ਕਿਸਾਨ ਵੀਰੋ! ਤੁਸੀਂ ਵੀਹ ਸੌ ਵੀਹ ਨੂੰ ਦਿਲਾਂ-ਦਿਮਾਗਾਂ ਦੀਆਂ ਕੰਧਾਂ ‘ਤੇ ਡੂੰਘਾ ਕੁਰੇਦ ਦਿੱਤਾ ਏ…

0
73227

-ਬਲਜੀਤ ਖ਼ਾਨ ਮੋਗਾ

ਜਿੱਥੇ-ਜਿੱਥੇ ਤੁਸੀਂ ਤੰਬੂ ਲਾਏ ਹੋਏ ਹਨ ਤੇ ਟਰਾਲੀਆਂ ਖਲ੍ਹਿਆਰੀਆਂ ਹੋਈਆਂ ਹਨ, ਥੋਡਾ ਉਹਨਾਂ ਥਾਵਾਂ ਨਾਲ਼ ਮੋਹ ਪੈ ਜਾਣਾ ਏ। ਜਦੋਂ ਓਥੋਂ ਤੁਰੇ ਮਨ ਉਦਾਸ ਹੋਵੇਗਾ, ਰੋਣ ਵੀ ਆਵੇਗਾ। ਬੇਸ਼ੱਕ ਉਹ ਚੁੱਲ੍ਹੇ ਤੇ ਚੁਰਾਂ ਆਰਜ਼ੀ ਹਨ ਪਰ ਤੁਰਨ ਲੱਗਿਆਂ ਉਹਨਾਂ ਨੂੰ ਢਾਹੁਣਾ ਬੜਾ ਔਖਾ ਹੋਵੇਗਾ। ਤੁਹਾਡਾ ਮਨ ਹੋਰ ਕੁਝ ਦਿਨ ਰੁਕਣ ਨੂੰ ਕਰੇਗਾ, ਸੋਚੋਂਗੇ ਇਹ ਮੇਲਾ ਵਿੱਝੜ ਕਿਉਂ ਚੱਲਿਆ। ਅਜਿਹੀਆਂ ਘੜੀਆਂ ਸਦੀਆਂ ਬਾਅਦ ਕਦੇ ਆਉਂਦੀਆਂ ਨੇ। ਤੁਸੀਂ ਵੱਡਭਾਗੇ ਹੋ ਕਿ ਤੁਸੀਂ ਸਿਰਫ਼ ਇਹਨਾਂ ਇਤਿਹਾਸਕ ਪਲਾਂ ਦੇ ਗਵਾਹ ਹੀ ਨਹੀਂ ਬਣੇ ਸਗੋਂ ਪੂਰੇ ਸਤ੍ਰਕ ਪਾਤਰ ਬਣ ਵਿੱਚਰੇ ਹੋਂ। ਵਧਾਈ ਹੋਵੇ ਥੋਨੂੰ!

ਬਰਲਿਨ ਦੀ ਕੰਧ ਵਾਂਗ ਸ਼ਾਇਦ ਕੋਈ ਕੰਕਰ-ਰੋੜੀ ਯਾਦ-ਨਿਸ਼ਾਨੀ ਵਜੋਂ ਝੋਲ਼ੇ ‘ਚ ਪਾ ਕੇ ਪਿੰਡ ਪਰਤੋਂ ਅਤੇ ਇਹ ਵੀ ਹੋ ਸਕਦਾ ਏ ਕੋਈ ਤੁਹਾਡੀ ਪੈੜ ਦੀ ਮਿੱਟੀ ਨੂੰ ਕਿਸੇ ਸੁੱਚੇ ਲੀੜੇ ਦੀ ਟਾਕੀ ਵਿੱਚ ਬੰਨ੍ਹ ਕੇ ਸਦਾ ਲਈ ਸਾਂਭ ਲਵੇ।

ਤੁਹਾਡੇ ਤੁਰਣ ਮਗਰੋਂ ਦਿੱਲੀ ਦੀਆਂ ਗ਼ਲੀਆਂ ਸੁੰਞੀਆਂ ਹੋ ਜਾਣੀਆਂ ਨੇ। ਓਏ, ਤੁਸੀਂ ਦਿਲ ਜਿੱਤ ਲਏ ਹਨ, ਤੁਸੀਂ ਸਿਕੰਦਰ ਬਾਦਸ਼ਾਹ ਨੂੰ ਕਿਤੇ ਪਿਛਾਂਹ ਛੱਡ ਦਿੱਤਾ ਏ!

ਥੋਡਾ ਕਿੱਸਿਆਂ, ਕਹਾਣੀਆਂ, ਕਿਤਾਬਾਂ ‘ਚ ਜ਼ਿਕਰ ਹੋਵੇਗਾ। ਤੁਸੀਂ ਵੀਹ ਸੌ ਵੀਹ ਨੂੰ ਦਿਲਾਂ-ਦਿਮਾਗਾਂ ਦੀਆਂ ਕੰਧਾਂ ‘ਤੇ ਡੂੰਘਾ ਕੁਰੇਦ ਦਿੱਤਾ ਏ। ਥੋਨੂੰ ਦਸਾਂ ‘ਚੋਂ ਸੌ ਨੰਬਰ ਦੇਣ ਨੂੰ ਜੀਅ ਕਰਦਾ ਏ।

ਨਾ ਤਾਂ ਐਤਕੀਂ ਵਰਗਾ ਛੇਤੀ ਕਿਤੇ ਪਹਿਲੇ ਪਾਤਸ਼ਾਹ ਦਾ ਗੁਰਪੁਰਬ ਆਉਣਾ ਏ ਨਾਂ ਹੀ ਐਤਕੀਂ ਵਰਗਾ ਨਵਾਂ ਸਾਲ਼ ਚੜ੍ਹਣਾ ਏ।

ਥੋਨੂੰ ਓਸ ਮੁਹੱਲੇ ਦੇ ਅਨਾਥ ਤੇ ਗ਼ਰੀਬ ਬੱਚੇ ਸਾਰੀ ਉਮਰ ਯਾਦ ਰੱਖਣਗੇ ਜਿੰਨ੍ਹਾਂ ਨੂੰ ਤੁਸੀਂ ਸਾਦ-ਮੁਰਾਦੀ, ਸੁਚੱਜੀ ਜ਼ਿੰਦਗੀ ਦੇ ਦਰਸ਼ਨ ਕਰਵਾਏ ਹਨ। ਜਿਉਣ-ਜੋਗਿਉ, ਥੋਡੀਆਂ ਉਡੀਕਾਂ ਹੋਣਗੀਆਂ!

ਉਮੀਦ ਕਰਦਾ ਹਾਂ, ਕਈਆਂ ਨਾਲ਼ ਹੋਈਆਂ ਨਵੀਆਂ ਵਾਕਫ਼ੀਅਤਾਂ ਤਾਅ-ਉਮਰ ਨਿਭਣਗੀਆਂ।

ਸਾਲਾਂ ਬਾਅਦ ਉਹਨਾਂ ਰਾਹਾਂ ਉੱਤੋਂ ਦੀ ਜਦੋਂ ਕਦੇ ਗੇੜਾ ਲੱਗੇਗਾ ਤਾਂ ਅਣਗਿਣਤ ਯਾਦਾਂ ਹਾਜ਼ਰੀ ਲਵਾਉਣ ਆ ਬਹੁੜਣਗੀਆਂ। ਮਨ ਪਿਛਲ-ਝਾਤ ਮਾਰੇਗਾ, ਕਦੇ ਇਹਨਾਂ ਸੜਕਾਂ ‘ਤੇ ਭੁੰਜੇ ਸੁੱਤੇ ਸਾਂ, ਰੋਟੀਆਂ ਪਕਾਈਆਂ ਤੇ ਖਾਧੀਆਂ ਸਨ, ਨਾਹਰੇ ਲਾਏ ਅਤੇ ਪੋਹ ਦੀਆਂ ਠੰਢੀਆਂ ਰਾਤਾਂ ਨੂੰ ਤੰਗੀਆਂ ਝੱਲੀਆਂ ਸਨ। ਮਾਣ ਹੋਵੇਗਾ, ਜਿਵੇਂ ਸਾਬਕਾ ਵਿਦਿਆਰਥੀ ਦਾ ਮਨ ਆਪਣੇ ਸਕੂਲ ਜਾਂ ਕਾਲਜ ਦੀ ਇਮਾਰਤ ਨੂੰ ਨਤਮਸਤਕ ਹੋਣ ਨੂੰ ਕਰਦਾ ਏ ਤੁਹਾਡਾ ਵੀ ਕਰੇਗਾ, ਖੇੜਾ ਅਤੇ ਵੈਰਾਗ ਇੱਕੋ ਵੇਲ਼ੇ ਤੁਹਾਡੀ ਰੂਹ ਨੂੰ ਕਲਾਵੇ ‘ਚ ਲੈ ਲੈਣਗੇ।

ਸਾਡਾ ਵੀ ਦੂਰ ਬੈਠਿਆਂ ਦਾ ਮਨ ਵਾਰ-ਵਾਰ ਵੈਰਾਗ ‘ਚ ਡੁੱਬ ਜਾਂਦਾ ਏ, ਭੁਲੇਖਾ ਪੈਂਦਾ ਏ, ਥੋਡੇ ‘ਚ ਕੋਈ ਹੋਰ ਬਿਰਾਜਮਾਨ ਏ।

ਚੜ੍ਹਦੀ ਕਲ਼ਾ ਕੀ ਹੁੰਦੀ ਏ, ਕੀ ਚੜ੍ਹਦੀ ਕਲ਼ਾ ਖ਼ੁਸ਼ੀ ਹੁੰਦੀ ਏ?

ਨਹੀਂ….. ਗ਼ਮੀ ‘ਚ ਵੀ ਹੌਂਸਲੇ ਦਾ ਜਜ਼ਬਾ ਹੁੰਦੀ ਏ, ਜ਼ਿੰਦਗੀ ਅਤੇ ਮੌਤ ਤੋਂ ਪਾਰ ਦੇਖਣ ਦੀ ਦੂਰ-ਦ੍ਰਿਸ਼ਟੀ ਹੁੰਦੀ ਏ ਜੋ ਹੋਕਾ ਦਿੰਦੀ ਏ, ਲੋਕੋ, ਗਵਾਇਆ ਕੁਝ ਵੀ ਨਹੀਂ।

ਆਪਣੀਆਂ ਜਿੱਤਾਂ ਅਤੇ ਪ੍ਰਾਪਤੀਆਂ ਨੂੰ ਆਪਣੇ ਵੱਡੇ-ਵਡੇਰਿਆਂ ਦੇ ਨਾਂ ਲਿਖ ਦੇਣਾ ਹੀ ਗੁਰੂ ਵਾਲ਼ੇ ਹੋਣਾ ਹੁੰਦਾ ਏ!

ਇਸ ਵਾਰ ਅਸੀਂ ਘਰੋਂ ਐਸੇ ਨਿੱਕਲੇ ਕਿ ਸੱਚੀਂ ਘਰ ਪਰਤ ਆਏ ਹਾਂ। ਪਛਾਣ ਹੋ ਗਈ ਆਪਣੇ ਤੇ ਗੈਰ ਦੀ! ਨੇਤਾਜਨਾਂ ਨੂੰ ਤੁਸੀਂ ਸਿਰ ਤੋਂ ਪੈਰਾਂ ਤਾਈਂ ਨੰਗਾ ਕਰ ਦਿੱਤਾ ਏ, ਜੁਅਰਤ ਨਹੀਂ ਉਹਨਾਂ ‘ਚ ਥੋਡੇ ਨਾਲ਼ ਅੱਖ ‘ਚ ਅੱਖ ਪਾ ਕੇ ਗੱਲ ਕਰਨ ਦੀ, ਅੱਗੇ ਤੋਂ ਵੀ ਉਹਨਾਂ ਨੂੰ ਮੂੰਹ ਨਾ ਲਾਇਓ।

ਆਹਾ, ਸਾਨੂੰ ਸਭ ਸਮੱਸਿਆਵਾਂ ਦੀ ਕੁੰਜੀ ਲੱਭ ਗਈ ਏ!

ਇਹਨੂੰ ਚਾਹੇ ਅੰਦੋਲਨ ਕਹਿ ਲਵੋ, ਚਾਹੇ ਮੋਰਚਾ, ਚਾਹੇ ਸੰਘਰਸ਼, ਚਾਹੇ ਲੜਾਈ, ਚਾਹੇ ਧਰਨਾ, ਚਾਹੇ ਏਕਾ!!

ਤੁਸੀਂ ਜਿਉਂਦੇ-ਵੱਸਦੇ ਰਹੋ, ਸ਼ਾਦ ਰਹੋ, ਆਬਾਦ ਰਹੋ!

ਆਉ ਇੱਕੋ ਸਾਹੇ ਆਖੀਏ, ਇਨਕਲਾਬ ਜ਼ਿੰਦਾਬਾਦ, ਜੈ ਜਵਾਨ ਜੈ ਕਿਸਾਨ, ਜੋ ਬੋਲੇ ਸੋ ਨਿਹਾਲ, ਸਾਸਰੀਆ ਕਾਲ!