਼ਰਨ ਲਈ ਸੀ।

37 ਸਾਲਾਂ ਤੋਂ ਪਰਿਵਾਰ ਨਾਲੋਂ ਟੁੱਟਿਆ ਰਿਸ਼ਤਾ
ਪਰਮਜੀਤ ਦੇ ਭਰਾ ਬਲਦੇਵ ਸਿੰਘ ਫੌਜੀ ਨੇ ਦਾਅਵਾ ਕੀਤਾ ਕਿ ਪਰਿਵਾਰ ਦੇ ਮੈਂਬਰਾਂ ਨੇ ਪਿਛਲੇ 37 ਸਾਲਾਂ ਤੋਂ ਅੱਤਵਾਦੀ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਮੁਖੀ ਨੂੰ ਨਾ ਦੇਖਿਆ ਹੈ ਅਤੇ ਨਾ ਹੀ ਸੁਣਿਆ ਹੈ। ਉਨ੍ਹਾਂ ਕਿਹਾ, ‘ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਪਰਮਜੀਤ ਸਿੰਘ ਪੰਜਵੜ ਦੀ ਮੌਤ ਹੋ ਗਈ ਹੈ। ਅਸੀਂ ਭਾਰਤ ਸਰਕਾਰ ਨੂੰ ਕੂਟਨੀਤਕ ਮਾਧਿਅਮਾਂ ਰਾਹੀਂ ਇਹ ਮੁੱਦਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਅਸੀਂ ਘੱਟੋ-ਘੱਟ ਪਰਮਜੀਤ ਦਾ ਅੰਤਿਮ ਸੰਸਕਾਰ ਇੱਥੇ ਕਰ ਸਕੀਏ। ਉਨ੍ਹਾਂ ਕਿਹਾ ਕਿ ਪਰਿਵਾਰ ਸੋਮਵਾਰ ਨੂੰ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਦਰਖਾਸਤ ਵੀ ਸੌਂਪੇਗਾ।