ਚੰਡੀਗੜ੍ਹ ਯੂਨੀਵਰਸਿਟੀ ਅਸ਼ਲੀਲ ਵੀਡੀਓ ਮਾਮਲਾ, FIR ਦਰਜ, ਰੰਗੇ ਹੱਥੀਂ ਫੜੀ ਗਈ ਸੀ ਦੋਸ਼ੀ ਕੁੜੀ

0
856


ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕੁੜੀਆਂ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਦੀ ਮੈਨੇਜਰ ਰੀਤੂ ਰਨੋਤ ਦੇ ਬਿਆਨਾਂ ‘ਤੇ ਐੱਫ.ਆਈ.ਆਰ. ਦਰਜ ਕਰ ਲਈ ਹੈ। ਫਿਲਹਾਲ ਕੁੜੀ ਪੁਲਿਸ ਹਿਰਾਸਤ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣਾਂ ਨੇ ਕੁੜੀ ਨੂੰ ਵੀਡੀਓ ਬਣਾਉਂਦੇ ਹੋਏ ਰੰਗੇ ਹੱਥੀਂ ਫੜਿਆ। ਦੂਜੇ ਪਾਸੇ ਮੰਤਰੀ ਗੁਰਮੀਤ ਮੀਤ ਹੇਅਰ ਨੇ ਮੋਹਾਲੀ ਦੇ ਡੀਸੀ ਤੇ ਐੱਸਐੱਸਪੀ ਨੂੰ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ।

ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਬਹੁਤ ਸਾਰੀਆਂ ਕੁੜੀਆਂ ਇੱਕ ਕਮਰੇ ਵਿੱਚ ਇਕੱਠੀਆਂ ਹਨ ਤੇ ਦੋਸ਼ੀ ਕੁੜੀ ਨੂੰ ਕਹਿ ਰਹੀਆਂ ਹਨ ਕਿ ‘ਦੀਦੀ ਕੁਝ ਹੋਆ ਹੈ ਯਾਰ… ਐਕਚੁਅਲੀ ਇਸ਼ੂ ਹੋਇਆ ਹੈ, ਸਾਰੀਆਂ ਕੁੜੀਆਂ ਥੋੜ੍ਹਾ ਪ੍ਰੇਸ਼ਾਨ ਚੱਲ ਰਹੀਆਂ ਹਨ। ਬਾਥਰੂਮ ਦਾ ਗੇਟ ਬੰਦ ਸੀ ਤੇ ਤੁਹਾਨੂੰ ਕਿਸੇ ਨੇ ਵੀਡੀਓ ਬਣਾਉਂਦੇ ਵੇਖਿਆ ਹੈ, ਸਾਰਿਆਂ ਨੇ ਵੇਖਿਆ ਹੈ। ਦੱਸ ਦੋ ਤੁਸੀਂ ਕੀ ਹੋਇਆ ਸੀ…?’ ਵਿਦਿਆਰਥਣਾਂ ਦੋਸ਼ੀ ਕੁੜੀ ਨੂੰ ਕਹਿ ਰਹੀਆਂ ਹਨ ਕਿ ਸਾਰੇ ਡਰੇ ਹੋਏ ਨੇ, ਸਾਨੂੰ ਨਹੀਂ ਪਤਾ ਕੀ ਐਕਸ਼ਨ ਹੋਵੇਗਾ, ਤੁਸੀਂ ਵੀਡੀਓ ਬਣਾਇਆ ਏ…? ਬੋਲ ਦਿਓ, ਦੋਸ਼ੀ ਕੁੜੀ ਇਹ ਮੰਨਦੀ ਹੈ ਕਿ ਉਸ ਨੇ ਵੀਡੀਓ ਇੱਕ ਮੁੰਡੇ ਦੇ ਕਹਿਣ ‘ਤੇ ਬਣਾਇਆ ਹੈ।

ਮੈਨੇਜਰ ਰੀਤੂ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸ ਨੂੰ ਵਾਰਡਨ ਰਾਜਵਿੰਦਰ ਕੌਰ ਦਾ ਫੋਨ ਆਇਆ ਜਿਸ ਨੂੰ ਹੋਸਟਲ ਦੀਆਂ ਕੁੜੀਆਂ ਨੇ ਫੋਨ ਕਰਕੇ ਦੱਸਿਆ ਸੀ ਕਿ ਇੱਕ ਕੁੜੀ ਵਿਦਿਆਰਥਣਾਂ ਦੀ ਬਾਥਰੂਮ ਵਿੱਚ ਵੀਡੀਓ ਬਣਾ ਰਹੀ ਸੀ। ਜਦੋਂ ਉਸ ਦਾ ਫੋਨ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਫੋਟੋ ਤੇ ਵੀਡੀਓ ਡਿਲੀਟ ਕਰ ਦਿੱਤੇ ਗਏ ਸਨ ਪਰ ਉਸ ਨੂੰ ਲਗਾਤਾਰ ਕੁਝ ਫੋਨ ਤੇ ਮੈਸੇਜ ਆ ਰਹੇ ਸਨ, ਜਿਸ ‘ਤੇ ਉਨ੍ਹਾਂ ਨੂੰ ਕੁੜੀ ‘ਤੇ ਸ਼ੱਕ ਹੋਇਆ।

ਮੈਨੇਜਰ ਰੀਤੂ ਨੇ ਦੋਸ਼ੀ ਕੁੜੀ ਨੂੰ ਸਪੀਕਰ ‘ਤੇ ਫੋਨ ਲਾ ਕੇ ਮੁੰਡੇ ਨੂੰ ਇਹ ਕਹਿਣ ਲਈ ਕਿਹਾ ਕਿ ਉਹ ਫੋਟੋ ਜਾਂ ਵੀਡੀਓ ਉਸ ਨੂੰ ਭੇਜ ਦੇਵੇ ਤਾਂ ਮੁੰਡੇ ਨੇ ਇੱਕ ਅਸ਼ਲੀਲ ਵੀਡੀਓ ਦਾ ਸਕ੍ਰੀਨਸ਼ਾਟ ਭੇਜ ਦਿੱਤਾ। ਸਖਤੀ ਨਾਲ ਪੁੱਛ-ਗਿੱਛ ਕਰਨ ‘ਤੇ ਦੋਸ਼ੀ ਕੁੜੀ ਸਭ ਕੁਝ ਮੰਨ ਗਈ ਕਿ ਵੀਡੀਓ ਉਸ ਨੇ ਹੀ ਬਣਾਈਆਂ ਸਨ। ਉਸ ਦਾ ਦੋਸਤ ਸ਼ਿਮਲਾ ਦਾ ਰਹਿਣ ਵਾਲਾ ਹੈ, ਜਿਸ ਨੂੰ ਇਹ ਵੀਡੀਓ ਤੇ ਫੋਟੋਆਂ ਉਸ ਨੇ ਭੇਜੀਆਂ ਸਨ।

ਦੱਸਿਆ ਜਾ ਰਿਹਾ ਹੈ ਕਿ ਜਿਸ ਮੁੰਡੇ ਨੂੰ ਕੁੜੀ ਨੇ ਵੀਡੀਓ ਭੇਜੀ ਹੈ ਤੇ ਜਿਸ ਨੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ, ਉਸ ਦੀ ਭਾਲ ਵਿੱਚ ਪੁਲਿਸ ਦੀ ਟੀਮ ਸ਼ਿਮਲਾ ਭੇਜੀ ਗਈ ਹੈ।

ਇਸ ਮਾਮਲੇ ਵਿੱਚ 8 ਕੁੜੀਆਂ ਵੱਲੋਂ ਖੁਦਕੁਸ਼ੀ ਕਰਨ ਦੀ ਗੱਲ ਵੀ ਕਹੀ ਜਾ ਰਹੀ ਸੀ ਪਰ ਪੰਜਾਬ ਸਰਕਾਰ ਨੇ ਇਸ ਨੂੰ ਫੇਕ ਖਬਰ ਦੱਸਿਆ ਤੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋਇਆ। ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਵੀ ਇਸ ਮਾਮਲੇ ਵਿੱਚ ਕਿਹਾ ਕਿ ਨਾ ਤਾਂ ਕਿਸੇ ਕੁੜੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਾ ਹੀ ਕੋਈ ਹਸਪਤਾਲ ਵਿੱਚ ਦਾਖਲ ਹੈ। ਮਨੀਸ਼ਾ ਗੁਲਾਟੀ ਖੁਦ ਯੂਨੀਵਰਸਿਟੀ ਪਹੁੰਚ ਰਹੀ ਹੈ, ਉਨ੍ਹਾਂ ਕਿਹਾ ਹੈ ਕਿ ਮੈਂ ਖੁਦ ਜਾ ਕੇ ਪਤਾ ਕਰਾਂਗੀ ਕਿ ਪੂਰਾ ਮਾਮਲਾ ਕੀ ਹੈ।