ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗਣ ਦੇ ਬਾਵਜੂਦ ਮੁੰਬਈ ਦੀ 63 ਸਾਲਾ ਔਰਤ ਦੀ ਕੋਰੋਨਾ ਨਾਲ ਮੌਤ

0
1718

ਮੁੰਬਈ | ਮੁੰਬਈ ‘ਚ ਕੋਰੋਨਾ ਵਾਇਰਸ ਦੇ ਡੈਲਟਾ ਪਲੱਸ ਵੇਰੀਐਂਟ ਨਾਲ 63 ਸਾਲਾ ਔਰਤ ਦੀ ਮੌਤ ਹੋ ਗਈ। ਵੱਡੀ ਗੱਲ ਇਹ ਹੈ ਕਿ ਇਸ ਬਜ਼ੁਰਗ ਔਰਤ ਦੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਈਆਂ ਸਨ।

ਮਹਾਰਾਸ਼ਟਰ ‘ਚ ਮੌਤ ਦਾ ਤੀਜਾ ਮਾਮਲਾ

ਮਹਾਰਾਸ਼ਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ‘ਚ ਡੈਲਟਾ ਪਲੱਸ ਵੇਰੀਐਂਟ ਦੇ ਮਰੀਜ਼ ਦੀ ਮੌਤ ਦਾ ਇਹ ਤੀਜਾ ਮਾਮਲਾ ਹੈ। ਬੀਐੱਮਸੀ ਅਧਿਕਾਰੀਆਂ ਨੇ ਕਿਹਾ ਕਿ ਔਰਤ ਦੀ ਮੌਤ ਤੋਂ ਬਾਅਦ ਉਸ ਦੇ ਸੰਪਰਕ ‘ਚ ਰਹਿ ਰਹੇ ਘੱਟੋ-ਘੱਟ 2 ਕਰੀਬੀ ਲੋਕਾਂ ‘ਚ ਵੀ ਵਾਇਰਸ ਦੀ ਇਸ ਕਿਸਮ ਦੀ ਪੁਸ਼ਟੀ ਹੋਈ ਹੈ। ਵਾਇਰਸ ਦੀ ਇਹ ਕਿਸਮ ਕਾਫੀ ਖਤਰਨਾਕ ਹੈ।

ਇਸ ਔਰਤ ਦੀ 27 ਜੁਲਾਈ ਨੂੰ ਇਕ ਹਸਪਤਾਲ ਦੇ ਆਈਸੀਯੂ ‘ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਅਧਿਕਾਰੀ ਮੁਤਾਬਕ ਜੀਨੋਮ ਸੀਰੀਜ਼ ਟੈਸਟ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ 11 ਅਗਸਤ ਨੂੰ ਪਤਾ ਲੱਗਾ ਕਿ ਔਰਤ ਡੈਲਟਾ ਪਲੱਸ ਵੇਰੀਐਂਟ ਤੋਂ ਪੀੜਤ ਸੀ।

ਕੋਰੋਨਾ ਵੈਕਸੀਨ ਦੀਆਂ ਲੱਗੀਆਂ ਸਨ ਦੋਵੇਂ ਡੋਜ਼

ਉਨ੍ਹਾਂ ਦੱਸਿਆ ਕਿ ਇਸ ਔਰਤ ਨੂੰ ਕੋਵੀਸ਼ੀਲਡ ਦੀਆਂ ਦੋਵੇਂ ਖੁਰਾਕਾਂ ਲਾਈਆਂ ਗਈਆਂ ਸਨ ਪਰ 21 ਜੁਲਾਈ ਨੂੰ ਇਹ ਇਨਫੈਕਟਡ ਪਾਈ ਗਈ ਤੇ ਉਸ ਵਿੱਚ ਸਿਰਦਰਦ, ਸੁਆਦ ਚਲੇ ਜਾਣ ਦੇ ਲੱਛਣ ਸਨ। ਅਧਿਕਾਰੀ ਮੁਤਾਬਕ ਉਸ ਨੂੰ ਸਟੀਰਾਇਡ ਤੇ ਰੇਮਡੇਸਿਵਿਰ ਦਿੱਤੀ ਗਈ ਤੇ ਉਹ ਕਿਸੇ ਯਾਤਰਾ ‘ਤੇ ਵੀ ਨਹੀਂ ਗਈ ਸੀ।