-ਕਰਨ
ਡੇਢ ਮਹੀਨੇ ਤੋਂ ਵੱਧ ਦੇ ਸਮੇਂ ‘ਚ ਅੰਦਰੀਂ ਤੜੇ ਬੰਦਿਆਂ ਦੇ ਏਨੇ ਰੂਪ ਸਾਹਮਣੇ ਆਏ ਜਾਂ ਕਹੋ ਕਿ ਏਨੀ ਹਨੇਰੀ ਦੇ ਬਾਵਜੂਦ ਉਹਨਾਂ ਅੰਦਰੋਂ ਉਹ ਕੌੜ ਨਹੀਂ ਗਈ, ਜਿਹੜੀ ਕਿਸੇ ਵੀ ਬਿਮਾਰ ਸਮੇਂ ‘ਚ ਚਲੇ ਜਾਣ ਦੀ ਉਮੀਦ ਕੀਤੀ ਜਾ ਸਕਦੀ ਹੈ। ਇਹ ਗੱਲ ਮੈਂ ਮਹਿਸੂਸ ਕੀਤੀ ਪਿਛਲੇ ਦਿਨਾਂ ‘ਚ ਇੱਕ ਗੀਤ ਨੂੰ ਲੈ ਕੇ ਰਣਜੀਤ ਬਾਵਾ ਅਤੇ ਗੀਤ ਦੇ ਲੇਖਕ ਬੀਰ ਸਿੰਘ ਨੂੰ ਟਰੋਲ ਕੀਤੇ ਜਾਣ ਵਾਲੀ। ਉਸ ਗੀਤ ਵਿੱਚ ਲੇਖ ਵੱਲੋਂ ਬਾਹਰੀ ਭੇਖ ਤੇ ਧਰਮ ਦੇ ਅਸਲੀ ਭਾਵ ਨੂੰ ਪ੍ਰਤੀਕਮਈ ਤਰੀਕੇ ਨਾਲ ਲਿਖਿਆ/ਗਾਇਆ ਗਿਆ ਹੈ। ਪਰੰਤੂ ਜਿਵੇਂ ਇਨਟਾਲਰੇਂਸ ਦੇ ਅਸੀਂ ਆਦੀ ਹੋ ਗਏ ਹਾਂ, ਕੁੱਝ ਖਾਸ ਸਮਿਆਂ ਤੋਂ, ਇਹਦੇ ਨਾਲ ਵੀ ਇੰਝ ਹੀ ਹੋਇਆ। ਧਾਰਮਿਕ ਭਾਵਨਾਵਾਂ ਭੜਕਾਏ ਜਾਣ ਦੇ ਬਹਾਨੇ ਪਰਚਾ ਦਰਜ ਕਰਨ ਲਈ ਅਰਜੀ ਪਹੁੰਚ ਗਈ ਥਾਣੇ। ਉਹਨਾਂ ਕਾਨੂੰਨੀ ਸਲਾਹ ਲੈਣ ਲਈ ਭੇਜ ਦਿੱਤੀ। ਪਰੰਤੂ ਇਸੇ ਸਮੇਂ ਦੌਰਾਨ ਸੋਸ਼ਲ ਮੀਡੀਆ ਉੱਪਰ ਜੋ ਉਹਨੂੰ ਗਾਲ਼ਾ ਵਰ੍ਹਾਈਆਂ ਗਈਆਂ, ਮੰਦਾ ਬੋਲਿਆ ਗਿਆ, ਉਹਦੇ ਵਿਰੁੱਧ ਕਿਸੇ ਨੇ ਇਤਰਾਜ਼ ਤੱਕ ਨਹੀਂ ਕੀਤਾ। ਕੀ ਅਸੀਂ ਸੰਵਾਦ ਦੀ ਭਾਸ਼ਾ ਜਾਂ ਸੱਭਿਆਚਾਰ ਗਵਾ ਚੁੱਕੇ ਹਾਂ? ਕੀ ਸਾਡੇ ਕੋਲ ਆਪਣੇ ਵਿਚਾਰ ਦੇ ਪੱਖ ‘ਚ ਸ਼ਬਦ ਹੀ ਨਹੀਂ ਹੈਗੇ ਕਿ ਅਸੀਂ ਤੁਰੰਤ ਗਾਲ਼ ਦੀ ਭਾਸ਼ਾ ‘ਤੇ ਆ ਜਾਂਦੇ ਹਾਂ?
ਸਾਡਾ ਸੰਵਿਧਾਨ ਸਾਨੂੰ ਬੋਲਣ ਦੀ ਅਜ਼ਾਦੀ ਦਿੰਦਾ ਹੈ। ਅਸੀਂ ਆਪਣੇ ਵਿਚਾਰ ਇੱਕ ਮਰਿਆਦਾ ‘ਚ ਰਹਿ ਕੇ ਪੇਸ਼ ਕਰ ਸਕਦੇ ਹਾਂ। ਉਹ ਰਣਜੀਤ ਬਾਵਾ ਨੇ ਗਾਏ। ਹੁਣ ਹੋਇਆ ਇਹ ਹੈ ਕਿ ਤਾਜ਼ਾ ਖਬਰ ਮੁਤਾਬਿਕ ਉਹਦੇ ਖਿਲਾਫ ਦਿੱਤੀ ਅਰਜ਼ੀ ਪੁਲਿਸ ਨੇ ਕਾਨੂੰਨ ਧਿਆਨ ‘ਚ ਰੱਖਦਿਆਂ ਖਾਰਜ ਕਰ ਦਿੱਤੀ ਹੈ। ਭਾਵ ਇਹ ਹੋਇਆ ਕਿ ਕਾਨੂੰਨ ਦੀ ਨਜ਼ਰ ‘ਚ ਉਹਨੇ ਕੋਈ ਜ਼ੁਰਮ ਨਹੀਂ ਕੀਤਾ। ਫਿਰ ਉਹਨੂੰ ਇਸ ਗੈਰ-ਜ਼ੁਰਮ ਲਈ ਜਿਹਨਾਂ ਲੋਕਾਂ ਨੇ ਮਾੜੀ ਭਾਸ਼ਾ ਦਾ ਪ੍ਰਯੋਗ ਕੀਤਾ ਹੈ, ਉਹਨੂੰ ਕਿਹੜਾ ਕਾਨੂੰਨ ਸਜ਼ਾ ਦੇਵੇਗਾ? ਕੀ ਤੁਸੀਂ ਖੁਦ ਨੂੰ ਦੋਸ਼ੀ ਦੇਖੋਗੇ ਇਸ ਮਾਮਲੇ ‘ਚ? ਕੀ ਤੁਹਾਡੀ ਜ਼ਮੀਰ ਤੁਹਾਨੂੰ ਕੋਸੇਗੀ? ਕੀ ਤੁਹਾਡੇ ਅੰਦਰੋਂ ਕਿਸੇ ਬੁਜ਼ਦਿਲੀ ਦਾ ਅਹਿਸਾਸ ਜਾਗੇਗਾ? ਕੀ ਤੁਸੀਂ ਖੁਦ ਨੂੰ ਸ਼ੀਸ਼ੇ ਸਾਹਮਣੇ ਰੱਖੋਗੇ? ਅਸੀਂ ਮਹਿਸੂਸ ਨਹੀਂ ਕਰ ਰਹੇ, ਪਰੰਤੂ ਹਿੰਸਾ ਸਾਡੇ ਮਨਾਂ ‘ਚ ਬੁਰੀ ਤਰ੍ਹਾਂ ਭਰ ਚੁੱਕੀ ਹੈ। ਸਾਡੇ ਕੋਲ ਬਰਦਾਸ਼ਤ ਦਾ ਮਾਦਾ ਹੀ ਨਹੀਂ ਰਿਹਾ। ਅਸੀਂ ਉਸ ਵਿਰਾਸਤ ਵਾਲੇ ਹਾਂ ਜਿੱਥੇ ਸੰਵਾਦ ਦੀ ਗੱਲ ਚੱਲਦੀ ਰਹੀ ਹੈ। ਜਿੱਥੇ ਗੋਸ਼ਟਾਂ ਹੁੰਦੀਆਂ ਰਹੀਆਂ ਹਨ। ਪਰ ਅਸੀਂ ਹੁਣ ਬਰਦਾਸ਼ਤ ਕਰਨਾ ਛੱਡ ਦਿੱਤਾ ਹੈ ਤੇ ਦੂਸਰਾ ਸਾਡੇ ਕੋਲ ਕੁੱਝ ਵੀ ਕਹਿਣ ਦੀ ਖੁੱਲ੍ਹ ਦੇਣ ਵਾਲਾ ਤੇ ਬਿਨਾਂ ਕਿਸੇ ਚੈੱਕ ਦੇ ਤੁਹਾਡੇ ਵਿਚਾਰ ਵਾਇਰਲ ਕਰਨ ਵਾਲਾ ਸੋਸ਼ਲ ਮੀਡੀਆ ਵੀ ਆ ਗਿਆ ਹੈ। ਇਸੇ ਕਰਕੇ ਅਸੀਂ ਕੋਰੋਨਾ ਵਰਗੀ ਭਿਆਨਕ ਮਹਾਮਾਰੀ ਦੇ ਫੈਲਾਅ ਵਾਲੇ ਦਿਨਾਂ ‘ਚ ਵੀ, ਜਦੋਂ ਬੰਦਾ ਖੌਫ ਨਾਲ ਭਰਿਆ ਬੈਠਾ ਹੈ, ਉਦੋਂ ਵੀ ਕਿਸੇ ਆਵਾਜ਼ ਨੂੰ ਦਬਾ ਦਿੱਤੇ ਜਾਣ ਦੀਆਂ ਕੋਸ਼ਿਸ਼ਾਂ ਹੀ ਕਰੀ ਤੁਰੇ ਜਾ ਰਹੇ ਹਾਂ।
ਅਸੀਂ ਤਾਂ ਇਹ ਵੀ ਦੇਖ ਰਹੇ ਹਾਂ ਕਿ ਇਸ ਕਰੋਪੀ ਨੇ ਅੱਜ ਦੇ ਉਪਭੋਗੀ ਸੱਭਿਆਚਾਰ ਦੀ ਭੇਟ ਚੜ੍ਹ ਗਏ ਬੰਦੇ ਨੂੰ ਕਈ ਗੱਲਾਂ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਉਹਦੇ ਸਾਹਮਣੇ ਸਵਾਲ ਨੇ ਕਿ ਉਹਨੇ ਆਪਣੀ ਅੰਨ੍ਹੀ ਦੌੜ ਵਿੱਚ ਕੁਦਰਤ ਨਾਲ ਜੋ ਖਿਲਵਾੜ ਕੀਤੇ ਹਨ, ਉਹਨਾਂ ਦੇ ਨਤੀਜੇ ਕਿੰਨੇ ਬੁਰੇ ਆ ਸਕਦੇ ਹਨ। ਜਲ-ਸਰੋਤਾਂ ਨੂੰ, ਹਵਾ ਨੂੰ, ਵਾਤਾਵਰਨ ਨੂੰ ਜਿਵੇਂ ਪ੍ਰਦੂਸ਼ਿਤ ਕੀਤਾ ਹੈ, ਕਿੱਡਾ ਭਿਆਨਕ ਹੈ। ਅੱਜ ਜਦੋਂ ਸਾਫ ਹਵਾ ਹੈ, ਤਾਂ ਸਾਨੂੰ ਆਪਣੇ ਕੀਤੇ ਉੱਤੇ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ। ਅੱਜ ਇਹ ਖਿਆਲ ਆ ਰਿਹਾ ਹੈ ਕਿ ਆਖਿਰ ਅਸੀਂ ਕਿਸ ਦੌੜ ਵਿੱਚ ਪਏ ਹੋਏ ਸਾਂ? ਸਾਨੂੰ ਏਡੀ ਬੇਚੈਨੀ ਕਾਹਦੀ ਸੀ? ਕਿੱਥੇ ਪਹੁੰਚਣਾ ਚਾਹੁੰਦੇ ਸਾਂ ਅਸੀਂ? ਆਪਣੀ ਆਉਣ ਵਾਲੀ ਨਸਲ ਲਈ ਕੀ ਬੀਜ ਰਹੇ ਸਾਂ ਅਸੀਂ? ਜ਼ਹਿਰ ਹੀ ਸੀ ਨਾ? ਪ੍ਰਦੂਸ਼ਣ ਹੀ ਸੀ? ਲਾਲਸਾ ਹੀ ਸੀ? ਅੰਨ੍ਹੀ ਹੀ ਸੀ ਨਾ ਸਾਡੀ ਦੌੜ? ਅੱਜ ਇਹ ਸਵਾਲ ਸਾਡਾ ਮੂੰਹ ਚਿੜਾ ਰਹੇ ਨੇ। ਬੰਦਾ ਉਂਗਲੀਆਂ ਟੁੱਕ ਰਿਹਾ ਹੈ। ਏਡੇ ਲੰਮੇ ਲੌਕਡਾਉਨ ‘ਚ ਉਹਨੂੰ ਆਪਣਾ ਸੈਲੂਨ ਤੋਂ ਬਾਹਰ ਰਹਿ ਗਿਆ ਚਿਹਰਾ ਦਿਖਣ ਲੱਗਾ ਹੈ। ਉਹ ਇਸੇ ਚਿਹਰੇ ਤੋਂ ਹੁਣ ਖੌਫ ਖਾ ਰਿਹਾ ਹੈ। ਇਹਨਾਂ ਸਵਾਲਾਂ ਦੇ ਸਨਮੁੱਖ ਹੀ ਭਵਿੱਖ ਦੀ ਨਿਸ਼ਾਨਦੇਹੀ ਹੋਣੀ ਹੈ। ਸਿਰਫ ਏਨਾ ਹੀ ਨਹੀਂ ਹੈ ਕਿ ਇਸ ਮਹਾਮਾਰੀ ਨੇ ਚਲੇ ਜਾਣਾ ਹੈ। ਇਹਨੇ ਕਈ ਚਿਹਰੇ ਨਸ਼ਰ ਕਰ ਕੇ ਜਾਣੇ ਹਨ। ਬੰਦੇ ਨੇ ਉਹਨਾਂ ਚਿਹਰਿਆਂ ਦੀ ਸ਼ਨਾਖਤ ਕਰਨੀ ਹੈ। ਬਲਕਿ ਖੁਦ ਦੇ ਚਿਹਰੇ ਦੀ ਸ਼ਨਾਖਤ ਅੱਜ ਦੇ ਸਮੇਂ ਦਾ ਕਰੂਰ ਸੱਚ ਹੈ। ਇਸ ਸ਼ਨਾਖਤ ‘ਚੋਂ ਨਵੇਂ ਬੰਦੇ ਦੇ ਘੜੇ ਜਾਣ ਦੀ ਕਨਸੋਅ ਵੀ ਉੱਭਰ ਰਹੀ ਹੈ। ਆਓ, ਇਸ ਨਵੇਂ ਬੰਦੇ ਨੂੰ ਮਾਨਵੀ ਮੁੱਲਾਂ ਤੋਂ ਸੱਖਣੇ ਨਾ ਹੋਣ ਦਈਏ।
(ਐੱਨ. ਐੱਚ. 38/3 ਨੀਲਾ ਮਹਿਲ , ਜਲੰਧਰ)