‘ਆਪ’ ਵਿਧਾਇਕ ਉਗੋਕੇ ਨੇ ਕਾਂਗਰਸੀ ਆਗੂ ਨੂੰ ਦਿੱਤੀ ਥਪੜ ਮਾਰ ਕੇ ਅੰਦਰ ਕਰਨ ਦੀ ਧਮਕੀ, ਵੀਡੀਓ ਵਾਇਰਲ

0
887

ਬਰਨਾਲਾ | ਜ਼ਿਲੇ ਦੇ ਪਿੰਡ ਸ਼ਹਿਣਾ ਵਿੱਚ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕ ਕਾਂਗਰਸੀ ਸਰਪੰਚ ਮਲਕੀਤ ਕੈਰ ਦੇ ਪੁੱਤਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਵਿਧਾਇਕ ਦੀ ਲੋਕਾਂ ਨਾਲ ਬਹਿਸ ਹੋ ਗਈ ਅਤੇ ਮਾਹੌਲ ਤਣਾਅਪੂਰਨ ਹੋ ਗਿਆ। ਮੌਕੇ ‘ਤੇ ਹੀ ਵਿਧਾਇਕ ਨੇ ਕਾਂਗਰਸੀ ਸਰਪੰਚ ਦੇ ਲੜਕੇ ਨੂੰ ਥੱਪੜ ਮਾਰ ਕੇ ਅੰਦਰ ਵੜਨ ਦੀ ਧਮਕੀ ਦਿੱਤੀ। ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ਤੋਂ ਬਾਅਦ ਸਿਆਸਤ ਗਰਮਾ ਗਈ ਹੈ।

ਦੱਸ ਦੇਈਏ ਕਿ ਸ਼ਹਿਣਾ ਖੇਤਰ ਵਿੱਚ ਪਹਿਲਾਂ ਤੋਂ ਚੱਲ ਰਹੇ ਸਿਹਤ ਕੇਂਦਰ ਨੂੰ ਮੁਹੱਲਾ ਕਲੀਨਿਕ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕੀਤਾ। ਸਰਪੰਚ ਦੇ ਲੜਕੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਵੱਡੀ ਗਿਣਤੀ ਵਿੱਚ ਲੋਕਾਂ ਨਾਲ ਉਥੇ ਪੁੱਜੇ। ਉਨ੍ਹਾਂ ਵਿਧਾਇਕ ਨੂੰ ਕਿਹਾ ਕਿ ਉਹ ਕਿਸੇ ਵੀ ਵਿਕਾਸ ਦਾ ਸਵਾਗਤ ਕਰਦੇ ਹਨ ਪਰ ਜੋ ਹਸਪਤਾਲ ਪਹਿਲਾਂ ਹੀ ਚੱਲ ਰਿਹਾ ਹੈ, ਉਸ ਨੂੰ ਹਸਪਤਾਲ ਹੀ ਰਹਿਣ ਦਿੱਤਾ ਜਾਵੇ। ਮੁਹੱਲਾ ਕਲੀਨਿਕ ਨਾ ਬਣਾਏ ਜਾਣ। ਲੋਕਾਂ ਦੇ ਵਿਰੋਧ ਦੇ ਬਾਵਜੂਦ ਅਜਿਹਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਸ ਹਸਪਤਾਲ ਦਾ ਵਿਸਥਾਰ ਕਰਨ ਦਾ ਵਾਅਦਾ ਕੀਤਾ ਸੀ। ਸਗੋਂ ਹੁਣ ਇਸ ਨੂੰ ਮੁਹੱਲਾ ਕਲੀਨਿਕ ਦਾ ਨਾਂ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਤੁਸੀਂ ਵਿਰੋਧ ਕਰ ਰਹੇ ਹੋ, ਜੇਕਰ ਤੁਹਾਨੂੰ ਥੱਪੜ ਮਾਰ ਕੇ ਅੰਦਰ ਕੀਤਾ ਜਾਂਦਾ ਤਾਂ ਤੁਹਾਨੂੰ ਪਤਾ ਲੱਗ ਜਾਣਾ ਸੀ। ਜਿਸ ਤੋਂ ਬਾਅਦ ਲੋਕਾਂ ਨੇ ਵਿਰੋਧ ‘ਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੌਕੇ ’ਤੇ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ, ਜਿਨ੍ਹਾਂ ਨੇ ਦਖ਼ਲ ਦਿੱਤਾ ਅਤੇ ਇਸ ਮਗਰੋਂ ਵਿਧਾਇਕ ਨੇ ਇਸ ਦਾ ਉਦਘਾਟਨ ਕੀਤਾ।

ਵਿਧਾਇਕ ਨੇ ਕਿਹਾ ਕਿ ਅਜਿਹੇ ਮੁੱਦਿਆਂ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਦੂਜੇ ਪਾਸੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਾਲਾ ਢਿੱਲੋਂ ਨੇ ਕਿਹਾ ਕਿ ਜਨਤਾ ਦੇ ਚੁਣੇ ਹੋਏ ਵਿਧਾਇਕ ਦੀ ਅਜਿਹੀ ਸ਼ਬਦਾਵਲੀ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਆਮ ਆਦਮੀ ਕਹਾਉਣ ਵਾਲਿਆਂ ਨੂੰ ਹੁਣ ਸੱਤਾ ਹਜ਼ਮ ਨਹੀਂ ਹੋ ਰਹੀ। ਇਸ ਕਾਰਨ ਆਮ ਲੋਕਾਂ ਵਿੱਚ ਖੜ੍ਹ ਕੇ ਅਜਿਹੀ ਭਾਸ਼ਾ ਵਰਤੀ ਜਾ ਰਹੀ ਹੈ। ਮੁੱਖ ਮੰਤਰੀ ਨੂੰ ਇਸ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ।