ਜਲੰਧਰ : ਦੇਵੀ ਤਾਲਾਬ ਮੰਦਿਰ ਦੇ ਸਰੋਵਰ ‘ਚੋਂ ਮਿਲੀ ਲਾ.ਸ਼, ਪੁਲਿਸ ਜਾਂਚ ‘ਚ ਜੁਟੀ

0
312

ਜਲੰਧਰ, 30 ਜਨਵਰੀ| ਜਲੰਧਰ ‘ਚ ਸਥਿਤ ਸ਼ਕਤੀ ਪੀਠ ਸ਼੍ਰੀ ਦੇਵੀ ਤਾਲਾਬ ਮੰਦਰ ਦੇ ਸਰੋਵਰ ‘ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਇੱਕ ਸੇਵਾਦਾਰ ਨੂੰ ਘਟਨਾ ਬਾਰੇ ਸਭ ਤੋਂ ਪਹਿਲਾਂ ਪਤਾ ਲੱਗਾ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਸ਼੍ਰੀ ਦੇਵੀ ਤਾਲਾਬ ਮੰਦਰ ਦੀ ਸਕਿਓਰਿਟੀ ਨੂੰ ਦਿੱਤੀ ਗਈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਘਟਨਾ ਵਾਲੀ ਥਾਂ ’ਤੇ ਜਾਂਚ ਲਈ ਪੁੱਜੀ। ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ।

ਥਾਣਾ-8 ਦੇ ਐਸਐਚਓ ਪ੍ਰਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਸਵੇਰੇ ਕਰੀਬ 11.45 ਵਜੇ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਜਾਂਚ ਲਈ ਟੀਮ ਭੇਜੀ ਗਈ ਹੈ। ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖੁਦਕੁਸ਼ੀ ਹੈ ਜਾਂ ਹਾਦਸਾ। ਪੁਲਿਸ ਆਸਪਾਸ ਲੱਗੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ। ਮਾਮਲੇ ਦੀ ਜਾਣਕਾਰੀ ਮੰਦਿਰ ਕਮੇਟੀ ਨੂੰ ਵੀ ਦੇ ਦਿੱਤੀ ਗਈ ਹੈ।

ਮੁੱਖ ਮੰਦਿਰ ਨੇੜਿਓਂ ਮਿਲੀ ਲਾਸ਼

ਸ਼੍ਰੀ ਦੇਵੀ ਤਾਲਾਬ ਮੰਦਿਰ ਦੇ ਸੁਰੱਖਿਆ ਇੰਚਾਰਜ ਸਬ ਇੰਸਪੈਕਟਰ ਸੋਢੀ ਲਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਾਹਿਲ ਸ਼ਿਆਮਾ (33) ਪੁੱਤਰ ਬਲਵਿੰਦਰ ਕੁਮਾਰ ਸ਼ਿਆਮਾ ਵਜੋਂ ਹੋਈ ਹੈ। ਐਸ.ਆਈ. ਸੋਢੀ ਲਾਲ ਨੇ ਦੱਸਿਆ ਕਿ ਇਹ ਲਾਸ਼ ਮੁੱਖ ਮੰਦਿਰ ਨੇੜਿਓਂ ਬਰਾਮਦ ਕੀਤੀ ਗਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲਾਸ਼ ਕਰੀਬ 2 ਦਿਨ ਪੁਰਾਣੀ ਹੈ, ਕਿਉਂਕਿ ਸਰੀਰ ਬੁਰੀ ਤਰ੍ਹਾਂ ਫੁੱਲਿਆ ਹੋਇਆ ਸੀ।

ਆਧਾਰ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਬਰਾਮਦ

ਪੁਲਿਸ ਨੇ ਮ੍ਰਿਤਕ ਕੋਲੋਂ ਇਕ ਆਧਾਰ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਬਰਾਮਦ ਕੀਤਾ ਹੈ। ਜਿਸ ‘ਤੇ ਸੋਢਲ ਨਗਰ ਦੇ ਨਾਲ ਲੱਗਦੇ ਸ਼ਿਵ ਨਗਰ ਦਾ ਪਤਾ ਲਿਖਿਆ ਹੋਇਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਇੱਕ ਟੀਮ ਨੂੰ ਮ੍ਰਿਤਕ ਦੇ ਘਰ ਵੀ ਭੇਜਿਆ ਗਿਆ ਹੈ। ਫਿਲਹਾਲ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਪੁਲਿਸ ਕੋਲ ਬਿਆਨ ਦਰਜ ਨਹੀਂ ਕਰਵਾਏ ਹਨ। ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।