“ਇਕ ਸਮਾਂ ਆਵੇਗਾ ਜਦੋਂ ਸਾਡੀ ਚੁੱਪ ਸਾਡੇ ਸ਼ਬਦਾਂ ਨਾਲੋਂ ਜ਼ਿਆਦਾ ਬੋਲੇਗੀ”

0
4721
ਲੇਖਿਕਾ ਰਜਨੀਸ਼ ਕੌਰ ਰੰਧਾਵਾ ਪੱਤਰਕਾਰ ਹਨ, ਜੋ ਜਲੰਧਰ ਜ਼ਿਲ੍ਹੇ ਦੇ ਪਿੰਡ ਰੰਧਾਵਾ ਮਸੰਦਾ ਵਿਚ ਰਹਿੰਦੇ ਹਨ । ਅੱਜਕੱਲ੍ਹ ਪੰਜਾਬੀ ਜਾਗਰਣ ਨਾਲ ਜੁੜੇ ਹਨ ਤੇ ਲਗਾਤਾਰ ਸਮਾਜਿਕ ਮੁੱਦਿਆ ‘ਤੇ ਲਿਖਦੇ ਰਹਿੰਦੇ ਹਨ

ਇਕ ਮਈ ਦਾ ਦਿਨ ਦੁਨੀਆ ਭਰ ਦੇ ਮਿਹਨਤਕਸ਼ਾਂ ਲਈ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਮਈ ਦਿਵਸ ਮਜ਼ਦੂਰਾਂ ਲਈ ਇਕ ਅਜਿਹੇ ਇਤਹਾਸਕ ਦਿਹਾੜੇ ਵਜੋਂ ਜਾਣਿਆ ਜਾਂਦਾ ਹੈ। ਜਿਹੜਾ ਕਿ ਦੁਨੀਆ ਦੇ ਸਾਰੇ ਹੀ ਦੇਸ਼ਾਂ ਵਿਚ ਬਹੁਤ ਹੀ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਇਤਿਹਾਸਕ ਦਿਹਾੜੇ ਦਾ ਇਤਿਹਾਸ ਬਹੁਤ ਹੀ ਸੰਘਰਸ਼ਾਂ ਵਾਲਾ ਇਤਿਹਾਸ ਵੀ ਹੈ ਤੇ ਮਜ਼ਦੂਰ ਲਹਿਰ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਵਿਰਸਾ ਵੀ ਹੈ। ਮਜ਼ਦੂਰ ਦਿਵਸ ਦਾ ਇਤਿਹਾਸ 132 ਸਾਲ ਪੁਰਾਣਾ ਹੈ। ਮਜ਼ਦੂਰਂ ਨੇ ਕੰਮ ਦੇ ਘੰਟੇ ਤੈਅ ਕਰਨ ਦੀ ਮੰਗ ਨੂੰ ਲੈ ਕੇ 1877 ਵਿਚ ਇਹ ਅੰਦੋਨਲਨ ਸ਼ੁਰੂ ਕੀਤਾ ਸੀ। ਇਸ ਦੌਰਾਨ ਇਹ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਫੈਲਣ ਲੱਗਾ। 1886 ਵਿਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ ‘ਚ ਵਾਪਰੇ ਉਸ ਖੂਨੀ ਸਾਕੇ ਨਾਲ ਇਸ ਦਾ ਇਤਿਹਾਸ ਜੁੜਿਆ ਹੋਇਆ ਹੈ। ਜਿਸ ਦੌਰਾਨ ਮਜ਼ਦੂਰਾਂ ਨੇ ਆਪਣੀ ਮਜ਼ਦੂਰੀ ਦਾ ਸਮਾਂ ਨਿਸ਼ਚਿਤ ਕਰਨ ਲਈ ਤੇ ਆਪਣੀਆਂ ਹੋਰ ਮੰਗਾਂ ਦੀ ਪ੍ਰਾਪਤੀ ਵਾਸਤੇ ਸ਼ਾਂਤਮਈ ਰੋਸ ਮੁਜ਼ਾਹਰਾ ਕਰਕੇ ਮਿੱਲ ਮਾਲਕਾਂ ਨੂੰ ਇਸ ਸਬੰਧੀ ਆਪਣਾ ਮੰਗ ਪੱਤਰ ਦਿੱਤਾ ਸੀ।
ਰੋਸ ਮੁਜ਼ਾਹਰਾ ਕਰ ਰਹੇ ਮਜ਼ਦੂਰਾਂ ‘ਤੇ ਮਿੱਲ ਮਾਲਕਾਂ ਦੀ ਸ਼ਹਿ ‘ਤੇ ਪੁਲਿਸ ਨੇ ਗੋਲੀਆਂ ਦਾ ਮੀਂਹ ਵਰ੍ਹਾ ਕੇ ਅਨੇਕਾਂ ਮਜ਼ਦੂਰਾਂ ਨੂੰ ਸ਼ਹੀਦ ਕਰ ਦਿੱਤਾ ਤੇ ਉਨ੍ਹਾਂ ਦੇ ਆਗੂਆਂ ਉੱਪਰ ਝੂਠੇ ਕੇਸ ਪਾ ਕੇ ਉਨ੍ਹਾਂ ਨੂੰ ਵੀ ਫਾਂਸੀ ‘ਤੇ ਚਾੜ੍ਹ ਦਿੱਤਾ ਗਿਆ। ਸ਼ਿਕਾਗੋ ਦੀ ਧਰਤੀ ‘ਤੇ ਡੁੱਲ੍ਹੇ ਖ਼ੂਨ ਸਦਕਾ ਮਈ ਦਿਵਸ ਇਤਿਹਾਸ ਵਿਚ ਸਮਾਜਕ ਤਬਦੀਲੀ ਲਈ ਲੜੀ ਜਾ ਰਹੀ ਜੰਗ ਦਾ ਇਕ ਪ੍ਰਤੀਕ ਬਣ ਗਿਆ। ਇਸ ਪਵਿੱਤਰ ਦਿਹਾੜੇ ‘ਤੇ ਕਿਰਤੀ ਜਥੇਬੰਦੀਆਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰ ਮਿਹਨਤੀ ਲੋਕਾਂ ਦੇ ਵੱਡੇ-ਵੱਡੇ ਇਕੱਠ ਕਰਦੀਆਂ ਹਨ ਤੇ ਸ਼ਿਕਾਗੋ ਦੇ ਉਹਨਾਂ ਅਮਰ ਸ਼ਹੀਦਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕਰਦੀਆਂ ਹਨ, ਜਿਹਨਾਂ ਨੇ 1886 ਵਿਚ ਕੰਮ ਦੀ ਦਿਹਾੜੀ ਦਾ ਸਮਾਂ ਘਟਾਕੇ 8 ਘੰਟੇ ਕਰਾਉਣ ਲਈ ਲੜੇ ਗਏ ਲਹੂ-ਵੀਟਵੇਂ ਸੰਘਰਸ਼ ‘ਚ ਆਪਣੀਆਂ ਕੀਮਤੀ ਜਾਨਾਂ ਦੀ ਆਹੂਤੀ ਪਾਈ ਸੀ। ਇਹ ਇਕ ਅਜਿਹਾ ਮਹਾਨ ਦਿਹਾੜਾ ਬਣ ਗਿਆ ਜਿਹੜਾ ਕਿ ਵੱਖ-ਵੱਖ ਦੇਸ਼ਾਂ ‘ਚ ਉਤਸ਼ਾਹ ਨਾਲ ਮਨਾਇਆ ਜਾਣ ਲੱਗ। ਮਜ਼ਦੂਰ ਦਿਵਸ ਦਾ ਇਤਿਹਾਸ 19ਵੀਂ ਸਦੀ ਦੇ ਅੱਠਵੇਂ ਦਹਾਕੇ ਤੋਂ ਸ਼ੁਰੂ ਹੋਇਆ। ਉਸ ਵੇਲੇ ਯੂਰਪ ਦੇ ਮੁਲਕਾਂ ਵਾਂਗ ਅਮਰੀਕਾ ‘ਚ ਵੀ ਮਜ਼ਦੂਰਾਂ ਅੰਦਰ ਵਿਆਪਕ ਬੇਚੈਨੀ ਫੈਲੀ ਹੋਈ ਸੀ। ਇਸ ਬੇਚੈਨੀ ਦੇ ਪ੍ਰਗਟਾਵੇ ਵਜੋਂ ਹੀ ਪਹਿਲੀ ਮਈ 1886 ਨੂੰ ਅਮਰੀਕਾ ਦੇ ਸਾਰੇ ਵੱਡੇ-ਵੱਡੇ ਸਨਅੱਤੀ ਸ਼ਹਿਰਾਂ ‘ਚ ਮਜ਼ਦੂਰਾਂ ਨੇ ਇਕ ਦਿਨ ਦੀ ਰੋਸ ਹੜਤਾਲ ਕੀਤੀ ਸੀ। ਇਸ ਹੜਤਾਲ ਦੀ ਮੁੱਖ ਮੰਗ ਸੀ 8 ਘੰਟੇ ਦੀ ਦਿਹਾੜੀ ਤੈਅ ਕਰਵਾਉਣਾ, ਕਿਉਂਕਿ ਉਸ ਵੇਲੇ ਮਜ਼ਦੂਰਾਂ ਤੋਂ 12-14 ਘੰਟੇ ਕੰਮ ਲੈਣਾ ਇਕ ਆਮ ਗੱਲ ਸੀ। ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ਇਹ ਲੜਾਕੂ ਹੜਤਾਲ ਸਭ ਤੋਂ ਵੱਧ ਹੋਈ ਜਿੱਥੇ ਕਿ ਹਜ਼ਾਰਾਂ ਮਜ਼ਦੂਰਾਂ ਨੇ ਇਸ ਵਿਚ ਭਾਗ ਲਿਆ। 3 ਮਈ ਨੂੰ ਹੜਤਾਲੀ ਮਜ਼ਦੂਰਾਂ ਦੀ ਹੋ ਰਹੀ ਇਕ ਮੀਟਿੰਗ ਵਿਚ ਪੁਲਿਸ ਵਲੋਂ ਵਹਿਸ਼ੀ ਜ਼ੁਲਮ ਢਾਹਿਆ ਗਿਆ। ਜਿਸ ਵਿਚ 6 ਮਜ਼ਦੂਰ ਸ਼ਹੀਦ ਹੋ ਗਏ। ਗ਼ਰੀਬ ਮਜ਼ਦੂਰਾਂ ਉੱਪਰ ਪੁਲਿਸ ਦੀ ਇਸ ਵਹਿਸ਼ੀਆਨਾ ਕਾਰਵਾਈ ਵਿਰੁੱਧ ਰੋਸ ਪ੍ਰਗਟ ਕਰਨ ਲਈ ਅਗਲੇ ਦਿਨ 4 ਮਈ ਨੂੰ ਮਜ਼ਦੂਰਾਂ ਨੇ ਸ਼ਿਕਾਗੋ ਸ਼ਹਿਰ ਦੀ ‘ਹੇਅ ਮਾਰਕੀਟ (ਘਾਹ-ਮੰਡੀ) ਚੌਂਕ ਵਿਚ ਇਕ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਨੂੰ ਤੋੜਨ ਲਈ ਹਾਕਮਾਂ ਵੱਲੋਂ ਇਕ ਛਡਯੰਤਰ ਤਹਿਤ ਬੰਬ ਸੁੱਟਿਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਬੰਬ ਸੁੱਟਣ ਦੇ ਬਹਾਨੇ ਨੂੰ ਲੈ ਕੇ ਮਜ਼ਦੂਰਾਂ ਦੇ ਜਲੂਸ ਉੱਪਰ ਧਾਵਾ ਬੋਲ ਦਿੱਤਾ। ਇਹ ਬੰਬ ਵਿਸਫੋਟ ਇਕ ਸੰਕੇਤ ਸੀ ਜਿਸ ਤੋਂ ਪੁਲਿਸ ਨੇ ਤੇ ਸਥਾਨਕ ਫੌਜ਼ ਦੀ ਟੁਕੜੀ ਨੇ ਯੋਜਨਾਬੱਧ ਢੰਗ ਨਾਲ ਮੁਜ਼ਾਹਰਾਕਾਰੀਆਂ ਉੱਪਰ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। 4 ਮਜ਼ਦੂਰ ਸ਼ਹੀਦ ਹੋ ਗਏ ਅਤੇ ਮੁੱਠਭੇੜ ਵਿਚ ਕੁੱਝ ਪੁਲਿਸ ਅਧਿਕਾਰੀ ਵੀ ਮਾਰੇ ਗਏ।
ਇਸ ਜਾਬਰ ਖੂਨੀ ਘਟਨਾ ਉਪਰੰਤ ਨਾ ਸਿਰਫ਼ ਸ਼ਿਕਾਗੋ ਵਿਚ ਜਿਹੜਾ ਕਿ ਇਸ ਰੋਸ ਲਹਿਰ ਦਾ ਕੇਂਦਰ ਸੀ, ਬਲਕਿ ਸਮੁੱਚੇ ਦੇਸ਼ ਵਿਚ ਸਰਕਾਰ ਵੱਲੋਂ ਹੜਤਾਲੀ ਮਜ਼ਦੂਰਾਂ, ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਆਗੂਆਂ, ਵਿਰੁੱਧ ਵਹਿਸ਼ੀ ਜਵਾਬੀ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੈਂਕੜੇ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 8 ਆਗੂਆਂ ਉੱਤੇ ਸ਼ਿਕਾਗੋ ਸ਼ਹਿਰ ਵਿਚ ਹੋਏ ਰੋਸ ਮੁਜ਼ਾਹਰੇ ਦੀ ਅਗਵਾਈ ਕਰਨ ਦੇ ਦੋਸ਼ ਹੇਠ ਮੁਕੱਦਮਾ ਚਲਾਇਆ ਗਿਆ। ਮੁਕੱਦਮੇ ਦੌਰਾਨ, ਗ੍ਰਿਫ਼ਤਾਰ ਕੀਤੇ ਗਏ ਆਗੂਆਂ ਵੱਲੋਂ ਆਪਣੀ ਸਫਾਈ ਵਿਚ ਦਿੱਤੇ ਗਏ ਬਿਆਨਾਂ ਨਾਲ, ਇਹ ਮੁਕੱਦਮਾਂ ਉਨ੍ਹਾਂ ਵਿਰੁੱਧ ਨਹੀਂ ਬਲਕਿ ਪੂੰਜੀਵਾਦੀ ਪ੍ਰਨਾਲੀ ਵਿਰੁੱਧ ਇਕ ਫਤਵੇ ਦਾ ਰੂਪ ਧਾਰਨ ਕਰ ਗਿਆ। ਆਗੂਆਂ ਨੇ ਨਿਡਰਤਾ ਨਾਲ ਆਪਣੇ ਬੇਕਸੂਰ ਹੋਣ ਦੀ ਸਫਾਈ ਦਾ ਪੱਖ ਪੇਸ਼ ਕਰਦਿਆਂ ਜਮਾਤੀ ਗੌਰਵ ਦਾ ਭਰਪੂਰ ਸਬੂਤ ਦਿੱਤਾ। ਉਨ੍ਹਾਂ ਨੇ ਨਾ ਸਿਰਫ ਆਪਣੇ ਨਿਰਦੋਸ਼ ਹੋਣ ਦਾ ਪੱਖ ਪੇਸ਼ ਕੀਤਾ ਬਲਕਿ ਉਲਟਾ ਝੂਠੇ ਕੇਸ ਕਰਨ ਵਾਲੇ ਅਧਿਕਾਰੀਆਂ ਨੂੰ ਵੀ ਦੋਸ਼ੀਆ ਦੇ ਕਟਹਿਰੇ ਵਿਚ ਖੜ੍ਹੇ ਕਰ ਦਿੱਤਾ। ਜਿਹੜੇ ਆਗੂ ਗ੍ਰਿਫ਼ਤਾਰ ਨਹੀਂ ਕੀਤੇ ਜਾ ਸਕੇ ਸਨ ਉਹ ਆਪ ਅਦਾਲਤ ਵਿਚ ਪੇਸ਼ ਹੋ ਕੇ ਆਪਣੇ ਸਾਥੀਆਂ ਨਾਲ ਬੜੀ ਨਿਡਰਤਾ ਤੇ ਉਤਸ਼ਾਹ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਾ ਖਲੋਤੇ। ਭਾਵੇਂ ਕਿਸੇ ਵੀ ਆਗੂ ਦਾ ਬੰਬ ਧਮਾਕੇ ਲਈ ਦੋਸ਼ੀ ਹੋਣਾ ਸਾਬਤ ਨਹੀਂ ਹੋ ਸਕਿਆ ਫਿਰ ਵੀ 7 ਆਗੂਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਜਿਨ੍ਹਾਂ ਆਗੂਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਉਹ ਸਨ : ਅਲਬਰਟ ਪਾਰਸਨਜ਼, ਆਗਸਤ ਸਪਾਈਜ਼, ਸੈਮੂਅਲ ਫੀਲਡਜ਼, ਮਾਈਕਲ ਸ਼ਾਅਬ, ਲੂਈ ਕਿੰਗ, ਅਡੌਲਫ ਫਿਸ਼ਰ ਤੇ ਜਾਰਜ ਐਨਗਲ।
ਅਠਵੇਂ ਆਗੂ ਆਸਕਰ ਨੀਵ ਨੂੰ 15 ਸਾਲਾਂ ਦੀ ਕੈਦ ਸੁਣਾ ਦਿੱਤੀ ਗਈ। ਇਸ ਦੌਰਾਨ ਇਹ ਗੱਲ ਵੀ ਪੱਕੀ ਸਾਬਤ ਹੋ ਗਈ ਸੀ ਕਿ ਜਿਹਨਾਂ ਸਾਥੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਉਨ੍ਹਾਂ ‘ਚੋਂ ਸਿਰਫ਼ ਦੋ ਹੀ ਸਨ ਜਿਹੜੇ ਕਿ 4 ਮਈ ਦੇ ਰੋਸ ਮੁਜਾਹਰੇ ਵਿਚ ਸ਼ਾਮਲ ਸਨ। ਅਮਰੀਕੀ ਪੂੰਜੀਪਤੀਆਂ ਤੇ ਸਰਕਾਰ ਦੀ ਇਸ ਸ਼ਰਮਨਾਕ ਕਾਰਵਾਈ ਦਾ ਮਕਸਦ ਮਜ਼ਦੂਰਾਂ ਅੰਦਰ ਫੈਲੇ ਹੋਏ ਰੋਹ ਨੂੰ ਦਬਾਉਣਾ ਸੀ ਤੇ ਉਨ੍ਹਾਂ ਮਜ਼ਦੂਰਾਂ ਦੇ ਮਨ ਵਿਚ ਵੀ ਆਪਣਾ ਖੌਫ਼ ਪੈਦਾ ਕਰਨਾ ਸੀ ਜਿਹੜੇ ਕਿ ਅਜੇ ਸੰਘਰਸ਼ ਕਰਨ ਵਾਲੇ ਮਜ਼ਦੂਰਾਂ ਦੇ ਨਾਲ ਮਿਲੇ ਨਹੀਂ ਸਨ। ਇਸ ਦੇ ਬਾਵਜੂਦ ਅਮਰੀਕਾ ਤੇ ਯੂਰਪ ਦੀਆਂ ਮਜ਼ਦੂਰ ਜੱਥੇਬੰਦੀਆਂ ਨੇ ਤੇ ਕੁੱਝ ਅਗਾਂਹਵਧੂ ਅਮਰੀਕਨਾਂ ਨੇ ਵੀ ਰੋਸ ਮੁਜ਼ਾਹਰੇ ਜੱਥੇਬੰਦ ਕੀਤੇ ਤੇ ਇਹ ਮੰਗ ਕੀਤੀ ਕਿ ਇਹ ਨਜ਼ਾਇਜ਼ ਸਜ਼ਾਵਾਂ ਰੱਦ ਕੀਤੀਆਂ ਜਾਣ। ਪਰੰਤੂ ਸਰਕਾਰ ਵੱਲੋਂ ਇਹ ਸਾਰੀਆਂ ਅਪੀਲਾਂ/ਦਲੀਲਾਂ ਅਣਸੁਣੀਆਂ ਕਰ ਦਿੱਤੀਆਂ ਗਈਆਂ। ਕੇਵਲ ਫੀਲਡਜ਼ ਤੇ ਸ਼ਾਅਬ ਦੀਆਂ ਮੌਤ ਦੀਆਂ ਸਜ਼ਾਵਾਂ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਗਿਆ। ਲੂਈ ਕਿੰਗ ਦਾ ਜੇਲ੍ਹ ਵਿਚ ਹੀ ਦਿਹਾਂਤ ਹੋ ਗਿਆ ਅਤੇ ਬਾਕੀ 4 ਯੋਧਿਆਂ-ਅਲਬਰਟ ਪਾਰਸਨਜ਼, ਆਗਸਤ ਸਪਾਈਜ਼, ਜਾਰਜ ਐਨਗਲ ਤੇ ਅਡੌਲਫ ਫਿਸ਼ਰ ਨੂੰ 11 ਨਵੰਬਰ 1887 ਨੂੰ ਫਾਂਸੀ ਦੇ ਤਖ਼ਤੇ ‘ਤੇ ਲਟਕਾ ਦਿੱਤਾ ਗਿਆ। ਇਨ੍ਹਾਂ ਬਹਾਦਰਾਂ ਨੇ ਹੱਸ-ਹੱਸ ਕੇ ਫਾਂਸੀ ਦੇ ਰੱਸੇ ਚੁੰਮੇ। ਫਾਂਸੀ ਦੇ ਤਖ਼ਤੇ ਵੱਲ ਵਧਦਿਆਂ ਸਪਾਈਜ਼ ਦੇ ਅੰਤਮ ਸ਼ਬਦ ਸਨ :
‘ਇਕ ਸਮਾਂ ਆਵੇਗਾ ਜਦੋਂ ਸਾਡੀ ਚੁੱਪ ਸਾਡੇ ਸ਼ਬਦਾਂ ਨਾਲੋਂ ਜ਼ਿਆਦਾ ਬੋਲੇਗੀ।’

ਦੂਜੇ ਪਾਸੇ, ਜਿਹਨਾਂ ਤਿੰਨ ਆਗੂਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਉਨ੍ਹਾਂ ਨੂੰ 1893 ਵਿਚ ਰਿਹਾਅ ਕਰ ਦਿੱਤਾ ਗਿਆ। ਈਲੀਅਨਜ਼ ਪ੍ਰਾਂਤ, ਜਿਸ ਵਿਚ ਸ਼ਿਕਾਗੋ ਸ਼ਹਿਰ ਪੈਂਦਾ ਹੈ, ਦੇ ਗਵਰਨਰ ਨੂੰ ਇਹ ਮੰਨਣਾ ਪਿਆ ਸੀ ਕਿ ਇਨ੍ਹਾਂ ਆਗੂਆਂ ਉੱਪਰ ਲਾਏ ਜ਼ੁਰਮ ਸਾਬਤ ਨਹੀਂ ਸਨ ਹੋ ਸਕੇ ਤੇ ਫਾਂਸੀ ਚਾੜ੍ਹੇ ਗਏ ਆਗੂਆਂ ਦੀ ਤਰ੍ਹਾਂ ਇਹ ਵੀ ਅਦਾਲਤ ਦੀ ਪੱਖਪਾਤੀ ਪਹੁੰਚ ਦੇ ਸ਼ਿਕਾਰ ਹੋਏ ਸਨ। ਇਹ ਵੀ ਸਿੱਧ ਹੋ ਗਿਆ ਕਿ ਮੁਕੱਦਮੇ ਦੇ ਮੁੱਖ ਗਵਾਹ ਨੂੰ ਵੱਢੀ ਦਿੱਤੀ ਗਈ ਸੀ। ਇਸ ਤਰ੍ਹਾਂ ਅਮਰੀਕੀ ਪੂੰਜੀਵਾਦੀ ਨਿਆਂ-ਪ੍ਰਣਾਲੀ ਦਾ ਭਾਂਡਾ ਸਮੁੱਚੀ ਦੁਨੀਆਂ ਦੇ ਸਾਹਮਣੇ ਚੁਰਾਹੇ ਵਿਚ ਭੱਜ ਗਿਆ।
ਸੰਸਾਰ ਭਰ ਦੀ ਕਿਰਤੀ ਲਹਿਰ ਵਲੋਂ ਸ਼ਿਕਾਗੋ ਦੇ ਇਸ ਮੁਕੱਦਮੇ ਨੂੰ ‘ਹੇਅ ਮਾਰਕੀਟ ਕੇਸ’ ਦਾ ਨਾਂਅ ਦਿੱਤਾ ਗਿਆ ਤੇ ਇਸ ਕੇਸ ਵਿਚ ਫਾਂਸੀ ਲਾ ਕੇ ਸ਼ਹੀਦ ਕੀਤੇ ਗਏ ਆਗੂਆਂ ਨੂੰ ਸ਼ਿਕਾਗੋ ਦੇ ਸ਼ਹੀਦ ਕਹਿ ਕੇ ਸਤਿਕਾਰ ਦਿੱਤਾ ਜਾਂਦਾ ਹੈ। ਝੂਠੇ ਕੇਸ ਪਾ ਕੇ ਸ਼ਹੀਦ ਕੀਤੇ ਗਏ ਇਨ੍ਹਾਂ ਆਗੂਆਂ ਦੀ ਸ਼ਹਾਦਤ ਨਾਲ ਦੁਨੀਆਂ ਭਰ ਦੇ ਮਜ਼ਦੂਰਾਂ ਵਿਚ ਵਿਆਪਕ ਰੋਹ ਭੜਕਿਆ। ਇਸ ਪਿਛੋਕੜ ਵਿਚ 1889 ਵਿਚ ਪੈਰਿਸ ਵਿਖੇ ਹੋਈ ਅੰਤਰ-ਰਾਸ਼ਟਰੀ ਵਰਕਿੰਗ ਮੈਨਜ਼ ਐਸੋਸੀਏਸ਼ਨ ਦੀ ਕਾਂਗਰਸ ਵਿਚ ਫੈਸਲਾ ਕੀਤਾ ਗਿਆ ਕਿ ਅਗਲੇ ਸਾਲ ਭਾਵ 1890 ਤੋਂ ਹਰ ਸਾਲ ਪਹਿਲੀ ਮਈ ਦੇ ਦਿਨ ਨੂੰ ਮਜ਼ਦੂਰ ਜਮਾਤ ਦੇ ਅੰਤਰ-ਰਾਸ਼ਟਰੀ ਇਕਮੁਠਤਾ ਦਿਵਸ ਵਜੋਂ ਮਨਾਇਆ ਜਾਇਆ ਕਰੇਗਾ। ਇਸ ਤਰ੍ਹਾਂ ਹੋਈ ਸੀ ਮਜ਼ਦੂਰਾਂ ਦੇ ਇਸ ਇਨਕਲਾਬੀ ਕੌਮਾਂਤਰੀ ਦਿਹਾੜੇ ਦੀ ਸ਼ੁਰੂਆਤ, ਮਜ਼ਦੂਰ ਦਿਵਸ ਦੀਆਂ ਇਨਕਲਾਬੀ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਹੋਇਆਂ ਰੂਸ ਅੰਦਰ ਵੀ ਮਜ਼ਦੂਰ ਜਮਾਤ ਦੀ ਅਗਵਾਈ ਵਿਚ 1917 ਵਿਚ ਮਹਾਨ ਅਕਤੂਬਰ ਇਨਕਲਾਬ ਹੋਇਆ ਜੋ ਪੂਰਨ ਰੂਪ ਵਿਚ ਕਾਮਯਾਬ ਰਿਹਾ। ਇਸ ਸਮੇਂ ਦੌਰਾਨ ਹੀ ਸੋਵੀਅਤ ਰੂਸ ਅੰਦਰ 1917 ਵਿਚ ਮਹਾਨ ਲੈਨਿਨ ਦੀ ਅਗਵਾਈ ਹੇਠ ਸਮਾਜਵਾਦੀ ਇਨਕਲਾਬ ਹੋਇਆ ਤੇ ਮਜ਼ਦੂਰ ਜਮਾਤ ਨੇ ਰਾਜ ਸੱਤਾ ਹਥਿਆ ਕੇ ਜਾਰਸ਼ਾਹੀ ਦੀਆਂ ਜੜ੍ਹਾਂ ਉਖਾੜ ਦਿੱਤੀਆਂ। ਮਾਨਵ ਸਮਾਜ ਦੇ ਇਤਿਹਾਸ ਵਿਚ ਇਕ ਨਵੇਂ ਯੁੱਗ ਨੂੰ ਜਨਮ ਦੇਣ ਵਾਲੀ ਇਸ ਮਹਾਨ ਘਟਨਾ ਨੇ ਵੀ ਮਜ਼ਦੂਰ ਦਿਵਸ ਦਾ ਮਹੱਤਵ ਹੋਰ ਵੀ ਜ਼ਿਆਦਾ ਵਧਾ ਦਿੱਤਾ।

ਇਹ ਸੀ ਸੁਨੇਹਾ ਮਜ਼ਦੂਰ ਦਿਵਸ ਦੀਆਂ ਇਨਕਲਾਬੀ ਰਵਾਇਤਾਂ ਦਾ ਜਿਸ ‘ਤੇ ਚਲਦਿਆਂ ਦੁਨੀਆਂ ਭਰ ਦੇ ਮਜ਼ਦੂਰਾਂ ਨੇ ਸਾਮਰਾਜੀ ਸ਼ਕਤੀਆਂ ਨਾਲ ਲੋਹਾ ਲਿਆ ਅਤੇ ਗੁਲਾਮ ਦੇਸ਼ਾਂ ਨੂੰ ਆਜ਼ਾਦੀ ਦੇ ਰਾਹਾਂ ਵੱਲ ਮੋੜਿਆ। ‘ਮਜ਼ਦੂਰ ਦਿਵਸ’ ਦੀਆਂ ਇਹ ਕੁਰਬਾਨੀਆਂ ਮਜ਼ਦੂਰਾਂ ਦੇ ਸੰਘਰਸ਼ਾਂ ਨੂੰ ਹਮੇਸ਼ਾਂ ਪ੍ਰੇਰਨਾ ਦਿੰਦੀਆਂ ਰਹਿਣਗੀਆਂ।