-ਸੁਖਦੇਵ ਸਿੰਘ
ਸੁਮੇਧ ਸੈਣੀ ਕੋਈ ਮਾਤੜ ਨਹੀਂ | ਭਾਰਤੀ ਸਟੇਟ ਦਾ ਦੁਰਲਭ ਹੀਰਾ ਹੈ | ਭਾਰਤੀ ਸਟੇਟ ਦੀ ਸਾਵਰਨ ਤਾਕਤ ਦਾ ਚਿੰਨ ਹੈ |
ਸਟੇਟ ਅਪਣੀ ਹੋਂਦ ਦੀ ਲੜਾਈ ਲੜ ਰਹੀ ਹੈ | ਭਾਰਤ ਜੇ ਇਕ ਸੁਭਾਵਕ, ਸਾਧਾਰਨ ਦੇਸ ਹੁੰਦਾ ਤਾਂ ਉਸ ਨੂੰ ਅਪਣੀ ਹੋਂਦ ਨੂੰ ਬਰਕਰਾਰ ਰਖਣ ਲਈ ਲੜਨ ਦੀ ਲੋੜ ਨਹੀਂ ਪੈਣੀ ਸੀ | ਲੜਨਾ ਇਸ ਲਈ ਪੈ ਰਿਹਾ ਹੈ ਕਿਉਂਕਿ ਇਹ ਬਰਤਾਨਵੀ ਸਾਮਰਾਜੀ ਸਟੇਟ ਦੀ ਉਤਰ-ਅਧਿਕਾਰੀ ਹੈ | ਇਸ ਨੂੰ ਸਦੀਆਂ ਤਕ ਚਲੇ ਜੰਗਾਂ-ਯੁੱਧਾਂ ਅਤੇ ਮਹਿਲੀ ਚਲਿਤਰਾਂ ਰਾਹੀਂ ਤੁੱਥ-ਮੁੱਥ ਢੰਗ ਨਾਲ ਇਕਤਰ ਕੀਤਾ ਗਿਆ ਸੀ | ਵਰਤਮਾਨ ਭਾਰਤ ਵਿਚਾਰ ਪਖੋਂ ਗਾਂਧੀ-ਨਹਿਰੂ ਦੇ ਜ਼ਰਖੇਜ਼ ਦਿਮਾਗ਼ ਦੀ ਉਪਜ ਸੀ ਜਦ ਕਿ ਅਣਗਿਣਤ ਸਦੀਆਂ ਤੋਂ ਇਹ ਸੈਂਕੜੇ ਰਿਆਸਤਾਂ ਦਾ ਉਪ-ਦੀਪ ਚਲਦਾ ਆ ਰਿਹਾ ਸੀ |
ਹੁਣ ਬਰਤਾਨਵੀ ਹਕੂਮਤ ਵਿਰੋਧੀ, ਪੂਰਵ-ਸਥਿਤੀ ਪਖੀ, ਸ਼ਕਤੀਆਂ ਵਾਲੇ ਇਤਹਾਸਕ ਰੁਝਾਣ ਅਪਣੇ ਅਪਣੇ ਥਾਂ ਕਾਰਜਸ਼ੀਲ ਹਨ |
ਪਿਛਲੇ ਸੌ ਸਵਾ ਸੌ ਸਾਲ ਦੌਰਾਨ ਬਦਲੇ ਫੌਜੀ ਸ਼ਕਤੀ ਸੰਤੁਲਨ ਪਰਬੰਧ ਅਧੀਨ ਇਸ ਕਾਰਜਸ਼ੀਲਤਾ ਨੇ ਆਤੰਕੀ ਰਾਹ ਹੀ ਫੜਨਾ ਸੀ, ਉਹੀ ਉਸ ਨੇ ਫੜ ਰਖਿਆ ਹੈ |
ਇਸ ਆਤੰਕ ਨੂੰ ਕੁਚਲਣ ਲਈ ਸਟੇਟ ਨੂੰ ਵੀ ਵਿਪਰੀਤ ਆਤੰਕੀ ਰਾਹ ਫੜਨਾ ਹੀ ਵਧੇਰੇ ਸੌਖਾ ਅਤੇ ਤਟ-ਫਟ ਨਤੀਜੇ ਦੇਣ ਵਾਲਾ ਲਗਦਾ ਹੈ | ਸੋ ਕੇਪੀਐਸ ਗਿਲਾਂ ਅਤੇ ਸੈਣੀਆਂ ਦੀ ਭਾਰਤੀ ਸਟੇਟ ਲਈ ਸਖਤ ਲੋੜ ਚਲਦੀ ਆਈ ਹੈ ਅਤੇ ਚਲਦੀ ਰਹਿਣੀ ਹੈ |
ਜੇ ਇਹ ਕਹਾਣੀ ਪੰਜਾਬ ਜਿਹੇ ਇਕ-ਅਧ ਖੇਤਰ ਤਕ ਸੀਮਤ ਹੁੰਦੀ ਤਾਂ ਸੈਣੀ ਵਰਗੇ ਉਂਗਲਾਂ ਤੇ ਗਿਣੇ ਚੁਣੇ ਵਿਗੜਿਆਂ ਨੂੰ ਰੜੇ ਮੈਦਾਨ ਸੁੱਟ ਦੇਣਾ ਸਟੇਟ ਲਈ ਕੋਈ ਵਡੀ ਕੁਰਬਾਨੀ ਨਹੀਂ ਹੋਣੀ ਸੀ | ਪਰ ਜਦ ਪੰਜਾਬ ਜਿਹੀਆਂ ਵੱਖਵਾਦੀ ਪਰਵਿਰਤੀਆਂ ਪੈਰ ਪੈਰ ਤੇ ਉਠ ਖੜੀਆਂ ਹੋਣ ਤਾਂ ਸਟੇਟ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹ ਸੈਣੀ ਵਰਗੇ ਹੀਰਿਆਂ ਦੀ ਹਰ ਔਖ ਸੌਖ ਵਿਚ ਰਖਵਾਲੀ ਕਰੇ |
ਜੇ ਸੈਣੀ ਜਿਹੇ ਕਾਤਲ ਅਤੇ ਗ਼ੈਰਕਾਨੂੰਨੀ ਕਰਤੂਤਾਂ ਕਰਨ ਵਾਲੇ ਬਦਮਾਸ਼ ਰੁਲ਼ਣ ਦਿਤੇ ਜਾਣਗੇ ਤਾਂ ਥਾਂ ਥਾਂ ਲੋੜੀਂਦੇ ਨਵੇਂ ਸੈਣੀ ਪੈਦਾ ਕਿਵੇਂ ਕੀਤੇ ਜਾ ਸਕਣਗੇ ? ਇਸ ਲਈ ਸੈਣੀ ਨੂੰ ਬਚਾਉਣਾ ਅਤੇ ਬਚਾਈ ਰਖਣਾ ਸਟੇਟ ਦਾ ਪਵਿਤਰ ਫਰਜ਼ ਬਣ ਜਾਂਦਾ ਹੈ ਜੋ ਉਹ ਨਿਭਾ ਰਹੀ ਹੈ |
ਹੋਰ ਵਡੀ ਗਲ ਇਹ ਹੈ ਜਦ ਸਿਖ ਜਿਹੀ ਧਿਰ ਭਾਰਤੀ ਸਟੇਟ ਦੇ ਕਿਸੇ ਹੀਰੇ ਦੇ ਗਲ ਫਾਹੀ ਪੈਣ ਤੇ ਸੰਤੁਸ਼ਟੀ ਦਾ ਪਰਗਟਾਵਾ ਕਰਦੀ ਵਿਖਾਈ ਦੇਵੇ ਤਾਂ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਕਿਸੇ ਅਜਿਹੀ ਧਿਰ ਦੇ ਦਿਮਾਗਾਂ ਨੂੰ ਟਿਕਾਣੇ ਸਿਰ ਰਖੀ ਰਖੇ |
(ਸੁਖਦੇਵ ਸਿੰਘ ਸੀਨੀਅਰ ਪੱਤਰਕਾਰ ਹਨ।)