ਸਿਵਲ ਹਸਪਤਾਲ ਦੀ ਪਾਰਕਿੰਗ ‘ਚੋਂ ਬਾਈਕ ਲੈਣ ਆਏ ਨੌਜਵਾਨ ਨਾਲ PCR ਮੁਲਾਜ਼ਮਾਂ ਨੇ ਕੀਤੀ ਬਦਸਲੂਕੀ, ਥੱਪੜ ਮਾਰਨ ਦਾ ਵੀ ਦੋਸ਼

0
74

ਲੁਧਿਆਣਾ, 21 ਜਨਵਰੀ| ਖਾਕੀ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਦੀ ਪਾਰਕਿੰਗ ਵਿੱਚ ਖੜੇ ਮੋਟਰ ਸਾਈਕਲ ਨੂੰ ਚੁੱਕਣ ਆਏ ਨੌਜਵਾਨਾਂ ਦੇ ਨਾਲ ਪੀਸੀਆਰ ਮੁਲਾਜ਼ਮ ਵੱਲੋਂ ਨਾ ਸਿਰਫ਼ ਬਦਸਲੂਕੀ ਕਰਨ ਬਲਕਿ ਥੱਪੜ ਮਾਰਨ ਦੇ ਵੀ ਆਰੋਪ ਲੱਗੇ ਹਨ।

ਪੀੜਤ ਨੌਜਵਾਨ ਨੇ ਆਰੋਪ ਲਗਾਇਆ ਕਿ ਉਸਦੀ ਭੈਣ ਤੀਸਰੀ ਮੰਜ਼ਿਲ ਤੋਂ ਡਿੱਗ ਗਈ ਸੀ, ਜਿਸ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਥੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ। ਉਹ ਇੱਥੇ ਪਾਰਕਿੰਗ ਵਿੱਚ ਖੜ੍ਹਾ ਆਪਣਾ ਮੋਟਰਸਾਈਕਲ ਲੈਣ ਆਇਆ ਸੀ, ਜਿਸ ਦੀ ਪਰਚੀ ਵੀ ਉਸਦੇ ਕੋਲ ਹੈ।

ਇਸ ਵਿਚਾਲੇ ਮੋਟਰ ਸਾਈਕਲ ਦੀ ਸੀਟ ਧੁੰਦ ਪੈਣ ਕਾਰਨ ਗਿੱਲੀ ਹੋ ਚੁੱਕੀ ਸੀ ਅਤੇ ਉਸ ਨੇ ਨਾਲ ਖੜ੍ਹੇ ਮੋਟਰਸਾਈਕਲ ਤੋਂ ਕੱਪੜਾ ਕੱਢ ਕੇ ਸਿਰਫ ਸੀਟ ਨੂੰ ਸਾਫ ਕੀਤਾ। ਲੇਕਿਨ ਪੀਸੀਆਰ ਮੁਲਾਜ਼ਮ ਨੇ ਉੱਥੇ ਪਹੁੰਚ ਕੇ ਉਸ ਉੱਪਰ ਬਾਈਕ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾ ਦਿੱਤਾ ਅਤੇ ਉਸਦੀ ਬਾਈਕ ਲੈ ਕੇ ਚਲੇ ਗਏ। ਪੀੜਤ ਨੌਜਵਾਨ ਨੇ ਦੱਸਿਆ ਕਿ ਉਸਦਾ ਮੋਟਰਸਾਈਕਲ ਨਵਾਂ ਹੈ ਅਤੇ ਹਾਲੇ ਉਸਦਾ ਨੰਬਰ ਵੀ ਨਹੀਂ ਆਇਆ।

ਇਸ ਦੌਰਾਨ ਪਾਰਕਿੰਗ ਦੇ ਕਰਿੰਦੇ ਨੇ ਵੀ ਸਵੀਕਾਰ ਕੀਤਾ ਕਿ ਉਕਤ ਪੀੜਿਤ ਨੌਜਵਾਨ ਕੋਲ ਪਾਰਕਿੰਗ ਦੀ ਪਰਚੀ ਹੈ ਅਤੇ ਬਗੈਰ ਪਾਰਕਿੰਗ ਦੀ ਪਰਚੀ ਤੋਂ ਕੋਈ ਵੀ ਵਿਅਕਤੀ ਇੱਥੋਂ ਮੋਟਰਸਾਈਕਲ ਨਹੀਂ ਲੈ ਕੇ ਜਾ ਸਕਦਾ। ਪਰ ਇਸ ਪੂਰੇ ਘਟਨਾਕ੍ਰਮ ਵਿਚਾਲੇ ਪੀਸੀਆਰ ਮੁਲਾਜ਼ਮਾਂ ਦਾ ਰਵੱਈਆ ਸਵਾਲਾਂ ਦੇ ਘੇਰੇ ਵਿੱਚ ਸੀ।

ਦੂਜੇ ਪਾਸੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਸਾਡੇ ਮੋਟਰਸਾਈਕਲ ਨੂੰ ਚਾਬੀ ਲਗਾ ਰਿਹਾ ਸੀ ਤੇ ਇਨ੍ਹਾਂ ਦੇ ਮੋਟਰਸਾਈਕਲ ਉਤੇ ਕੋਈ ਨੰਬਰ ਪਲੇਟ ਵੀ ਨਹੀਂ ਹੈ।