ਢੋਂਗੀ ਬਾਬੇ ਦਾ ਕਾਰਾ : ਭੂਤ-ਪ੍ਰੇਤ ਦਾ ਡਰ ਵਿਖਾ ਲੜਕੀ ਦੇ ਵਿਆਹ ਦਾ ਰਚਿਆ ਡਰਾਮਾ, ਠੱਗ ਕੇ ਲੈ ਗਿਆ 25 ਲੱਖ

0
612

ਹੁਸ਼ਿਆਰਪੁਰ | ਗੜ੍ਹਸ਼ੰਕਰ ਦੇ ਪਿੰਡ ਚੌਹੜਾ ਵਿਖੇ ਬਾਬੇ ਵਲੋਂ ਇਕ ਪਰਿਵਾਰ ਨੂੰ ਭੂਤਾਂ-ਪ੍ਰੇਤਾਂ ਦਾ ਡਰ ਪਾ ਕੇ ਅਤੇ ਲੜਕੀ ਦਾ ਵਿਆਹ ਕਰਨ ਦਾ ਡਰਾਮਾ ਰਚ ਕੇ ਲਗਭਗ 25 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਗੁਰਦੇਵ ਕੌਰ ਪਤਨੀ ਰਾਜ ਕੁਮਾਰ ਪਿੰਡ ਚੌਹੜਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਇੱਕ ਬਾਬਾ ਦਿਲਵਰ ਰਾਮ ਪੁੱਤਰ ਗੁਰਬਚਨ ਸਿੰਘ ਉਨ੍ਹਾਂ ਦੇ ਕਿਸੇ ਤਰ੍ਹਾਂ ਸੰਪਰਕ ਵਿੱਚ ਆਇਆ, ਜਿਸ ਨੇ ਉਨ੍ਹਾਂ ਦੇ ਘਰ ਦੇ ਵਿੱਚ ਭੂਤਾਂ-ਪ੍ਰੇਤਾਂ ਦਾ ਵਾਸ ਦੱਸਕੇ ਪਰਿਵਾਰ ਨੂੰ ਮਾਨਸਿਕ ਤੌਰ ‘ਤੇ ਡਰਾ ਦਿੱਤਾ।

ਉਨ੍ਹਾਂ ਦੱਸਿਆ ਕਿ ਦਿਲਵਰ ਬਾਬੇ ਨੇ ਉਪਾਹ ਕਰਨ ਲਈ ਘਰ ਦੇ ਵਿੱਚ ਪੂਜਾ-ਪਾਠ ਅਤੇ ਕਈ ਤਰ੍ਹਾਂ ਦੇ ਪਾਖੰਡ ਕਰ ਕੇ ਲੱਖਾਂ ਰੁਪਏ ਠੱਗ ਲਏ। ਗੁਰਦੇਵ ਕੌਰ ਨੇ ਦੱਸਿਆ ਕਿ ਉਹ ਪਿੰਡ ਚੌਹੜਾ ਵਿਖੇ ਪਿਛਲੇ ਕੁੱਝ ਮਹੀਨਿਆਂ ਤੋਂ ਰਹੀ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਪਿੰਡ ਵਿੱਚ ਜਾਣ-ਪਛਾਣ ਘੱਟ ਹੈ। ਗੁਰਦੇਵ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਆਂ 6 ਲੜਕੀਆਂ ਅਤੇ 2 ਲੜਕੇ ਹਨ ਅਤੇ ਉਨ੍ਹਾਂ ਦੇ ਪਤੀ ਸਰਕਾਰੀ ਨੌਕਰੀ ਤੋਂ ਰਿਟਾਇਰਡ ਹਨ ਅਤੇ ਅਪਾਹਿਜ ਹਨ, ਜੋ ਕਿ ਤੁਰਨ-ਫ਼ਿਰਨ ਅਤੇ ਬੋਲਣ ਵਿੱਚ ਵੀ ਅਸਮਰੱਥ ਹਨ। ਬਾਬਾ ਦਿਲਬਰ ਨੇ ਉਨ੍ਹਾਂ ਨੂੰ ਆਪਣੇ ਵਿਸ਼ਵਾਸ ਵਿੱਚ ਲੈ ਲਿਆ ਅਤੇ ਉਨ੍ਹਾਂ ਦੀ ਲੜਕੀ ਸੋਨੀਆ ਦਾ ਰਿਸ਼ਤਾ ਪ੍ਰਦੀਪ ਸਿੰਘ ਪੁੱਤਰ ਬਲਜੀਤ ਸਿੰਘ ਲੁਧਿਆਣਾ ਨਾਲ ਕਰਵਾਇਆ ਅਤੇ ਉਨ੍ਹਾਂ ਵਿਆਹ ਤੋਂ ਬਾਅਦ 25 ਤੋਂ 30 ਲੱਖ ਖਰਚਾ ਕਰ ਕੇ ਲੜਕੀ ਨੂੰ ਵਿਦੇਸ਼ ਲੈ ਕੇ ਜਾਣ ਦੀ ਗੱਲ ਤਹਿ ਕੀਤੀ। ਉਨ੍ਹਾਂ ਦੱਸਿਆ ਕਿ ਬਾਬਾ ਦਿਲਬਰ ਨੇ ਲੜਕੀ ਦਾ ਵਿਆਹ ਉਨ੍ਹਾਂ ਦੇ ਡੇਰੇ ਕਰਨ ਦੀ ਗੱਲ ਕਹੀ ਅਤੇ ਵਿਆਹ ਦਾ ਸਾਰਾ ਪ੍ਰਬੰਧ ਖ਼ੁਦ ਕਰਨ ਦੀ ਗੱਲ ਕਹੀ, ਜਿਸ ਦੇ ਲਈ ਉਹ ਪਰਿਵਾਰ ਤੋਂ ਪੈਸੇ ਲੈਂਦਾ ਰਿਹਾ। ਪੀੜਤ ਪਰਿਵਾਰ ਨੇ ਦੱਸਿਆ ਕਿ ਵਿਆਹ ਵਾਲੇ ਦਿਨ ਸਾਡੇ ਵਲੋਂ ਬਾਬੇ ਦੇ ਡੇਰੇ ਸਾਰਾ ਪ੍ਰਬੰਧ ਕੀਤਾ ਗਿਆ ਸੀ ਅਤੇ ਲੜਕਾ ਵਿਆਹ ਦੇ ਵਿੱਚ ਬਿਨਾਂ ਤਿਆਰੀ ਤੋਂ ਆ ਗਿਆ ਅਤੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਵਿਆਹ ਵਿੱਚ ਲੜਕੇ ਨੂੰ ਵਾਰ-ਵਾਰ ਮਨਾਉਣ ‘ਤੇ ਉਹ ਤਿਆਰ ਤਾਂ ਹੋ ਗਿਆ ਪਰ ਰਸਮਾਂ ਦੌਰਾਨ ਉਸ ਨੇ ਲੜਕੀ ਨਾਲ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਇਸ ਤੋਂ ਬਾਅਦ ਬਾਬਾ ਦਿਲਬਰ ਲਾੜੇ ਨੂੰ ਲੈ ਕੇ ਫ਼ਰਾਰ ਹੋ ਗਿਆ। ਪੀੜਤ ਪਰਿਵਾਰ ਨੇ ਦੱਸਿਆ ਕਿ ਦਿਲਬਰ ਬਾਬੇ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਡਰਾਇਆ ਜਾ ਰਿਹਾ ਹੈ।ਹੁਣ ਪੀੜਤ ਪਰਿਵਾਰ ਨੇ ਬਾਬਾ ਦਿਲਬਰ ਅਤੇ ਲਾੜਾ ਪ੍ਰਦੀਪ ਸਿੰਘ ਪੁੱਤਰ ਬਲਜੀਤ ਸਿੰਘ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਦੂਜੇ ਪਾਸੇ ਦਿਲਬਰ ਬਾਬਾ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਗ਼ਲਤ ਦੱਸ ਰਿਹਾ ਹੈ। ਇਸ ਸਬੰਧ ਦੇ ਵਿੱਚ ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।