ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸੰਸਕਾਰ ਨੂੰ ਜਾਤੀ ਰੰਗਤ ਦੇਣ ਵਾਲੇ ਮਨੂੰਵਾਦੀ ਹਿੱਤਾਂ ਦੀ ਪਹਿਰੇਦਾਰੀ ਕਰ ਰਹੇ

0
3907

ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ

ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਅਤੇ ਪਦਮ ਸ੍ਰੀ ਨਿਰਮਲ ਸਿੰਘ ਖਾਲਸਾ ਜੀ ਦੀ ਸੋਗਮਈ ਮੌਤ ਤੋਂ ਬਾਅਦ ਇਹ ਅਵਾਜਾਂ ਉੱਠ ਰਹੀਆਂ ਹਨ ਕਿ ਭਾਈ ਸਾਹਿਬ ਦਾ ਸਸਕਾਰ ਰੋਕਣ ਵਿੱਚ ਕਿਤੇ ਨਾ ਕਿਤੇ ਜਾਤ-ਪਾਤ ਦਾ ਰੌਲਾ ਸੀ । ਇਲਜਾਮ ਹੈ ਕਿ ਜਿਵੇਂ ਭਾਈ ਸਾਹਿਬ ਨੇ ਇੱਕ ਸੈਮੀਨਾਰ ਵਿੱਚ ਬੋਲਿਆ ਸੀ ਕਿ ਮੈਂ ਮਜਬੀ ਸਿੱਖਾਂ ਦਾ ਪੰਜਵੀਂ ਪਾਸ ਗਰੀਬ ਬੱਚਾ ਹਾਂ ਪਰ ਮੇਰੇ ਗੁਰੂ ਦੀ ਬਖਸ਼ਿਸ ਸਦਕਾ ਮੇਰੀਆਂ ਲਿਖੀਆਂ ੨ ਪੁਸਤਕਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਿਲੇਬਸ ਦਾ ਹਿੱਸਾ ਹਨ। ਗੁਰੂ ਦੇ ਇਸ ਨਿਮਾਣੇ ਤੇ ਗਰੀਬ ਸਿੱਖ ਤੇ ੨੬ ਵਿਦਿਆਰਥੀ ਪੀ.ਐਚ. ਡੀ .ਕਰ ਚੁੱਕੇ ਹਨ ਜਾਂ ਫਿਰ ਕਰ ਰਹੇ ਹਨ (ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਅਤੇ ਪਦਮ ਸ੍ਰੀ ਨਿਰਮਲ ਸਿੰਘ ਖਾਲਸਾ) ਦੇ ਕਾਰਨ ਹੀ ਵੇਰਕਾ ਵਾਸੀਆਂ ਨੇ ਵਿਰੋਧ ਕੀਤਾ ਤੇ ਪਦਮ ਸ੍ਰੀ ਦੀ ਉਪਾਧੀ ਲੈਣ ਤੋਂ ਬਾਅਦ ਵੀ ਉੱਚ ਜਾਤੀ ਦੇ ਲੋਕਾਂ ਨੇ ਉਹਨਾਂ ਨੂੰ ਸਵਿਕਾਰਿਆ ਨਹੀਂ ਇਹ ਕਿੰਨਾ ਕੁ ਠੀਕ ਹੈ ਅੱਗੇ ਵਿਚਾਰਦੇ ਹਾਂ?
ਕੁੱਝ ਲੋਕ ਉਹਨਾਂ ਦੀ ਸ਼੍ਰੋਮਣੀ ਕਮੇਟੀ ਨੂੰ ਲਿਖੀ ਦੁਖੜੇ ਭਰੀ ਚਿੱਠੀ ਦਾ ਵੀ ਜਿਕਰ ਕਰਦੇ ਹਨ ਜਿਸ ਦਾ ਹਵਾਲਾ ਦੇ ਕੇ ਉਹ ਜਾਤ ਪਾਤ ਦੇ ਪੱਖ ਨੂੰ ਹੀ ਉਜਾਗਰ ਕਰਦੇ ਹਨ ਇਸ ਨੂੰ ਸਸਕਾਰ ਵਾਲੀ ਘਟਨਾ ਨਾਲ਼ ਜੋੜਨਾ ਕਿੰਨਾ ਕੁ ਠੀਕ ਹੈ? ਸਹੀ ਅਤੇ ਅਹਿਮ ਤੱਥ ਸਾਹਮਣੇ ਆਉਣੇ ਜਰੂਰੀ ਹਨ ਕਿਤੇ ਕੋਈ ਉਲਝਣ ਬਾਕੀ ਨਾ ਰਹਿ ਜਾਵੇ। ਉਸ ਚਿੱਠੀ ਵਿੱਚ ਭਾਈ ਸਾਹਿਬ ਨੇ ਉਸ ਸਮੇਂ ਦੇ ਹੈਡ ਗ੍ਰੰਥੀ ਮੋਹਣ ਸਿੰਘ ਵਲੋਂ ਉਹਨਾਂ ਪ੍ਰਤੀ ਦੋ ਵਾਰੀ ਜਾਤ ਚਿਤਾਰਨ ਵਾਲ਼ੇ ਲਫਜ਼ਾਂ ਦਾ ਜਿਕਰ ਕੀਤਾ ਹੈ।

ਕੀ ਇਹਨਾਂ ਗੱਲਾਂ ਕਰਕੇ ਕਿ ਉਹ ਮਜਬੀ ਸਿੱਖ ਸਨ, ਹੀ ਵੇਰਕਾ ਵਾਸੀਆਂ ਵਲੋਂ ਸਸਕਾਰ ਲਈ ਮਨਾ ਕੀਤਾ ਜਾਂ ਕੁੱਝ ਹੋਰ ਕਾਰਨ ਸਨ? ਇਹਨਾਂ ਦੀ ਪੜਤਾਲ਼ ਜਰੂਰੀ ਹੈ?

ਇਹਨਾਂ ਸਾਰੀਆਂ ਗੱਲਾਂ ਦੀ ਗੰਢ ਖੋਹਲਣ ਲਈ ਅੱਗੇ ਚੱਲਦੇ ਹਾਂ । ਸਾਰੀ ਸਥਿਤੀ ਸਾਫ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਈ ਸਾਹਿਬ ਨੂੰ ਹਜੂਰੀ ਰਾਗੀ ਦਾ ਰੁਤਬਾ ਹੁਨਰ, ਸੁਰੀਲੀ ਅਵਾਜ਼, ਸਿੱਖ ਹੋਣ ਦੇ ਗੁਣ ਕਾਰਨ ਹੀ ਮਿਲ਼ਿਆ ਸੀ, ਨਾ ਕਿ ਕੋਈ ਕੋਟੇ ਅਧੀਨ(ਰਿਜਰਵੇਸਨ ਅਧੀਨ)। ਉਹਨਾਂ ਦਾ ਪੰਥ ਵਿੱਚ ਸਤਿਕਾਰ ਪੰਥਕ ਸਖਸੀਅਤ ਅਤੇ ਗੁਰੂ ਰਾਮਦਾਸ ਜੀ ਦੇ ਘਰ ਦਾ ਕੀਰਤਨੀਆਂ ਹੋਣ ਕਾਰਨ ਹੀ ਸੀ ।ਸਾਰੀ ਉਮਰ ਕੌਮ ਨੇ ਉਹਨਾਂ ਨੂੰ ਵੱਡਾ ਸਤਿਕਾਰ ਦਿੱਤਾ ਅਤੇ ਕਿਸੇ ਨੇ ਜਾਤ ਨਹੀਂ ਪੁੱਛੀ ਜਦੋਂ ਉਹਨਾਂ ਨੂੰ ਘਰ ਜਾਂ ਹੋਰ ਵੱਡੇ ਸਮਾਗਮਾਂ ਵਿੱਚ ਕੀਰਤਨ ਕਰਨ ਲਈ ਬੁਲਾਇਆ।

ਅਪਰੇਸਨ ਬਲੈਕ ਥੰਡਰ ਵੇਲ਼ੇ ਮਰਿਆਦਾ ਕਾਇਮ ਰੱਖਣ ਲਈ ਭਾਈ ਸਾਹਿਬ ਨੇ ਗੋਲ਼ੀ ਬਾਰੀ ‘ਚ ਨੌ ਘੰਟੇ ਕੀਰਤਨ ਕੀਤਾ। ਇਹੋ ਜਿਹਾ ਰੋਲ ਸਾਕਾ ਨੀਲਾ ਤਾਰਾ ਵੇਲ਼ੇ ਗੁਰੂ ਦੇ ਹੋਰ ਲਾਲਾਂ ਨੇ ਵੀ ਅਦਾ ਕੀਤਾ ਸੀ ਜਦੋਂ ਹਾਲਾਤ ਹੋਰ ਵੀ ਭਿਅੰਕਰ ਸਨ। ਭਾਈ ਸਾਹਿਬ ਭਾਵੇ ਆਪਣੇ ਆਪ ਨੂੰ ਮਜਬੀ ਸਿੱਖਾਂ ਦਾ ਬੱਚਾ ਦੱਸਦੇ ਹਨ। ਉਹਨਾਂ ਦਾ ਆਪਣੇ ਆਪ ਨੂੰ ਮਜ੍ਹਬੀ ਸਿੱਖਾਂ ਦਾ ਬੱਚਾ ਦੱਸਣਾ ਸਿਰਫ ਤੇ ਸਿਰਫ ਗੁਰੂ ਪ੍ਰਤੀ ਸਮਰਪਣ ਅਤੇ ਊਚ ਨੀਚ ਛੂਤਛਾਤ ਤੋਂ ਉੱਪਰ ਸਿੱਖ ਧਰਮ ਦੀ ਮਹਾਨਤਾ ਨੂੰ ਦਰਸਾਉਣਾ ਹੀ ਸੀ। ਉਹਨਾਂ ਦੇ ਕਹਿਣ ਦਾ ਭਾਵ ਇਹ ਸੀ ਕਿ ਇਕੱਲਾ ਸਕੂਲ ਵਿੱਚ ਪੜ੍ਹਨ ਨਾਲ਼ ਹੀ ਗਿਆਨ ਨਹੀਂ ਹੁੰਦਾ, ਗਿਆਨ ਤਾਂ ਖੁਦ ਨੂੰ ਗੁਰੂ ਨੂੰ ਅਰਪਣ ਕਰਨ ਨਾਲ਼ ਹੀ ਮਿਲਦਾ ਹੈ, ਭਾਵੇਂ ਹੁਣ ਕਈ ਉਹਨਾਂ ਦੀ ਪਛਾਣ ਦਲਿਤ ਵਜੋਂ ਉਭਾਰ ਰਹੇ ਨੇ ਪਰ ਸਿੱਖੀ ਨੇ ਉਹ ਬੁਲੰਦੀਆਂ ਬਖਸੀਆਂ ਜੋ ਉਹ ਸੋਚ ਵੀ ਨਹੀਂ ਸੀ ਸਕਦੇ। ਗੁਰਬਾਣੀ ਦਾ ਫੁਰਮਾਣ ਹੈ- ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰ । ਰਿਦੈ ਰਾਮ ਗੋਬਿੰਦ ਗੁਨ ਸਾਰ ॥ਰਹਾਉ॥ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀਂ ਪਾਨੰ ॥ ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥ ਭਗਤਿ ਭਾਗਉਤ ਲਿਖੀਅੇ ਤਿਹ ਊਪਰੇ ਪੂਜੀਏ ਕਰਿ ਨਮਸਕਾਰੰ ॥ ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ । ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਾਉਤਿ ਤੇਰੇ ਨਾਮ ਸਰਣਾਇ ਰਵਿਦਾਸ ਦਾਸਾ ॥੩॥ਪੰਨਾ ੧੨੯੩॥

ਸਮੁੱਚਾ ਸਿੱਖ ਇਤਿਹਾਸ ਅਤੇ ਸਿੱਖ ਫਿਲਾਸਫੀ ਜਾਤਪਾਤ ਦੀਆਂ ਖੋਖਲੀਆਂ ਰੀਤਾਂ ਨੂੰ ਨਕਾਰ ਕੇ ਇੱਕ ਪੰਥ ਨੂੰ ਹੀ ਮਾਨਤਾ ਦਿੰਦੀ ਹੈ। ਜਾਤ ਰਹਿਤ ਸਮਾਜ ਸਿਰਜਣਾ ਹੀ ਗੁਰੂਆਂ ਦਾ ਨਿਸਾਨਾ ਸੀ ।’ਸਿੱਖ ਦੀ ਕੋਈ ਜਾਤ ਨਹੀਂ ਜਾਤ ਵਾਲਾ ਸਿੱਖ ਨਹੀਂ’ ਦੇ ਸਿਧਾਤ ਦੀ ਦ੍ਰਿੜਤਾ ਹੀ ਸਿੱਖੀ ਦੇ ਮਹਿਕਾਂ ਬਿਖੇਰਦੇ ਬੂਟੇ ਦੀ ਸ਼ਾਨ ਹੈ।

ਕਈ ਭੁਲੱਕੜ ਵੀਰ ਸਿੱਖ ਇਤਿਹਾਸ ਦੇ ਨਾਇਕਾਂ ਨੂੰ ਜਾਤਪਾਤ ਦੇ ਰੂੜੀਵਾਦੀ ਬੰਧਨਾ ਵਿੱਚ ਬੰਨ ਕੇ ਸਿੱਖੀ ਨੂੰ ਮੰਨੂਵਾਦ ਦੇ ਦਾਇਰੇ ਵਿੱਚ ਲਿਆਉਣ ਦੀ ਅਸਫਲ ਕੋਸ਼ਿਸ਼ ਕਰਦੇ ਰਹਿੰਦੇ ਹਨ। ਜੇ ਇਤਿਹਾਸ ਵਿਚਲੀ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਸਹੀਦੀ ਦੀ ਘਟਨਾ ਨੂੰ ਜੇ ਜਾਤ-ਪਾਤ ਦੇ ਗੁਣਾ ਘਟਾਓ ਵਿੱਚ ਇਹ ਨਿਖੇੜਦੇ ਦੇਖਦੇ ਹਾਂ ਕਿ ਕਿ ਰੂੰ ਵਿੱਚ ਲਪੇਟ ਕੇ ਭਾਈ ਮਤੀ ਦਾਸ, ਸਤੀ ਦਾਸ ਜੀ ਨੂੰ ਸਾੜਿਆ ਗਿਆ ਸੀ, ਕੌਣ ਸਨ? ਦੇਗ ਵਿੱਚ ਭਾਈ ਦਿਆਲਾ ਜੀ ਨੂੰ ਸਾੜਿਆ,ਕੌਣ ਸਨ? ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ, ਕੌਣ ਸਨ? ਤੇ ਮੱਖਣ ਸਿੰਘ ਲੁਬਾਣਾ ਜਿਹਨਾਂ ਆਪਣਾ ਰੂੰ ਦਾ ਗੁਦਾਮ ਹੀ ਫੂਕ ਦਿੱਤਾ ਸੀ ਜੋ ਕਿ ਉਹ ਸਮੇਂ ਰੂੰ ਦੇ ਬਹੁਤ ਵੱਡੇ ਵਪਾਰੀ ਸਨ। ਕੌਣ ਸਨ? ਇਹ ਸਾਰੇ ਸਹੀਦ ਮੰਨੂੰ ਦੀ ਬਣਾਈ ਵਰਣਵੰਡ ਤਹਿਤ ਵੱਖੋ ਵੱਖਰੇ ਵਰਨ ਵਿੱਚੋਂ ਸਨ। ਇਹਨਾਂ ਸਾਰੇ ਸ਼ਹੀਦਾਂ ਨੂੰ ਜਾਤ ਬਰਾਦਰੀਆਂ ਵਿੱਚ ਵੰਡਣ ਵਾਲ਼ੇ ਭੁੱਲੜ ਲੋਕ ਗੁਰੂ ਸਾਹਿਬ ਦੇ ਸੰਕਲਪ ਤੋਂ ਕੋਰੇ ਹਨ ਗੁਰੂ ਸਾਹਿਬ ਦਾ ਕਥਨ ‘ਨੀਚਾ ਅੰਦਰਿ ਨੀਚ ਜਾਤ ਨੀਚੀ ਹੂ ਅਤਿ ਨੀਚ ਨਾਨਕ ਤਿਨਕੇ ਸੰਗ ਸਾਥ ਵਡਿਆ ਸਿਉ ਕਿਆ ਰੀਸ’ ਗੁਰੂ ਘਰ ਦਾ ਸਿਧਾਂਤ ਹੈ ਜੋ ਸਾਰੀਆਂ ਜਾਤਾਂ ਪਾਤਾਂ ਦਾ ਸਰਵਨਾਸ ਕਰਕੇ ਉੱਤਮ ਪੁਰਖ ਖਾਲਸਾ ਪੈਦਾ ਕਰਨ ਦੇ ਸਮਰੱਥ ਹੈ । ਕੁੱਝ ਹੈਡ ਗ੍ਰੰਥੀ ਮੋਹਣ ਸਿੰਘ ਵਰਗੇ ਭੁੱਲੜ ਹਨ। ਜਾਤ ਤੇ ਗਰਬ ਕਰਨ ਵਾਲ਼ੇ ਕਈ ਮੂਰਖ ਸਿੱਖਾਂ ਵਿੱਚ ਵੀ ਹਨ ਜਿਹਨਾਂ ਦੀ ਪੰਥ ਨੂੰ ਤਸਦੀਕ ਕਰਨੀ ਜਰੂਰੀ ਹੈ। ਅਜਿਹੇ ਸਿਰਫਿਰੇ ਦਲਿਤ ਸਮਾਜ ਵਿੱਚ ਵੀ ਹਨ ਜਿਹੜੇ ਹਰ ਝੂਠੀ ਸੱਚੀ ਗੱਲ ਨੂੰ ਸਿੱਖਾਂ ਤੇ ਜਾਤਪਾਤ ਦੀ ਤੁਹਮਤ ਲਗਾਉਣ ਲੱਗਿਆ ਦੇਰ ਨਹੀਂ ਲਗਾਉਂਦੇ। ਇਸੇ ਕਰਕੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਵਾਰ-ਵਾਰ ਪੰਜਾਬ ਦੇ ਦਲਿਤਾਂ ਨੂੰ ਸਿੱਖ ਵਿਰੋਧੀ ਆਰੀਆਂ ਸਮਾਜੀ ਸੋਚ ਤੋਂ ਬਚਣ ਲਈ ਕਹਿੰਦੇ ਰਹਿੰਦੇ ਸਨ। ਸਿੱਖਾਂ ਨੂੰ ਵੀ ਆਪਣੀ ਸੋਚ ਅਤੇ ਅਮਲ ਵਿੱਚ ਘੁਸਚੁੱਕੀ ਮੰਨੂਵਾਦ ਤੇ ਜਾਤ ਪਾਤ ਦੇ ਕੋਹੜ ਨੂੰ ਗਲੋਂ ਲਾਹੁਣ ਲਈ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਸੰਦੇਸ਼ਾਂ ਨੂੰ ਸਮਰਪਿਤ ਹੋਣ ਦੀ ਜਰੂਰਤ ਹੈ ।

ਅਗਰ ਅਸੀਂ ਭਾਈ ਸਹਿਬ ਦੇ ਸਸਕਾਰ ਵਾਲ਼ੇ ਦਿਨ ਦੀ ਘਟਨਾ ਨੂੰ ਤਰਤੀਬ ਬੱਧ ਕਰੀਏ ਤਾਂ ਅਖਬਾਰੀ ਖਬਰ ਅਨੁਸਾਰ ੨ ਅਪਰੈਲ ੨੦੨੦ ਤੜਕੇ ਸਾਢੇ ਚਾਰ ਵਜੇ ਅਚਾਨਕ ਪਏ ਦਿਲ ਦੇ ਦੌਰੇ ਨਾਲ਼ ਭਾਈ ਸਾਹਿਬ ਦਾ ਦਿਹਾਂਤ ਹੋ ਜਾਂਦਾ ਹੈ ।ਪਰਿਵਾਰ ਨੂੰ ਪਹਿਲਾਂ ਤਾਂ ਡਾ ਕਹਿਣ ਲੱਗੇ ਕਿ ਮ੍ਰਿਤਕ ਦੇਹ ਤੁਹਾਨੂੰ ਦੇ ਦੇਵਾਂਗੇ ਪਰ ਬਾਅਦ ਵਿਚ ਓਹੀ ਡਾਕਟਰ ਮ੍ਰਿਤਕ ਦੇਹੀ ਦੇਣ ਤੋਂ ਇਨਕਾਰ ਕਰਨ ਲੱਗੇ । ਫਿਰ ਅਸੀਂ ਡੀ.ਸੀ., ਤੇ ਡਾ. ਰੂਪ ਸਿੰਘ ਨਾਲ਼ ਡਾਕਟਰਾਂ ਦੀ ਮੋਬਾਈਲ ਤੇ ਗੱਲ ਕਰਵਾ ਕੇ ਲਾਸ਼ ਦੇਣ ਨੂੰ ਮੰਨਵਾ ਲਿਆ ।ਪ੍ਰਸਾਸਨ ਨੇ ਹਸਪਤਾਲ ਦੇ ਨੇੜੇ ਵੇਰਕਾ ਪਿੰਡ ਵਿੱਚ ਸਮਸਾਨ ਘਾਟ ਹੋਣ ਕਾਰਨ ਉਸ ਦੀ ਚੋਣ ਕਰ ਲਈ । ਜਦ ਅਸੀਂ ਭਾਈ ਸਾਹਿਬ ਦੀ ਮ੍ਰਿਤਕ ਦੇਹੀ ਨੂੰ ਲੈ ਕੇ ਸਸਕਾਰ ਲਈ ਵੇਰਕਾ ਲੈ ਕੇ ਗਏ ਤਾਂ ਉਥੇ ਇਕੱਠੇ ਹੋਏ ਲੋਕਾਂ ਨੇ ਪੰਜਾਬ ਪ੍ਰਦੇਸ ਕਾਗਰਸ ਪਾਰਟੀ ਦੇ ਜਨਰਲ ਸਕੱਤਰ ਹਰਪਾਲ ਸਿੰਘ ਵੇਰਕਾ ਦੀ ਅਗਵਾਈ ਹੇਠ ਸੱਭ ਤੋਂ ਪਹਿਲਾ ਵੇਰਕਾ ਦੀ ਸਮਸਾਨਘਾਟ ਨੂੰ ਤਾਲਾ ਮਾਰ ਦਿੱਤਾ ਅਤੇ ਉਹਨਾਂ ਅੰਦਰ ਸਸਕਾਰ ਲਈ ਲਗਾਏ ਬਾਲਣ ਨੂੰ ਵੀ ਕਬਜੇ ਵਿੱਚ ਲੈ ਲਿਆ, ਅਤੇ ਨਾਆਰੇਬਾਜੀ ਕਰਨ ਲੱਗੇ ਇਸ ਸਸਕਾਰ ਦਾ ਦੁਪਿਹਰ ੨ ਵਜੇ ਤੋਂ ਸਾਮ ੬ ਵਜੇ ਤੱਕ ਵਿਰੋਧ ਹੁੰਦਾ ਰਿਹਾ।

ਮੇਰੀ ਜਾਚੇ ਸਾਰੇ ਵਿਵਾਦ ਦੇ ਮੁੱਖ ਦੋਸੀ ਪ੍ਰਸਾਸਨ ਹੈ ਜਿਹੜਾ ਇਲਾਕੇ ਦੇ ਲੋਕਾਂ ਨੂੰ ਨਾ ਤਾਂ ਇਹ ਸਮਝਾ ਸਕਿਆ ਕਿ ਸਹਿਰ ਦੇ ਮੁੱਖ ਸ਼ਮਸਾਨਘਾਟ ਛੱਡ ਕੇ ਵੇਰਕੇ ਦਾ ਸ਼ਮਸਾਨਘਾਟ ਕਿਉਂ ਚੁਣਿਆ ਤੇ ਫਿਰ ਇਹ ਸਮਝਾਉਣ ‘ਚ ਵੀ ਅਸਮਰੱਥ ਰਿਹਾ ਕਿ ਸਸਕਾਰ ਉਥੇ ਹੋਣ ਨਾਲ਼ ਬਿਮਾਰੀ ਫੈਲਣ ਦਾ ਕੋਈ ਡਰ ਨਹੀਂ। ਇਸੇ ਕਰਕੇ ਭਾਈ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਦਾ ਨਿਰਾਦਰ ਵੀ ਹੋਇਆ ਤੇ ਸਮੁੱਚੇ ਸਿੱਖ ਜਗਤ ਦੇ ਹਿਰਦਿਆਂ ਨੂੰ ਵੀ ਠੇਸ ਲੱਗੀ।

ਕੈਪਟਨ, ਮੋਦੀ ਹੁਣਾ ਸਮੇਤ ਸਮੁੱਚੇ ਮੀਡੀਏ ਨੇ ਕਰੋਨਾ ਪ੍ਰਤੀ ਲੋਕਾਂ ਨੂੰ ਸੁਚੇਤ ਘੱਟ ਕੀਤਾ, ਖੌਫਜ਼ਦਾ ਜਿਆਦਾ ਕੀਤਾ । ਉਹ ਲੋਕਾਂ ਨੂੰ ਇਹ ਦੱਸਣ ਵਿੱਚ ਨਾਕਾਮ ਰਹੇ ਕਿ ਕਿਸੇ ਥਾਂ ਕਰੋਨਾ ਵਾਇਰਸ ਦੇ ਰੋਗੀ ਦਾ ਸਸਕਾਰ ਕਰਨ ਨਾਲ਼ ਕਰੋਨਾ ਦੇ ਫੈਲਣ ਦਾ ਕੋਈ ਡਰ ਨਹੀਂ। ਭਾਈ ਸਾਹਿਬ ਦੀ ਮ੍ਰਿਤਕ ਦੇਹੀ ਸੜਕ ਉਪਰ ਹੀ ਇੱਕ ਸਟੈਚਰ ਤੇ ਪਈ ਹੋਈ ਸੀ ।ਸੁਰੂ ਤੋਂ ਲੈ ਕੇ ਅੰਤ ੨ ਵਜੇ ਤੋਂ ਸਾਮ ੬ ਵਜੇ ਤੱਕ ਸਸਕਾਰ ਪ੍ਰਤੀ ਸਾਰਾ ਰੌਲਾ ਕੈਮਰੇ ਤੇ ਰਿਕਾਰਡ ਹੋ ਰਿਹਾ ਸੀ , ਕਿਸੇ ਨੇ ਵੀ ਜਾਤਪਾਤ ਦੀ ਕੋਈ ਗੱਲ ਨਹੀਂ ਕੀਤੀ ਲੋਕਾਂ ਵਿੱਚ ਡਰ ਅਤੇ ਅਗਿਆਨਤਾ ਹੀ ਜਿਆਦਾ ਭਾਰੂ ਸੀ ਜੋ ਸਾਫ ਦਿਖ ਰਹੀ ਸੀ । ਇਸ ਘਟਨਾ ਨੂੰ ਦੇਖਦੇ ਅਸੀਂ ਕਹਿ ਸਕਦੇ ਹਾਂ ਕਿ ਭਾਈ ਸਾਹਿਬ ਦੇ ਸਸਕਾਰ ਵਿੱਚ ਪਾਈ ਗਈ ਦਾ ਰੁਕਾਵਟ, ਜਾਤਪਾਤੀ ਊਚਨੀਚ ਨਹੀਂ ਬਲਕਿ ਕਰੋਨਾ ਵਾਇਰਸ ਦੇ ਸਰਕਾਰੀ ਪ੍ਰਚਾਰ ਦੀ ਪਾਈ ਹੋਈ ਦਹਿਸਤ ਹੈ । ਲੋਕਾਂ ਦੀ ਸੋਝੀ ਅਤੇ ਸਮਝ ਦਾ ਅੰਦਾਜਾ ਤੁਸੀ ਇਸ ਗੱਲ ਤੋਂ ਵੀ ਲਗਾ ਸਕਦੇ ਹੋ ਕਿ ਲੋਕ ਥਾਲ਼ੀਆਂ ਤਾੜੀਆਂ ਮਾਰ ਕਰੋਨਾ ਨੂੰ ਭਜਾਉਣ ਦੀ ਗੱਲ ਕਰਦੇ ਹਨ ਅਤੇ ਥਾਲੀਆਂ , ਤਾੜੀਆਂ ਵਜਾਉਣ ਤੋਂ ਬਾਅਦ ਖੁਸੀ ਵਿੱਚ ਜਲੂਸ ਦੀ ਸਕਲ ਵਿੱਚ ਸੜਕਾ ਤੇ ਆਉਂਦੇ ਹਨ।

ਹੁਣ ਜਿਹੜੇ ਲੋਕ ਵੇਰਕੇ ਵਾਲ਼ੀ ਘਟਨਾ ‘ਚ ਡਰ ਵਾਲ਼ੇ ਕਾਰਨ ਨੂੰ ਪਾਸੇ ਰੱਖ ਕੇ ਜਾਤ-ਪਾਤ ਦਾ ਰੌਲਾ ਪਾ ਰਹੇ ਨੇ ਉਹ ਆਪਣੀ ਬੌਧਿਕ ਬੇਈਮਾਨੀ ਤੇ ਹੋਛੇ ਸਿਆਸੀ ਹਿੱਤਾਂ ਦਾ ਵਿਖਾਵਾ ਕਰ ਰਹੇ ਹਨ। ਦਰਅਸਲ ਕੁੱਝ ਬ੍ਰਾਹਮਣਵਾਦੀ ਸੋਚ ਵਾਲ਼ੀਆਂ ਸਕਤੀਆਂ ਤੇ ਬ੍ਰਾਹਮਣਵਾਦੀ ਸੋਚ ਵਿੱਚ ਗ੍ਰਸੇ ਜਾਂ ਅਗਿਆਨਤਾ ਵੱਸ ਇਸ ਘਟਨਾ ਨੂੰ ਜਾਣਬੁੱਝ ਕੇ ਜਾਤਪਾਤੀ ਮਸਲਾ ਬਣਾ ਕੇ ਖਾਲਸਾ ਪੰਥ ਵਿੱਚ ਦਰਾੜ ਪਾਉਣਾ ਚਾਹੁੰਦੇ ਹਨ। ਉਹ ਲੋਕ ਹਮੇਸ਼ਾ ਹੀ ਖਾਲਸਾ ਪੰਥ ਦੀ ਏਕਤਾ ਤੋਂ ਤ੍ਰਾਹਿੰਦੇ ਹਨ ਤੇ ਇਹ ਮੰਨੂਵਾਦੀ ਲੋਕ ਹਰ ਨਿੱਕੀ ਮੋਟੀ ਘਟਨਾ ਨੂੰ ਆਪਣਾ ਮਨ-ਕਲਪਿਤ ਦਲਿਤ ਪੱਖੀ ਬਿਰਤਾਂਤ ਦੇ ਕੇ ਸਿੱਖ ਭਾਈਚਾਰੇ ਵਿਰੁੱਧ ਆਪਣੀ ਭੜਾਸ ਕੱਢਦੇ ਰਹਿੰਦੇ ਹਨ । ਜਦੋਂ ਕਿ ਸਚਾਈ ਇਹ ਹੈ ਕਿ ਵੇਰਕਾ ਦੀ ਘਟਨਾ ਤੋਂ ਬਾਅਦ ਦਰਜਨਾਂ ਤੋਂ ਵੱਧ ਸਿੱਖ ਭਾਈਚਾਰੇ ਦੇ ਗੈਰ ਦਲਿਤ ਲੋਕਾਂ ਪ੍ਰਮੁੱਖ ਤੌਰ ਤੇ ਜੱਟਾਂ ਨੇ ਭਾਈ ਸਾਹਿਬ ਦਾ ਸਸਕਾਰ ਆਪਣੀ ਜਮੀਨ ਵਿੱਚ ਕਰਨ ਦੀ ਮੀਡੀਆਂ ਰਾਹੀਂ ਪੇਸ਼ਕਸ ਕੀਤੀ ਸੀ। ਉਹ ਲੋਕ ਜਿਹੜੇ ਹੁਣ ਰੌਲ਼ਾ ਪਾਉਂਦੇ ਹਨ ਸਾਇਦ ਜਦੋਂ ਭਾਈ ਸਾਹਿਬ ਸਵਰਗ ਸਿਧਾਰੇ, ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਭਾਈ ਸਾਹਿਬ ਕੌਣ ਹਨ ਕਿਉਂਕਿ ਭਾਈ ਸਾਹਿਬ ਦੀ ਪ੍ਰਸਿੱਧੀ ਇੱਕ ਸਿੱਖ ਵਜੋਂ ਸੀ ਨਾ ਕਿ ਦਲਿਤ ਵਜੋ। ਸੋ ਇਹ ਗੱਲਾਂ ਨਿਰਮੂਲ ਤੇ ਤੱਥਾਂ ਤੋਂ ਕੋਰੀਆਂ ਹਨ ਕਿ ਦਲਿਤ ਹੋਣ ਕਾਰਨ ਉਹਨਾਂ ਦੀ ਦੇਹ ਦਾ ਨਿਰਾਦਰ ਕੀਤਾ। ਜਿਹੜੇ ਕੁੱਝ ਲੋਕ ਇਹ ਝੂਠੀ ਖਬਰ ਫੈਲਾ ਰਹੇ ਹਨ ਕਿ ਸਸਕਾਰ ਨੂੰ ਰੋਕਣ ਪਿੱਛੇ ਜਾਤ-ਪਾਤ ਵੀ ਕੰਮ ਕਰ ਰਹੀ ਸੀ ਉਹ ਇਸ ਔਖੇ ਮੌਕੇ ਵੀ ਸਮਾਜ ਵਿੱਚ ਵੰਡੀਆਂ ਪਾਉਣੀਆਂ ਚਾਹੁੰਦੇ ਹਨ। ਠੀਕ ਉਸੇ ਤਰ੍ਹਾਂ ਜਿਵੇਂ ਦਿੱਲ਼ੀ ਵਿਚ ਮਰਕਜ ਦੇ ਬਹਾਨੇ ਹਿੰਦੂ ਮੁਸਲਮ ਫਸਾਦ ਖੜਾ ਕਰਨ ਦੀ ਕੋਸ਼ਿਸ ਹੋ ਰਹੀ ਹੈ ਉਵੇਂ ਹੀ ਪੰਜਾਬ ਵਿੱਚ ਭਾਈ ਨਿਰਮਲ ਸਿੰਘ ਖਾਲਸਾ ਦੇ ਬਹਾਨੇ ਸਸਕਾਰ ਬਾਰੇ ਝੂਠੀਆਂ ਖਬਰਾਂ ਫੈਲਾ ਕੇ ਜਾਤ-ਪਾਤ ਦੀ ਨਫਰਤ ਫੈਲਾਈ ਜਾ ਰਹੀ ਹੈ।

ਜਿਹੜੇ ਹੁਣ ਸਸਕਾਰ ਵਿੱਚ ਜਾਤਪਾਤ ਵਾਲ਼ੀ ਗੱਲ ਦਾ ਝੂਠ ਫੈਲਾਅ ਰਹੇ ਨੇ ਉਹ ਸਿੱਖ ਸਮਾਜ ਦਾ ਨੁਕਸਾਨ ਤਾਂ ਕਰਨ ਦੀ ਕੋਸ਼ਿਸ਼ ਕਰ ਹੀ ਰਹੇ ਨੇ। ਉਹ ਸਿੱਖ ਸਮਾਜ ਤੇ ਦਲਿਤਾਂ ਵਿਚਾਲੇ ਪਾੜ ਵਧਾ ਕੇ ਮਨੂੰ ਵਾਦੀ ਰਾਜਨੀਤੀ ਦੇ ਕੁਹਾੜੇ ਦੇ ਦਸਤੇ ਵਜੋਂ ਕੰਮ ਕਰ ਰਹੇ ਨੇ । ਸੱਭ ਤੋਂ ਜਿਆਦਾ ਨੁਕਸਾਨ ਦਲਿਤਾਂ ਦਾ ਕਰਨਗੇ ਕਿਉਂਕਿ ਮੰਨੂਵਾਦੀ ਰਾਜਨੀਤੀ ਨੂੰ ਅਸਲ ਖਤਰਾ ਘੱਟਗਿਣਤੀਆਂ ਤੇ ਅਖੌਤੀ ਨਿਮਨ ਜਾਤਾਂ ਦਲਿਤਾਂ ਦੀ ਏਕਤਾ ਤੋਂ ਹੈ । ਇਸ ਝੂਠੇ ਪ੍ਰਚਾਰ ਨੂੰ ਹਵਾ ਦੇਣ ਵਾਲ਼ਾ ਕੋਈ ਵੀ ਸਹੀ ਮਾਅਨੇ ਵਿੱਚ ਦਲਿਤ ਹਿੱਤਾਂ ਦੇ ਹੱਕ ਵਿੱਚ ਨਹੀਂ ਭੁਗਤ ਰਿਹਾ ਸਗੋਂ ਨੁਕਸਾਨ ਕਰ ਰਿਹਾ ਹੈ। ਭਾਈ ਨਿਰਮਲ ਸਿੰਘ ਖਾਲਸਾ ਦੇ ਜੀਵਨ ਤੇ ਮੌਤ ਦੇ ਪ੍ਰਕਰਣ ਨੇ ਅਸਲ ਵਿੱਚ ਇਹ ਸਾਹਮਣੇ ਲਿਆਂਦਾ ਹੈ ਕਿ ਜਾਤ-ਪਾਤ ਨੂੰ ਪਛਾੜਨਾ ਕਿਵੇਂ ਹੈ ਪਰ ਕਈ ਸੱਜਣ ਉਹਨਾਂ ਨੇ ਸਸਕਾਰ ਵਾਲ਼ੇ ਮਾਮਲੇ ਵਿੱਚ ਝੂਠ ਫੈਲਾ ਕੇ ਮਨੂੰਵਾਦੀ ਹਿੱਤਾਂ ਦੀ ਪਹਿਰੇਦਾਰੀ ਕਰ ਰਹੇ ਹਨ।

(ਲੇਖਕ ਲ਼ੋਕ ਇਨਸਾਫ ਪਾਰਟੀ ਦੇ ਸ੍ਰੀ ਫਤਿਹਗੜ ਸਾਹਿਬ ਦੇ ਲੋਕ ਸਭਾ ਹਲਕਾ ਇੰਚਾਰਜ ਹਨ।)