ਰੱਬ ਦੀ ਨਸਲ ਦੇ ਬੰਦਿਆਂ ਦਾ ਗਲਪ : ਆਦਮ-ਗ੍ਰਹਿਣ

0
9149

ਹਰਕੀਰਤ ਕੌਰ ਚਹਿਲ ਪੰਜਾਬੀ ਗਲਪ ‘ਚ ਇੱਕ ਸੰਵੇਦਨਸ਼ੀਲ ਨਾਮ ਹੈ। ਉਹ ਖੁਦ ਪਰਵਾਸ ਕਰ ਗਈ, ਪਰੰਤੂ ਪੰਜਾਬ ਦਾ ਕੋਈ ਗੁੱਝਾ ਅਹਿਸਾਸ ਉਹਦੇ ਅੰਤਰ ‘ਚ ਕਿਤੇ ਪਿਆ ਧੜਕਦਾ ਰਹਿੰਦਾ ਹੈ। ਸ਼ਬਦਾਂ ਸੰਗ ਸੰਵਾਦ ਕਰਦੀ-ਕਰਦੀ ਉਹ ਕਿਸੇ ਉਸ ਦਰਵੇਸ਼ੀ ਰੂਹ ‘ਚ ਕਿਆਮ ਕਰ ਗਈ ਨਜ਼ਰ ਆਉਣ ਲੱਗੀ ਹੈ, ਜਿਹੜਾ ਕਿਸੇ ਵੀ ਬਿਹਬਲ ਰੂਹ ਦੇ ਸੰਤਾਪ ‘ਤੇ ਕੁਰਲਾ ਉੱਠਦਾ ਹੈ। ਉਹਦਾ ਨਾਵਲ ‘ਆਦਮ-ਗ੍ਰਹਿਣ’ ਇਸਦੀ ਵੱਡੀ ਮਿਸਾਲ ਹੈ। ਉਹ ਕਿੰਨਰਾਂ ਨੂੰ ਜਦੋਂ ‘ਰੱਬ ਦੀ ਨਸਲ ਦੇ ਲੋਕ’ ਕਹਿੰਦੀ ਹੈ ਤਾਂ ਸੱਚਮੁੱਚ ਉਹਦੀ ਮਮਤਾ ਕਿਤੇ ਦ੍ਰਵਿਤ ਹੋ ਪੰਘਰਦੀ ਮਹਿਸੂਸ ਹੁੰਦੀ ਹੈ। ਮੋਹ ਤੋਂ ਵਿਛੁੰਨ ਦਿੱਤੇ ਇਹਨਾਂ ਰੱਬ ਦੇ ਬੰਦਿਆਂ ਦੇ ਦਰਦ ਦੀ ਸਮਾਜਿਕਤਾ ਨੂੰ ਹੌਲੀ-ਹੌਲੀ ਸ਼ਬਦਾਂ ਦੇ ਜਾਮੇ ਰਾਹੀਂ ਉਹ ਪਾਠਕ ਦੇ ਮਨ ‘ਤੇ ਦਸਤਕ ਦੇਣ ਲਈ ਇਸਤੇਮਾਲ ਕਰਦੀ ਹੈ। ਇਸ ਵਰਤਾਰੇ ਵਿੱਚ ਪਿਸਦੀ ਮਨੁੱਖਤਾ ਤੇ ਕਿੰਨਰਾਂ ਦੇ ਮਨ ਦੀ ਵੇਦਨਾ ਦਾ ਮਾਰਮਿਕ ਦ੍ਰਿਸ਼ ਉਜਾਗਰ ਹੁੰਦਾ ਹੈ। ਉਹਨਾਂ ਦੇ ਮੋਹ ਅੱਗੇ ਸਾਡਾ ਅਖੌਤੀ ਸਮਾਜਿਕ ਢਾਂਚਾ ਮਿੱਟੀ ਹੋ ਜਾਂਦਾ ਹੈ। ਯਥਾਰਥ ਤੋਂ ਫਿਰ ਪਰਾਯਥਾਰਥ ਤੱਕ ਦੇ ਮੈਟਾਫਰ ਰਾਹੀਂ ਫੈਲਿਆ ਇਹ ਬਿਰਤਾਂਤ ਸੱਚਮੁੱਚ ਪੰਜਾਬੀ ਪਾਠਕ ਲਈ ਅਨੂਠਾ ਅਨੁਭਵ ਬਣੇਗਾ। ਮੇਰੀਆਂ ਦੁਆਵਾਂ ਹਰਕੀਰਤ ਹੁਰਾਂ ਦੇ ਨਾਲ ਹਨ। – ਦੇਸ ਰਾਜ ਕਾਲੀ