ਜਲੰਧਰ : ਨੌਜਵਾਨ ਤੋਂ ਮੋਬਾਈਲ ਖੋਹਣ ਵਾਲੇ ਲੁਟੇਰੇ ਨੂੰ ਲੋਕਾਂ ਨੇ ਝੰਭਿਆ, ਚੋਰ ਦੀ ਪਤਨੀ ਨੇ ਮੁਆਫ਼ੀ ਮੰਗ ਕੇ ਖਹਿੜਾ ਛੁਡਵਾਇਆ

0
398

ਪੰਜਾਬ ‘ਚ ਅਪਰਾਧ ਸਿਖ਼ਰਾਂ ‘ਤੇ ਪਹੁੰਚ ਗਿਆ ਹੈ।  ਲੁਟੇਰੇ ਬਿਨਾਂ ਕਿਸੇ ਡਰ ਤੋਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪੰਜਾਬ ‘ਚ ਆਏ ਦਿਨ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇੱਕ ਹੋਰ ਲੁੱਟ-ਖੋਹ ਦਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰ ਨੇ ਇੱਕ ਨੌਜਵਾਨ ਤੋਂ ਮੋਬਾਈਲ ਖੋਹ ਲਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਮੌਕੇ ਤੇ ਹੀ ਉਸ ਚੋਰ ਫ਼ੜ ਕੇ ਕੁੱਟਮਾਰ ਕੀਤੀ ਹੈ।  

ਮਿਲੀ ਜਾਣਕਾਰੀ ਅਨੁਸਾਰ ਲੋਕਾਂ ਨੇ ਮੋਬਾਈਲ ਖੋਹ ਕੇ ਭੱਜ ਰਹੇ ਚੋਰ ਦਾ ਪਿੱਛਾ ਕਰਕੇ ਉਸ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਹੈ ਅਤੇ ਉਸ ਕੋਲੋਂ ਮੋਬਾਈਲ ਫ਼ੋਨ ਬਰਾਮਦ ਕਰਕੇ ਉਸ ਦੀ ਕਾਫੀ ਕੁੱਟਮਾਰ ਕੀਤੀ ਹੈ। ਇਸ ਦੌਰਾਨ ਵਿਸ਼ਾਲ ਨੇ ਦੱਸਿਆ ਕਿ ਉਸ ਦਾ ਭਰਾ ਹਸਪਤਾਲ ‘ਚ ਦਾਖਲ ਹੈ ਅਤੇ ਉਹ ਹਸਪਤਾਲ ਤੋਂ ਬਾਹਰ ਕਿਸੇ ਕੰਮ ਲਈ ਗਿਆ ਹੋਇਆ ਸੀ। ਇਸ ਦੌਰਾਨ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਉਕਤ ਲੁਟੇਰੇ ਨੇ ਉਸ ਦਾ ਮੋਬਾਈਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਲੋਕਾਂ ਦੀ ਮਦਦ ਨਾਲ ਚੋਰ ਨੂੰ ਫੜ ਲਿਆ ਅਤੇ ਖੂਬ ਛਿੱਤਰ ਪਰੇਡ ਕੀਤੀ। ਫੜੇ ਗਏ ਚੋਰ ਨੇ ਆਪਣਾ ਨਾਂ ਮਾਹਿਰ ਕਪੂਰ ਦੱਸਿਆ ਹੈ। ਜਦੋਂ ਇਕੱਠੇ ਹੋਏ ਲੋਕ ਚੋਰ ਨੂੰ ਪੁਲਿਸ ਕੋਲ ਦੇਣ ਲੱਗੇ ਤਾਂ ਉਕਤ ਚੋਰ ਦੀ ਪਤਨੀ ਅਤੇ ਪਰਿਵਾਰਕ ਮੈਂਬਰ ਉਥੇ ਪੁੱਜ ਗਏ। ਚੋਰ ਦੀ ਪਤਨੀ ਨੇ ਲੁੱਟ ਦਾ ਸ਼ਿਕਾਰ ਹੋਏ ਨੌਜਵਾਨ ਤੋਂ ਮੁਆਫੀ ਮੰਗੀ, ਜਿਸ ਤੋਂ ਬਾਅਦ ਲੁਟੇਰੇ ਨੂੰ ਛੱਡ ਦਿੱਤਾ ਗਿਆ ਹੈ।