ਮੇਰੀ ਡਾਇਰੀ ਦੇ ਪੰਨੇ – “ਵਿਹੜੇ” ‘ਚ ਉੱਗਿਆ ਗੁਲਾਬ ਦਾ ਫੁੱਲ ਬਲਬੀਰ ਮਾਧੋਪੁਰੀ

0
1236

ਗੁਰਪ੍ਰੀਤ ਡੈਨੀ

ਇਕ ਕਵੀ ਦਰਬਾਰ ਹੋ ਰਿਹਾ ਹੈ ਦੋ ਬੰਦੇ ਅਚਨਚੇਤ ਦਸਤਕ ਦਿੰਦੇ ਨੇ ਇਕ ਸਰਦਾਰ ਤੇ ਇਕ ਮੋਨਾ, ਆਓ ਮਾਧੋਪੁਰੀ ਸਾਬ ਇਕ ਲੇਖਕ ਨੇ ਸਵਾਗਤ ਭਰੀ ਆਵਾਜ਼ ਨਾਲ ਜੀ ਆਇਆ ਨੂੰ ਆਖਿਆ ਹੈ। ਉਸ ਲੇਖਕ ਨੇ ਇੱਥੇ ਬੈਠੇ ਲੋਕਾਂ ਨੂੰ ਜਾਣ-ਪਛਾਣ ਲਈ ਕਿਹਾ, “ਇਹ ਪੰਜਾਬੀ ਦੇ ਲੇਖਕ ਹਨ ਬਲਬੀਰ ਮਾਧੋਪੁਰੀ ਦਿੱਲੀ ਤੋਂ”, ਮੇਰੇ ਹੱਥੋ ਮੇਰੀ ਕਵਿਤਾ ਡਿੱਗ ਹੈ। ਮੈਂ ਆਪਣੇ-ਆਪ ਨੂੰ ਕਹਿ ਰਿਹਾ ਹਾਂ, ਯਾਰ ਇਸਨੂੰ ਤਾਂ ਮੈਂ ਪੜ੍ਹਿਆ ਹੋਇਆ ਹੈ, ਇਸਦੀ ਸਵੈ-ਜੀਵਨੀ ਛਾਂਗਿਆ ਰੁੱਖ ਤਾਂ ਪੱਛ ਲਾਉਂਦੀ ਹੈ। ਚਾਹ ਪਾਣੀ ਦਾ ਦੌਰ ਸ਼ੁਰੂ ਹੋਇਆ ਹੈ, ਮੈਂ ਮਲਕ ਦਣੀ ਉਸ ਕੋਲ ਗਿਆ ਤਾਂ ਕਿਹਾ “ਸਰ ਮੈਂ ਤੁਹਾਡੀ ਕਿਤਾਬ ਪੜ੍ਹੀ ਹੈ”, ਛਾਂਗਿਆ ਰੁੱਖ, ਉਸ ਨੇ ਮੈਨੂੰ ਬੁੱਕਲ ਵਿਚ ਲਿਆ, ਸ਼ਾਇਦ ਉਸਨੂੰ ਮੇਰੇ ਪਸੀਨੇ ਦੀ ਹਵਾੜ ਤੋਂ ਪਤਾ ਲੱਗ ਗਿਆ ਹੋਵੇਗਾ ਕਿ ਮੈਂ ਵੀ ਕੱਚੇ ਰਾਹਾਂ ਦਾ ਸਫ਼ਰੀ ਹਾਂ। ਇਹ ਸਮਾਗਮ ਉਹਨਾਂ ਲੋਕਾਂ ਦੀ ਸੂਝ ਵਿਚ ਵਾਧਾ ਕਰਨ ਲਈ ਸੀ ਜਿਹਨਾਂ ਲਈ ਮਾਧੋਪੁਰੀ ਨੇ ਸਾਰੀ ਜਿੰਦਗੀ ਲਿਖਿਆ ਹੈ ਇਸ ਲਈ ਮਾਧੋਪੁਰੀ ਉਹਨਾਂ ਨੂੰ ਜਾਣਦਾ ਹੈ ਉਹ ਉਸ ਨੂੰ ਨਹੀਂ।


ਸਮਾਗਮ ਖਤਮ ਹੋਣ ਤੋਂ ਬਾਅਦ ਮੈਂ ਘਰ ਆਇਆ ਉਹ ਉੱਚਾ ਲੰਮਾ, ਉਭਰੀ ਜਿਹੀ ਦਾੜੀ ਵਾਲਾ ਵਾਰ-ਵਾਰ ਮੇਰੇ ਸਾਹਮਣੇ ਆਈ ਜਾਵੇ। ਮੈਂ ਉਸ ਨੂੰ ਮਿਲਣ ਦਾ ਮਨ ਬਣਾ ਲਿਆ। ਇਕ ਦਿਨ ਮੈਂ ਫੋਨ ਕੀਤਾ ਤਿੰਨ ਕੁ ਵੈੱਲਾਂ ਵੱਜਣ ਤੋਂ ਬਾਅਦ ਉਸ ਫੋਨ ਚੁੱਕਿਆ ਅੱਗਿਓ ਮੱਧਮ ਜਿਹੀ ਆਵਾਜ਼ ਆਈ, ਹੈਲੋ, ਮੈਂ ਕਿਹਾ “ਸਰ ਡੈਨੀ ਬੋਲ ਰਿਹਾ ਜੀ ਜਲੰਧਰੋਂ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ” ਉਹ ਜੀ ਸਦਕੇ ਆ ਯਾਰ ਤੂੰ, ਉਸਨੂੰ ਵੀ ਆਵਾਜਾਂ ਦੀ ਬਹੁਤ ਪਰਖ ਹੈ, ਉਹ ਇਹਨਾਂ ਆਵਾਜ਼ਾਂ ਦਾ ਤਾਂ ਹੇਕਾਂ ਵਿਚ ਤਰਜੁਮਾਂ ਕਰਨ ਲਈ ਦਿਨ-ਰਾਤ ਆਪਣਾ-ਆਪ ਛਿੱਲਦਾ ਹੈ।
10 ਨਵੰਬਰ 2019 ਨੂੰ ਮੈਂ ਜਲੰਧਰੋਂ ਗੱਡੀ ਫੜ ਦਿੱਲੀ ਅੱਪੜ ਗਿਆ। ਦਿੱਲੀ ਦੁਨੀਆਂ ਇੰਝ ਤੁਰੀ ਫਿਰਦੀ ਹੈ ਜਿਵੇਂ ਜੂਨ ਦੇ ਮਹੀਨੇ ਸਾਡੇ ਘਰ ਦੀਆਂ ਛੱਤਾਂ ਵਿਚੋਂ ਵਾਣ ਡਿੱਗ ਕੇ ਚਾਦਰਾਂ ‘ਤੇ ਤੁਰਿਆ ਫਿਰਦਾ ਹੈ। ਇਸ ਦਿਨ ਸੈਂਟਰਲ ਪਾਰਕ ਵਿਚ ਸਾਹਿਤ ਅਕਾਦਮੀ ਦਿੱਲੀ ਦਾ ਬਹੁਤ ਵੱਡਾ ਸਮਾਗਮ ਹੋ ਰਿਹਾ ਹੈ, ਉੱਥੇ ਉਸਨੇ ਅਨੁਵਾਦ ਬਾਰੇ ਇਕ ਪੇਪਰ ਪੜ੍ਹਨਾ ਹੈ। ਮੈਨੂੰ ਉਸ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਤੂੰ ਸਟੇਸ਼ਨ ‘ਤੇ ਉਤਰ ਕੇ ਤਿਰੰਗਾ ਝੰਡੇ ਵੱਲ ਨੂੰ ਤੁਰਿਆ ਆਈ ਮੈਂ ਤੈਨੂੰ ਉੱਥੇ ਹੀ ਮਿਲਾਗਾਂ। ਮੈਂ ਸਟੇਸ਼ਨ ਤੋਂ ਸੱਜੇ ਮੁੜ ਗਿਆ ਹਾਂ ਸਿੱਧਾ ਤੁਰਿਆ ਸੋਚਦਾ ਜਾ ਰਿਹਾ ਹਾਂ ਕਿ ਉਹ ਕਿਵੇਂ ਤੌੜਾਂ ਦੇ ਅੱਕ ਮਿੱਧ ਕੇ ਤੁਰਿਆ ਹੋਵੇਗਾ ਤੇ ਵੱਡਿਆ ਲੋਕਾਂ ਵਿਚ ਬੈਠ ਵੱਡੀ ਨੌਕਰੀ ਕਰਨ ਲਈ ਕਿੱਥੋ ਜੇਰਾ ਲਿਆਇਆ ਹੋਵੇਗਾ। ਮੈਨੂੰ 100 ਕੁ ਕਦਮ ਤੁਰ ਕੇ ਤਿਰੰਗਾ ਝੰਡਾ ਲਹਿਰਾਉਂਦਾ ਦਿਸ ਪਿਆ ਹੈ। ਸੈਂਟਰਲ ਪਾਰਕ ਦੇ ਬਾਹਰ ਉਸ ਦੀ ਤੇ ਹੋਰ ਸਾਹਿਤਕਾਰਾਂ ਦੀ ਵੱਡੀ ਤਸਵੀਰ ਲੱਗੀ ਹੋਈ ਹੈ, ਮੈਂ ਗੇਟ ਲੰਘ ਅੰਦਰ ਵੜਦਾ ਹਾਂ। ਉਹ ਨੀਲੇ ਕੋਟ ਪੈਂਟ ਵਿਚ ਮੋਢੇ ਉੱਤੇ ਬਾਬੂਆਂ ਵਾਲਾ ਬੈਂਗ ਪਾਈ ਸਾਹਿਤਕਾਰਾਂ ਨਾਲ ਗੱਲਾਂ ਕਰ ਰਿਹਾ ਹੈ। ਮੇਰੀ ਜਾਣ-ਪਛਾਣ ਕਰਵਾਉਣ ਤੋਂ ਬਾਅਦ ਅਸੀਂ ਚਾਹ ਵਾਲੇ ਟੇਬਲ ਵੱਲ ਖਿਸਕੇ ਹਾਂ। ਉੱਥੇ ਅਤਿੰਦਰ ਸੰਧੂ ਏਕਮ ਮੈਗਜੀਨ ਵਾਲੀ ਤੇ ਹੋਰ ਬਹੁਤ ਵੱਡੇ ਲੇਖਕਾਂ ਜਿਹਨਾਂ ਨੂੰ ਮੈਂ ਕਿਤਾਬਾਂ ਵਿਚ ਪੜ੍ਹਦਾ ਰਿਹਾ ਹਾਂ ਉਸ ਨੂੰ ਬੜੀ ਹਲੀਮੀ ਨਾਲ ਬੁਲਾ ਰਹੇ ਹਨ। ਉਸਦੀ ਅਨੁਵਾਦ ਦਾ ਪੇਪਰ ਪੜ੍ਹਨ ਦੀ ਵਾਰੀ ਆਈ ਹੈ। ਉਹ ਸਟੇਜ਼ ‘ਤੇ ਖੜ੍ਹਾ ਬੜੇ ਜੋਸ਼ ਨਾਲ ਨੀਡਰ ਜਿਹਾ ਹੋ ਕੇ ਪੇਪਰ ਪੜ੍ਹ ਰਿਹਾ ਹੈ। ਉਸ ਨੇ ਕੋਟ ਦੀਆਂ ਬਾਹਾਂ ਜਰਾ ਕੁ ਫਿਰ ਉਤਾਹ ਚੁੱਕੀਆਂ ਨੇ ਮੈਨੂੰ ਇੰਝ ਲੱਗਿਆ ਉਹ ਸਾਹਿਤਕਾਰਾਂ ਨੂੰ ਨਹੀਂ ਆਪਣੇ ਲਿਤਾੜੇ ਲਿੱਸੇ ਲੋਕਾਂ ਨੂੰ ਸੰਬੋਧਨ ਹੋ ਕੇ ਕਹਿ ਰਿਹਾ ਹੋਵੇ ਹੁਣ ਵੇਲਾ ਘਾਹ ਖੋਤਣ ਦਾ ਨਹੀਂ ਵਿੱਦਿਆ ਦੇ ਮਹਿਕਦੇ ਫੁੱਲ ਬੀਜਣ ਦਾ ਹੈ। ਮੈਨੂੰ ਚਾਅ ਜਿਹਾ ਚੜ੍ਹਿਆ ਹੈ ਮੈਂ ਉਸ ਦੇ ਇਸ ਅੰਦਾਜ਼ ਨੂੰ ਮੋਬਾਈਲ ਵਿਚ ਕੈਦ ਕਰ ਲਿਆ ਹੈ। ਸਮਾਗਮ ਖਤਮ ਹੁੰਦੇ ਹੀ ਭਾਪਾ ਪ੍ਰੀਤਮ ਸਿੰਘ ਹੁਰਾਂ ਦੀ  ਪ੍ਰੋ਼ ਧੀ ਡਾ . ਰੇਣੁਕਾ ਸਿੰਘ ਤੇ ਮੈਂ ਉਸ ਦੇ ਮਗਰ-ਮਗਰ ਤੁਰ ਪਏ ਹਾਂ, ਇਕ ਬੰਦਾ ਪਿੱਛੇਓ ਦੀ ਆ ਕੇ ਉਸ ਦੀ ਬਾਂਹ ਫੜ੍ਹਦਾ ਹੈ। “ਮਾਧੋਪੁਰੀ ਜੀ ਮੈਂ ਤੁਹਾਡੇ ਨਾਲ ਫੋਟੋ ਕਰਵਾਉਣੀ ਹੈ” ਮੈਂ ਇਹਨਾਂ ਦੋਵਾਂ ਦੀ ਫੋਟੋ ਖਿੱਚਦਾ ਹਾਂ ਇਹ ਹਰਮੀਤ ਆਰਟਿਸਟ ਹੈ ਜੋ ਆਪਣੀ ਕਲਾ ਨਾਲ ਲੇਖਕਾਂ ਦੀ ਸ਼ਾਇਰੀ ਲਿਖ ਕੇ ਪੋਸਟਰ ਬਣਾ ਕੇ ਵੇਚਦਾ ਹੈ। ਹੁਣ ਉਸ ਨੇ ਇਕ ਪੋਸਟਰ ਅਜੈ ਤਨਵੀਰ ਦੀ ਸ਼ਾਇਰੀ ਵਾਲਾ ਹਰਮੀਤ ਕੋਲੋਂ ਖਰੀਦ ਲਿਆ ਹੈ। ਗੱਡੀ ਵਾਲਾ ਆਉਦਾ ਹੈ, ਹੁਣ ਅਸੀਂ ਪੰਜਾਬੀ ਭਵਨ ਦਿੱਲੀ ਅੱਪੜ ਗਏ ਹਾਂ ਜਿੱਥੇ ਉਹ ਡਾਇਰੈਕਟਰ ਹੈ। ਪੰਜਾਬੀ ਭਵਨ ਦੇ ਬਾਹਰਲੇ ਬਰਾਂਡੇ ਵਿਚ ਕਿਤਾਬਾਂ ਹੀ ਕਿਤਾਬਾਂ ਪਈਆਂ ਨੇ, ਉਹ ਆਪਣੀ ਕੁਰਸੀ ਉੱਤੇ ਬੈਠਦਾ ਹੈ ਮੈਂ ਉਸ ਦੇ ਮੱਥੇ ‘ਤੇ ਜੱਗਦੀ ਸੰਘਰਸ਼ ਦੀ ਲਾਇਟ ਵੱਲ ਵੇਖ ਰਿਹਾ ਹਾਂ। ਦੋ ਚਾਰ ਕਰਮਚਾਰੀ ਉਸ ਦੇ ਅੱਗੇ ਪਿੱਛੇ ਘੁੰਮ ਰਹੇ ਹਨ। ਸ਼ਾਮ ਦੇ ਚਾਰ ਵਜੇ ਨੇ ਭਵਨ ਵਿਚ ਛੋਟਾ ਜਿਹਾ ਕਵਿਤਾਵਾਂ ਦਾ ਦੌਰ ਚੱਲਿਆ ਹੈ ਉਸ ਮੇਰੇ ਕੋਲੋਂ ਕਵਿਤਾਵਾਂ ਸੁਣੀਆਂ ਨੇ। ਸ਼ਾਮ ਦੇ 7 ਵੱਜਦੇ ਨੇ ਦਿੱਲੀ ਜਗਮਗਾ ਉੱਠੀ ਹੈ, ਤੰਗ ਜਿਹੀਆਂ ਗਲੀਆਂ ਵਿਚੋਂ ਦੀ ਮੈਂ ਉਸ ਦੇ ਨਾਲ-ਨਾਲ ਤੁਰਿਆ ਜਾ ਰਿਹਾ ਹਾਂ ਉਸ ਦੇ ਕਦਮ ਤੇਜ਼ ਨੇ ਮੇਰੇ ਕੋਲੋਂ ਉਸ ਬਰਾਬਰ ਤੁਰਿਆ ਨਹੀਂ ਜਾ ਰਿਹਾ ਉਸਨੇ ਨੇ ਤਾਂ ਹੌਲੀ ਤੁਰਨਾ ਸਿੱਖਿਆ ਹੀ ਨਹੀਂ ਤੇ ਨਾ ਹੀ ਥੱਕਣਾ। ਉਹ ਤਾਂ ਧੁੱਦਲਾਂ ਵਿਚੋਂ ਦੀ ਜਾਤ ਦੇ ਮੇਹਣੇ ਢੋਹਦਾ ਇੱਥੇ ਤਕ ਅੱਪੜਿਆ ਹੈ ਉਸ ਦੀਆਂ ਪਿੰਨੀਆਂ ਕਿਵੇਂ ਫੁਲ ਸਕਦੀਆਂ ਨੇ।ਆਖਰ ਬੱਸ ਵਿਚ ਬੈਠ ਗਏ ਹਾਂ ਉਹ ਆਪਣੇ ਸੰਘਰਸ਼ ਦੇ ਦਿਨਾਂ ਅਤੇ ਪਿੰਡ ਮਾਧੋਪੁਰ ਦੀਆਂ ਗੱਲਾਂ ਕਰਦਾ ਹੈ ਤਾਂ ਉਸ ਦਾ ਅੱਖਾਂ ਵਿਚਲਾ ਪਾਣੀ ਝੰਮਣਾਂ ਤੋਂ ਵਾਰ-ਵਾਰ ਪਿੱਛਾ ਮੁੜਦਾ ਹੈ। ਮੈਂ ਦੱਸਿਆ ਕਿ ਮੇਰੀ ਭੂਆ ਤੁਹਾਡੇ ਪਿੰਡ ਦੀ ਹੈ ਉਹ ਮੈਨੂੰ ਦੱਸਿਆ ਕਰਦੀ ਸੀ ਕਿ ਸਾਡੇ ਪਿੰਡ ਦਾ ਮੁੰਡਾ ਬਹੁਤ ਪੜ੍ਹਿਆ ਲਿਖਿਆ ਹੈ ਤੇ ਦਿੱਲੀ ਰਹਿੰਦਾ ਹੈ ਜੇ ਕਿਸੇ ਨੇ ਗਰੀਬੀ ਵਿਚੋਂ ਉੱਠ ਕੇ ਜਾਤ ਦਾ ਕੋਹੜ ਲਾਹੁਣਾ ਹੋਵੇ ਤਾਂ ਉਸ ਨੂੰ ਪਹਿਲਾਂ ਗੁੱਡ( ਬਲਬੀਰ) ਹੋਣਾ ਪੈਣਾ ਹੈ ਉਹ ਮੁਸਕਰਾਇਆ ਹੈ। ਘਰ ਪਹੁੰਚ ਕੇ ਸਿੱਧਾ ਉਸਦੇ ਕਮਰੇ ਵਿਚ ਅਪੜੇ ਹਾਂ ਜਿੱਥ ਬੈਠ ਕੇ ਉਹ ਆਪਣਾ ਪੜ੍ਹਨ ਲਿਖਣ ਦਾ ਕੰਮ ਕਰਦਾ ਹੈ। ਉਸ ਦੇ ਸਟੱਡੀ ਟੇਬਲ ਦੇ ਪਾਵਿਆਂ ਥੱਲੇ ਚਾਰ-ਚਾਰ ਇੱਟਾਂ ਪਈਆਂ ਨੇ ਮੈਂਨੂੰ ਹੁਣ ਪਤਾ ਲੱਗਾ ਗੁੱਡ ਤੋਂ ਬਲਬੀਰ ਮਾਧੋਪੁਰੀ ਕਿਵੇਂ ਹੋਇਆ ਜਾਂਦਾ ਹੈ। ਇਹ ਤਾਂ ਆਪਣਿਆਂ ਪੁਰਖਿਆਂ ਦੀਆਂ ਨੀਹਾਂ ਉੱਤੇ ਖੜ੍ਹਾ ਹੈ ਇਸਨੂੰ ਕੌਣ ਹਿਲਾ ਸਕਦਾ ਹੈ। ਉਸ ਨੇ ਮੈਨੂੰ ਆਪਣਾ ਨਵਾਂ ਨਾਵਲ ਦੇ ਪੰਜ ਸੱਤ ਪੰਨੇ ਪੜ੍ਹ ਕੇ ਸੁਣਾਏ ਮੇਰੇ ਕੋਲ ਜਿਆਦਾ ਸੁਣੇ ਨਹੀਂ ਗਏ ਬਹੁਤ ਦਰਦ ਹੈ ਉਸ ਅੰਦਰ ਪਤਾ ਨਹੀਂ ਕਿਵੇ ਤੁਰਿਆ ਫਿਰਦਾ ਹੈ ਇਹ ਇਨਸਾਨ। ਰਾਤ ਅਸੀਂ ਬੁਹਤ ਗੱਲਾਂ ਕੀਤੀਆਂ ਸਾਹਿਤ ਅਤੇ ਸਾਹਿਤਕਾਰਾਂ ਬਾਰੇ। ਸਵੇਰੇ ਮੈਨੂੰ ਆਉਣ ਲੱਗੇ ਨੂੰ ਉਸ ਨੇ ਕੁਝ ਪੈਸੇ ਦੇ ਕੇ ਪਿਆਰ ਦਿੱਤਾ ਜਿਹਨਾਂ ਨੂੰ ਮੈਂ ਆਪਣੀ ਕਮੀਜ਼ ਦੀ ਅਗਲੇ ਜੇਬ ਵਿਚ ਪਾ ਕੇ ਸਾਰੀ ਵਾਟ ਦੇਖਦਾ ਆਇਆ ਤਾਂ ਅਜੇ ਵੀ ਮੇਰੀ ਉਹ ਪੈਸੇ ਖਰਚਣ ਜੀ ਹਿੰਮਤ ਨਹੀਂ ਪੈਂਦੀ।  

(ਲੇਖਕ ਨਾਲ ਇਸ9779250653 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)