ਭਾਰਤ ’ਚ ਛਾਤੀ ਦੇ ਕੈਂਸਰ ਨਾਲ ਮੌਤਾਂ ’ਚ 11 ਫ਼ੀ ਸਦੀ ਵਾਧਾ, ਸਭ ਤੋਂ ਵੱਧ ਮਾਮਲੇ ਪੰਜਾਬ ਅੰਦਰ

0
3946

ਚੰਡੀਗੜ੍ਹ, 12 ਫਰਵਰੀ| ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ’ਚ ਛਾਤੀ ਦੇ ਕੈਂਸਰ ਕਾਰਨ ਹੋਣ ਵਾਲੀਆਂ ਅਨੁਮਾਨਿਤ ਘਟਨਾਵਾਂ ਅਤੇ ਮੌਤ ਦਰ ’ਚ 2019 ਤੋਂ 2023 ਤਕ 11٪ ਤੋਂ ਵੱਧ ਦਾ ਵਾਧਾ ਹੋਇਆ ਹੈ।

ਛਾਤੀ ਦੇ ਟਿਸ਼ੂ ’ਚ ਅਸਧਾਰਨ ਸੈੱਲਾਂ ਦੇ ਬੇਕਾਬੂ ਵਾਧੇ ਕਾਰਨ ਪੈਦਾ ਹੋਣ ਵਾਲਾ ਛਾਤੀ ਦਾ ਕੈਂਸਰ ਔਰਤਾਂ ’ਚ ਸਭ ਤੋਂ ਆਮ ਕੈਂਸਰਾਂ ’ਚੋਂ ਇਕ ਹੈ ਅਤੇ ਕੈਂਸਰ ਨਾਲ ਸਬੰਧਤ ਮੌਤਾਂ ਦਾ ਇਕ ਪ੍ਰਮੁੱਖ ਕਾਰਨ ਹੈ। ਪੰਜਾਬ ’ਚ ਅਨੁਮਾਨਿਤ ਮਾਮਲਿਆਂ ਦੀ ਗਿਣਤੀ 2019 ’ਚ 6,037 ਤੋਂ ਵਧ ਕੇ 2023 ’ਚ 6,667 ਹੋ ਗਈ। ਹਰਿਆਣਾ ’ਚ ਇਹ ਮਾਮਲੇ 4,225 ਤੋਂ ਵਧ ਕੇ 4,761, ਹਿਮਾਚਲ ਪ੍ਰਦੇਸ਼ ’ਚ 1,310 ਤੋਂ ਵਧ ਕੇ 1,437 ਅਤੇ ਚੰਡੀਗੜ੍ਹ ’ਚ 161 ਤੋਂ ਵਧ ਕੇ 180 ਹੋ ਗਏ ਹਨ।

ਉੱਤਰ ਪ੍ਰਦੇਸ਼ ’ਚ 2023 ’ਚ ਭਾਰਤ ’ਚ ਛਾਤੀ ਦੇ ਕੈਂਸਰ ਦੀ ਸਭ ਤੋਂ ਵੱਧ ਅਨੁਮਾਨਤ ਦਰ ਦਰਜ ਕੀਤੀ ਗਈ, ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਦਾ ਨੰਬਰ ਆਉਂਦਾ ਹੈ। ਇਸ ਖੇਤਰ ’ਚ ਛਾਤੀ ਦੇ ਕੈਂਸਰ ਦੀ ਅਨੁਮਾਨਿਤ ਮੌਤ ਦਰ 4,365 ਤੋਂ ਵਧ ਕੇ 4,853 ਹੋ ਗਈ ਹੈ। ਪੰਜਾਬ ’ਚ ਛਾਤੀ ਦੇ ਕੈਂਸਰ ਨਾਲ ਸਬੰਧਤ ਮੌਤਾਂ 2019 ’ਚ 2,246 ਤੋਂ ਵਧ ਕੇ 2023 ’ਚ 2,480 ਹੋ ਗਈਆਂ। ਹਰਿਆਣਾ ’ਚ ਮੌਤਾਂ ਦੀ ਗਿਣਤੀ 1,572 ਤੋਂ ਵਧ ਕੇ 1,771, ਹਿਮਾਚਲ ਪ੍ਰਦੇਸ਼ ’ਚ 487 ਤੋਂ ਵਧ ਕੇ 535 ਅਤੇ ਚੰਡੀਗੜ੍ਹ ’ਚ 60 ਤੋਂ ਵਧ ਕੇ 67 ਹੋ ਗਈ ਹੈ।

ਕੇਂਦਰ ਸਰਕਾਰ ਕੌਮੀ ਸਿਹਤ ਮਿਸ਼ਨ (ਐੱਨ.ਐੱਚ.ਐੱਮ.) ਦੇ ਹਿੱਸੇ ਵਜੋਂ ਗੈਰ-ਸੰਚਾਰੀ ਰੋਗਾਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਕੌਮੀ ਪ੍ਰੋਗਰਾਮ (ਐਨ.ਪੀ.-ਐਨ.ਸੀ.ਡੀ.) ਤਹਿਤ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਹਾਇਤਾ ਕਰਦੀ ਹੈ। ਇਸ ’ਚ ਬੁਨਿਆਦੀ ਢਾਂਚਾ, ਮਨੁੱਖੀ ਸਰੋਤ ਅਤੇ ਕੈਂਸਰ ਸਮੇਤ ਐਨਸੀਡੀ ਦੀ ਰੋਕਥਾਮ ਅਤੇ ਇਲਾਜ ਲਈ ਜਾਗਰੂਕਤਾ ਸ਼ਾਮਲ ਹੈ।

ਛਾਤੀ ਦੇ ਕੈਂਸਰ ਦੀ ਇਕ ਦੁਰਲੱਭ ਪੇਸ਼ਕਾਰੀ, ਪੈਰਾਨੋਪਲਾਸਟਿਕ ਸੇਰੇਬਿਲਰ ਡੀਜਨਰੇਸ਼ਨ (ਪੀ.ਸੀ.ਡੀ.) ਦੇ ਪ੍ਰਬੰਧਨ ਲਈ ਕੀਮੋਥੈਰੇਪੀ ਸਮੇਤ ਸ਼ੁਰੂਆਤੀ ਨਿਦਾਨ ਅਤੇ ਤੁਰੰਤ ਇਲਾਜ ਮਹੱਤਵਪੂਰਨ ਹਨ। ਟੀਕਾਕਰਨ ਸਰਵਾਈਕਲ ਅਤੇ ਜਿਗਰ ਦੇ ਕੈਂਸਰ ਨੂੰ ਰੋਕਣ ’ਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਹੈਪੇਟਾਈਟਸ ਬੀ ਵੈਕਸੀਨ ਜਿਗਰ ਦੇ ਕੈਂਸਰ ਦੇ ਖਤਰੇ ਨੂੰ ਘਟਾਉਂਦੀ ਹੈ, ਜਦਕਿ ਐਚ.ਪੀ.ਵੀ. ਵੈਕਸੀਨ ਮਨੁੱਖੀ ਪੈਪੀਲੋਮਾਵਾਇਰਸ ਦੇ ਉੱਚ ਜੋਖਮ ਵਾਲੇ ਸਟ੍ਰੇਨ ਤੋਂ ਬਚਾਉਂਦੀ ਹੈ ਜੋ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ।