ਮੋਬਾਈਲ ‘ਤੇ ਗੱਲਾਂ ਮਾਰ ਰਹੇ ਟਾਟਾ ਸਫ਼ਾਰੀ ਦੇ ਡਰਾਈਵਰ ਨੇ ਸੰਗਤ ਨਾਲ ਭਰੀ ਜੀਪ ਨੂੰ ਮਾਰੀ ਟੱਕਰ, ਕਈਆਂ ਦੀਆਂ ਲੱਤਾਂ-ਬਾਹਾਂ ਟੁੱਟੀਆਂ

0
476

ਮਾਛੀਵਾੜਾ ਸਾਹਿਬ| ਸਰਹਿੰਦ ਨਹਿਰ ਕਿਨਾਰੇ ਪਵਾਤ ਦੇ ਪੁਲ ਨੇੜੇ ਮਹਿੰਦਰਾ ਜੀਪ ਅਤੇ ਟਾਟਾ ਸਫ਼ਾਰੀ ਦੀ ਆਹਮੋ-ਸਾਹਮਣੀ ਟੱਕਰ ਵਿਚ 25 ਸ਼ਰਧਾਲੂ ਸਖ਼ਤ ਜ਼ਖਮੀ ਹੋ ਗਏ ਜੋ ਕਿ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਮਹਿੰਦਰਾ ਜੀਪ ਦੇ ਡਰਾਈਵਰ ਨੇ ਦੱਸਿਆ ਕਿ ਉਹ ਰਾਏਕੋਟ ਤੋਂ ਸ਼ਰਧਾਲੂਆਂ ਨੂੰ ਲੈ ਕੇ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ ਕਿ ਦੂਸਰੇ ਪਾਸਿਓਂ ਟਾਟਾ ਸਫ਼ਾਰੀ ਗੱਡੀ ਤੇਜ਼ ਰਫ਼ਤਾਰ ਵਿਚ ਆ ਰਹੀ ਸੀ, ਜਿਸਦਾ ਡਰਾਈਵਰ ਮੋਬਾਇਲ ‘ਤੇ ਲੱਗਾ ਸੀ।

ਡਰਾਈਵਰ ਨੇ ਦੱਸਿਆ ਕਿ ਉਸਨੇ ਬਚਾਅ ਲਈ ਆਪਣੀ ਮਹਿੰਦਰਾ ਜੀਪ ਨੂੰ ਨਹਿਰ ਦੇ ਕਿਨਾਰੇ ਇੱਕ ਪਾਸੇ ਖੜ੍ਹੀ ਕਰਨ ਦਾ ਯਤਨ ਕੀਤਾ ਤਾਂ ਉਸ ਸਮੇਂ ਹੀ ਟਾਟਾ ਸਫ਼ਾਰੀ ਨੇ ਸ਼ਰਧਾਲੂਆਂ ਨਾਲ ਭਰੀ ਜੀਪ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਆਸ-ਪਾਸ ਦੇ ਲੋਕ ਭਾਰੀ ਗਿਣਤੀ ਵਿਚ ਇਕੱਠੇ ਹੋ ਗਏ, ਜਿਨ੍ਹਾਂ ਨੇ ਜ਼ਖਮੀ ਹੋਏ ਸ਼ਰਧਾਲੂਆਂ ਨੂੰ ਗੱਡੀ ‘ਚੋਂ ਬਾਹਰ ਕੱਢਿਆ ਅਤੇ ਸਮਰਾਲਾ ਦੇ ਹਸਪਤਾਲ ਵਿਖੇ ਪਹੁੰਚਾਇਆ।

ਮੌਕੇ ‘ਤੇ ਮੌਜੂਦ ਏ.ਐਸ.ਆਈ ਅਵਤਾਰ ਚੰਦ ਨੇ ਦੱਸਿਆ ਕਿ ਟਾਟਾ ਸਫ਼ਾਰੀ ਦਾ ਡਰਾਈਵਰ ਆਪਣੀ ਗੱਡੀ ਲੈ ਕੇ ਚਮਕੌਰ ਸਾਹਿਬ ਤੋਂ ਲੁਧਿਆਣਾ ਨੂੰ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਸਰਕਾਰੀ ਹਸਪਤਾਲ ਦੇ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ 25 ਜ਼ਖਮੀ ਸ਼ਰਧਾਲੂਆਂ ਨੂੰ ਲਿਆਂਦਾ ਗਿਆ ਹੈ, ਜਿਨ੍ਹਾਂ ਵਿਚੋਂ ਕਈਆਂ ਦੀਆਂ ਲੱਤਾਂ-ਬਾਹਾਂ ਟੁੱਟ ਗਈਆਂ ਹਨ ਅਤੇ ਕਈਆਂ ਦੇ ਸਿਰ ‘ਤੇ ਗੰਭੀਰ ਸੱਟਾਂ ਆਈਆਂ ਹਨ ਤੇ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਵੱਡੇ ਹਸਪਤਾਲਾਂ ਲਈ ਰੈਫ਼ਰ ਕੀਤਾ ਗਿਆ ਹੈ।

ਘਟਨਾ ਵਾਲੀ ਥਾਂ ਥਾਣਾ ਮਾਛੀਵਾੜਾ ਦੇ ਅਧੀਨ ਆਉਂਦੀ ਬਹਿਲੋਲਪੁਰ ਚੌਕੀ ਵਿਚ ਪੈਂਦੀ ਹੈ | ਚੌਕੀ ਇੰਚਾਰਜ ਪ੍ਰਮੋਦ ਕੁਮਾਰ ਨੇ ਗੱਲ ਕਰਦਿਆਂ ਦੱਸਿਆ ਕਿ ਪੁਲਿਸ ਹਾਦਸੇ ਦੀ ਜਾਂਚ ਵਿਚ ਲੱਗੀ ਹੋਈ ਹੈ, ਜਿਸਦਾ ਵੀ ਕਸੂਰ ਪਾਇਆ ਗਿਆ, ਉਸ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ |