ਸੋਨਾਲੀ ਫੋਗਾਟ ਨੂੰ ਡ੍ਰਿੰਕ ‘ਚ ਮਿਲਾ ਕੇ ਦਿੱਤੀ ਗਈ ਸੀ ਡਰੱਗਸ, ਆਖਰੀ CCTV ਫੁਟੇਜ ‘ਚ ਹੋਏ ਵੱਡੇ ਖੁਲਾਸੇ

0
1602

ਹਰਿਆਣਾ | ਭਾਜਪਾ ਆਗੂ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਵਿੱਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਮਾਮਲੇ ਦੀ ਜਾਂਚ ਕਰ ਰਹੀ ਗੋਆ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੋਨਾਲੀ ਨੂੰ ਜ਼ਬਰਦਸਤੀ ਡਰੱਗਸ ਦਿੱਤੀ ਗਈ ਸੀ। ਇਹ ਡਰੱਗਸ ਉਸ ਦੇ ਪੀਏ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਨੇ ਦਿੱਤੀ ਸੀ। ਦੋਵਾਂ ਨੇ ਗੋਆ ਪੁਲਿਸ ਕੋਲ ਖੁਦ ਇਸ ਗੱਲ ਨੂੰ ਕਬੂਲ ਕੀਤਾ ਹੈ। ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਗੋਆ ਦੇ ਡੀਜੀਪੀ ਜਸਪਾਲ ਸਿੰਘ ਮੁਤਾਬਕ ਸੁਧੀਰ ਅਤੇ ਸੁਖਵਿੰਦਰ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ 22 ਅਗਸਤ ਦੀ ਰਾਤ ਨੂੰ ਸੋਨਾਲੀ ਨੂੰ ਜ਼ਬਰਦਸਤੀ ਡਰੱਗਸ ਦਿੱਤੀ ਸੀ। ਉਸ ਨੂੰ ਲਿਕਵਿਡ ਵਿੱਚ ਮਿਲਾ ਕੇ ਕੈਮੀਕਲ ਦਿੱਤਾ ਗਿਆ ਸੀ। ਨਸ਼ੇ ਦੀ ਓਵਰਡੋਜ਼ ਕਰਕੇ ਜਦੋਂ ਸੋਨਾਲੀ ਦੀ ਸਿਹਤ ਵਿਗੜ ਗਈ ਤਾਂ ਦੋਵੇਂ ਉਸ ਨੂੰ ਵਾਸ਼ਰੂਮ ਲੈ ਗਏ। ਦੋਵੇਂ ਸੋਨਾਲੀ ਨਾਲ ਦੋ ਘੰਟੇ ਵਾਸ਼ਰੂਮ ‘ਚ ਬੈਠੇ ਰਹੇ।
ਗੋਆ ਦੇ ਡੀਜੀਪੀ ਨੇ ਕਿਹਾ ਕਿ ਪੁਲਿਸ ਨੂੰ ਇੱਕ ਕਲੱਬ ਦੀ ਸੀਸੀਟੀਵੀ ਫੁਟੇਜ ਵੀ ਮਿਲੀ ਹੈ। ਇਸ ਫੁਟੇਜ ‘ਚ ਸੁਧੀਰ ਸਾਂਗਵਾਨ ਸੋਨਾਲੀ ਨੂੰ ਬੋਤਲ ‘ਚ ਕੁਝ ਮਿਲਾ ਕੇ ਪਿਲਾਉਂਦੇ ਨਜ਼ਰ ਆ ਰਹੇ ਹਨ। ਉਸ ਬੋਤਲ ਵਿੱਚ ਲਿਕਵਿਡ ਵਿੱਚ ਕੋਈ ਕੈਮੀਕਲ ਹੋ ਸਕਦਾ ਹੈ।

ਗੋਆ ਦੇ ਆਈਜੀ ਓਮਵੀਰ ਸਿੰਘ ਨੇ ਵੀ ਇਸ ਮਾਮਲੇ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਆਈਜੀ ਮੁਤਾਬਕ ਮਿਲੇ ਸਬੂਤ ਅਤੇ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਕਲੱਬ ਵਿੱਚ ਪਾਰਟੀ ਕਰ ਰਹੇ ਸਨ। ਇਸ ਦੌਰਾਨ ਦੋਵਾਂ ਨੇ ਸੋਨਾਲੀ ਨੂੰ ਕੁਝ ਲਿਕਵਿਡ ਪਦਾਰਥ ਪਿਲਾਇਆ। ਇਸ ਲਿਕਵਿਡ ਵਿੱਚ ਇੱਕ ਸਿੰਥੈਟਿਕ ਡਰੱਗ ਹੋ ਸਕਦੀ ਹੈ ਜਿਸਦਾ ਨਾਮ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

ਆਈਜੀ ਓਮਵੀਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਰਿਹਾ ਹੈ ਕਿ ਲਿਕਵਿਡ ਪੀਣ ਤੋਂ ਬਾਅਦ ਸੋਨਾਲੀ ਤੋਂ ਸੰਭਲਿਆ ਨਹੀਂ ਜਾ ਰਿਹਾ। ਇਸ ਤੋਂ ਬਾਅਦ ਸੁਧੀਰ ਅਤੇ ਸੁਖਵਿੰਦਰ ਸੋਨਾਲੀ ਨੂੰ ਸੰਭਾਲਦੇ ਨਜ਼ਰ ਆ ਰਹੇ ਹਨ। ਕੁਝ ਸਮੇਂ ਬਾਅਦ ਇਕ ਹੋਰ ਕੈਮਰੇ ਦੀ ਫੁਟੇਜ ‘ਚ ਦੋਵੇਂ ਸੋਨਾਲੀ ਨੂੰ ਵਾਸ਼ਰੂਮ ‘ਚ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਉਥੇ ਹੀ ਦੋ ਘੰਟੇ ਰਹਿੰਦੇ ਹਨ।ਆਈਜੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਲਿਸ ਐੱਫ.ਐੱਸ.ਐੱਲ. ਟੀਮ ਨੂੰ ਨਾਲ ਲੈ ਕੇ ਮੁਲਜ਼ਮਾਂ ਖ਼ਿਲਾਫ਼ ਸਬੂਤ ਇਕੱਠੇ ਕਰੇਗੀ। ਦੋਵਾਂ ਨੂੰ 24 ਘੰਟਿਆਂ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਇਸ ਦੌਰਾਨ ਹਿਸਾਰ ‘ਚ ਮੌਜੂਦ ਸੋਨਾਲੀ ਦੇ ਜੀਜਾ ਅਮਨ ਪੂਨੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਸਵੇਰੇ ਗੋਆ ਦੇ ਡੀਐੱਸਪੀ ਦਾ ਫ਼ੋਨ ਆਇਆ ਸੀ। ਡੀਐਸਪੀ ਨੇ ਉਨ੍ਹਾਂ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ।