ਟ੍ਰਿਬਿਊਨ ਡੁੱਬ ਰਿਹਾ ਹੈ

0
8496

-ਸੁਖਦੇਵ ਸਿੰਘ

ਮੈਂ ਬੜੇ ਦੁਖੀ ਮੰਨ ਨਾਲ ਇਹ ਖਬਰ ਦੋਸਤਾਂ ਨਾਲ ਸਾਂਝੀ ਕਰ ਰਿਹਾ ਹਾਂ। ਇਹ ਵਿੱਤੀ ਤੌਰ ਤੇ ICU ਵਿਚ ਪਹੁੰਚਣ ਵਾਲਾ ਹੈ |

ਪਿਛਲੇ ਦੋ ਸਾਲਾਂ ਵਿਚ ਸੰਸਥਾ ਨੂੰ 18.75 ਕਰੋੜ ਰੁਪੈ ਦਾ ਘਾਟਾ ਪੈ ਚੁਕਾ ਹੈ | ਚਲੰਤ ਮਾਲੀ ਸਾਲ ਦੀ ਇਕਲੀ ਪਹਿਲੀ ਤਿਮਾਹੀ ਵਿਚ 12.56 ਕਰੋੜ ਰੁਪੈ ਦਾ ਬੇਮਿਸਾਲ ਨੁਕਸਾਨ ਹੋ ਗਿਆ ਹੈ | ਚਲਦੇ ਹਾਲਾਤ ਅਨੁਸਾਰ ਪੂਰੇ ਚਲੰਤ ਸਾਲ ਦੌਰਾਨ ਪੈਣ ਵਾਲਾ ਘਾਟਾ ਵਧ ਕੇ 35-40 ਕਰੋੜ ਰੁਪੈ ਦੇ ਗੇੜ ਵਿਚ ਪਹੁੰਚ ਸਕਦਾ ਹੈ |

ਇੰਜ ਇਹ ਸੰਸਥਾ ਦਹਾਕਿਆਂ ਵਿਚ ਪਾਈ ਪਾਈ ਜੋੜ ਕੇ ਇਕੱਤਰ ਕੀਤੀ ਅਪਣੀ ਪੂੰਜੀ ਦਾ ਲਗਪਗ 50 % ਖਾ ਚੁਕੀ ਹੋਵੇਗੀ | ਲਗ ਪਗ 1500 ਮੁਲਾਜ਼ਮ ਪਰਵਾਰਾਂ ਦਾ ਅੰਨ ਪਾਣੀ ਅਤੇ 1881 ਤੋਂ ਚਲਦੀ ਆ ਰਹੀ ਪੰਜਾਬ ਦੀ ਵਿਰਾਸਤੀ ਪੂੰਜੀ ਸੰਗੀਨ ਖਤਰੇ ਵਿਚ ਹੈ |

ਇਸ ਇਤਹਾਸਕ ਸੰਸਥਾ ਨੂੰ ਮਹਿਜ਼ ਵਰਤਮਾਨ ਆਰਥਕ ਸੰਕਟ ਹੀ ਨਹੀਂ ਖਾ ਰਿਹਾ | ਇਸ ਦੇ ਡੁੱਬਣ ਵਲ ਮਾਰਚ ਦੇ ਕਾਰਨ ਬਹੁਤ ਡੂੰਘੇ ਹਨ | ਬੀਮਾਰੀ ਦੀ ਅਸਲ ਜੜ ਸੰਸਥਾਪਕ ਹੈ |

ਇਸ ਦਾ ਪਰਬੰਧਕੀ ਟਰਸਟ ਗ਼ੈਰ-ਕਸਬੀ ਹੈ | ਟਰਸਟ ਵਿਚ ਨਾ ਕੋਈ ਕਸਬੀ ਪੱਤਰਕਾਰ ਹੈ, ਨਾ ਹੀ ਵਪਾਰਕ ਕਸਬੀ ਮਾਹਰ | ਟਰਸਟੀਆਂ ਦੀ ਨਿਯੁਕਤੀ ਨਿਰਾਲਾ ਰਾਹ ਫੜ ਚੁਕੀ ਹੈ | ਪਬਲਕ ਸੈਕਟਰ ਜਾਂ ਸਰਕਾਰੀ ਵਿੱਤ ਦੇ ਬੇਪਰਵਾਹ ਖਿਡਾਰੀ ਸਾਰੇ ਮੌਜਮੇਲਿਆਂ ਤੋਂ ਵਿਹਲੇ ਹੋਕੇ, ਥੱਕੇ ਹਾਰੇ ਸੇਵਾ-ਮੁਕਤ ਨੌਕਰਸ਼ਾਹ, ਇਕ ਦੂਜੇ ਦੀ ਪਿੱਠ ਖੁਰਕਦੇ ਅਖਬਾਰ ਸਮੂੰਹ ਦੇ ਸਿਰ ਉਪਰ ਆਣ ਬੈਠਦੇ ਹਨ | ਇਥੇ ਨਾ ਕੋਈ ਦਾਖਲੇ ਦੀ ਉਮਰ ਤੈਅ ਹੈ, ਨਾ ਰੁਖਸਤ ਹੋਣ ਦੀ |

ਮਹਾਰਾਜਾ ਰਣਜੀਤ ਸਿੰਘ ਦੇ ਇਕ ਸਿਖ ਜਰਨੈਲ ਦੇ ਸਪੁਤਰ ਸਰਦਾਰ ਦਿਆਲ ਸਿੰਘ ਮਜੀਠੀਏ ਦੀ ਜਾਇਦਾਦ ਨਾਲ ਚਲਦਾ ਇਹ ਟਰਸਟ, ਅਜੋਕੇ ਨਾਲਾਇਕ ਪਰਬੰਧਕਾਂ ਅਧੀਨ, ਜਿਸ ਬੇਕਿਰਕੀ ਤੇ ਬੇਸਬਰੀ ਨਾਲ ਇਸ ਸੰਸਥਾ ਦੀਆਂ ਚੂਲਾਂ ਹਿਲਾ ਰਿਹਾ ਹੈ ਉਹ ਬਹੁਤ ਹੀ ਦੁਖਦਾਈ ਹੈ | ਟਰਸਟ ਖੜਾ ਕਰਨ ਵਾਲੇ ਸਰਦਾਰ ਦਾ ਆਦੇਸ਼ ਸੀ ਕਿ “ਟਰਸਟੀ ਇਸ ਸੰਸਥਾ ਦੀ ਕਮਾਈ ਸਿਰਫ ਅਤੇ ਸਿਰਫ ਇਸ ਨੂੰ ਮਜ਼ਬੂਤ ਕਰਨ ਉਤੇ ਲਾਉਣ “|

ਉਹ ਸਮਾ ਮੈਂ ਆਪ ਅਖੀਂ ਵੇਖਿਆ ਹੈ ਜਦ ਲਾਲਾ ਬਦਰੀ ਦਾਸ ਜਿਹੇ ਟਰਸਟੀ (ਮੈਂ ਇਥੇ ਉਨਾਂ ਦੇ ਸਿਆਸੀ ਵਿਚਾਰਾਂ ਵਿਚ ਨਹੀਂ ਜਾ ਰਿਹਾ ) ਮੀਟਿੰਗਾਂ ਲਈ ਆਉਂਦੇ ਅਪਣੀ ਰੋਟੀ ਬੰਨ ਲਿਉਂਦੇ ਸਨ | 1978 ਪਿਛੋਂ ਹਰਿਆਣਾ ਦੇ ਇਕ ਸੇਵਾ-ਮੁਕਤ ਨੌਕਰਸ਼ਾਹ ਦੇ ਜਨਰਲ ਮੈਨੇਜਰ ਬਣਨ ਤੇ ( ਪਰ 1985 ਵਿਚ ਡਾ ਰੰਧਾਵਾ ਦੀ ਮੌਤ ਪਿਛੋਂ ) ਬਣੇ ਨਵੇਂ ਟਰਸਟੀ ਟਰਸਟ ਮੀਟਿੰਗਾਂ 5-ਤਾਰਾ ਹੋਟਲਾਂ ਵਿਚ ਕਰਨ ਲਗ ਪਏ |

ਇਸ ਤੋਂ ਹੋਰ ਅਗੇ ਵਧਦਿਆਂ ਅਜੋਕੇ ਟਰਸਟੀ ਟਰਸਟ ਦੇ ਪੈਸੇ ਨੂੰ ਅਪਣੇ ਬਾਪ ਦੀ ਜਾਇਦਾਦ ਸਮਝਣ ਤਕ ਚਲੇ ਗਏ |

ਇਥੇ ਮੈਂ ਅਣਗਿਣਤ ਮਿਸਾਲਾਂ ਦੇ ਸਕਦਾ ਹਾਂ ਕਿ ਕਿਵੇਂ ਇਕ ਪਾਸੇ ਇਨਾਂ ਟਰਸਟੀਆਂ ਨੇ ਪਿਛਲੇ 35 ਸਾਲ ਸੰਸਥਾ ਦੀ ਤਰੱਕੀ ਹਿਤ ਕੱਖ ਤੋੜ ਕੇ ਦੂਹਰਾ ਨਹੀਂ ਕੀਤਾ ਪਰ ਦੂਜੇ ਪਾਸੇ ਇਨਾਂ ਨੇ ਅਪਣੀ ਬੇਸਮਝੀ/ਬੇਪਰਵਾਹੀ/ਨਾਲਾਇਕੀ/ਭਾਈਭਤੀਜਾਵਾਦ ਜਾਂ ਹੋਰ ਪਰਭਾਵਾਂ ਅਧੀਨ ਟਰਸਟ ਦੇ ਪੈਸੇ ਦਾ ਦੱਬ ਕੇ ਉਜਾੜਾ ਕੀਤਾ | ਅਜ ਟਰਿਬਿਊਨ ਦੇ ਪਰਬੰਧ ਉਪਰ ਵਡ-ਆਕਾਰੀ, ਵਡ-ਖਰਚੀਲੀ ਅਫਸਰਸ਼ਾਹੀ ਲੱਦ ਦਿਤੀ ਗਈ ਹੈ ਜਦ ਕਿ ਪੱਤਰਕਾਰਾਂ, ਲੇਖਕਾਂ ਅਤੇ ਕੰਟੈਂਟ ਦੇ ਸਾਧਨਾਂ ਸਰੋਤਾਂ ਵਲ ਕੋਈ ਵਧੇਰੇ ਧਿਆਨ ਨਹੀਂ ਦਿਤਾ | ਲੋਕ ਪੜਨ-ਸਮਗਰੀ ਚਾਹੁੰਦੇ ਹਨ, ਇਥੇ ਟਰਿਬਿਊਨ ਨੂੰ ਇਕ ਬਾਜ਼ਾਰੀ ਉਪਜ ਸਮਝ ਕੇ ਸੇਲਜ਼ਮੈਨਾਂ ਦਾ ਗਾਹ ਪਾ ਦਿਤਾ ਗਿਆ ਹੈ | ਦੋ ਯੂਨੀਅਨਾਂ ਸੰਸਥਾ ਨੂੰ ਘੁਣ ਵਾਂਗ ਵਖਰੇ ਤੌਰ ਤੇ ਖਾ ਰਹੀਆਂ ਹਨ |

ਟਰਸਟ ਦੇ ਇਕ ਮੌਜੂਦਾ ਟਰਸਟੀ ਨੇ,ਜੋ ਚੰਡੀਗੜ ਲਾਅਨ ਟੈਨਸ ਐਸੋਸੀਏਸ਼ਨ ਦਾ ਪੇਟਰਨ ਵੀ ਹੈ, ਐਸੋਸੀਏਸ਼ਨ ਨੂੰ ਛੇ ਸਾਲਾਂ ਦੌਰਾਨ ਟਰਸਟ ਵਲੋਂ 45 ਲਖ ਰੁਪਏ ਦੀ ਬੇਤੁਕੇ ਆਧਾਰ ਤੇ ਸਹਾਇਤਾ ਰਾਸ਼ੀ ਦੇ ਦਿਤੀ | ਇਸੇ ਵਿਅਕਤੀ ਨੇ ਚੰਡੀਗੜ ਬਾਰੇ ਇਕ ਕਿਤਾਬ ਜਾਰੀ ਕਰਨ ਦੇ ਸਮਾਗਮ ਉਪਰ ਟਰਸਟ ਦੀ ਕਮਾਈ ਵਿਚੋਂ 2017 ਵਿਚ 9 ਲਖ ਰੁਪੈ ਖਰਚਵਾ ਦਿਤੇ |

ਇਸ ਪਿਛੋਂ ਟਰਸਟੀਆਂ ਅੰਦਰ ਅਪਣੇ ਅਪਣੇ ਖੇਤਰਾਂ ਅਤੇ ਨਿਜੀ ਗਰਜ਼ਾਂ ਲਈ ਟਰਸਟ ਦੇ ਪੈਸੇ ਨਾਲ ਖਿਲਵਾੜ ਕਰਨ ਦੀ ਦੌੜ ਲਗ ਗਈ | ਜਨਰਲ ਐਸ. ਐਸ. ਮਹਿਤਾ ਨਾਂ ਦੇ ਟਰਸਟੀ ਨੇ ਪੂਨੇ ਇੰਟਰਨੈਸ਼ਨਲ ਸੈਂਟਰ ਲਈ 20 ਲਖ ਰੁਪੈ ਦਿਵਾ ਦਿਤੇ | ਵਰਤਮਾਨ ਪਰਧਾਨ ਐਨ.ਐਨ. ਵੋਹਰਾ ਨੇ ਇੰਡੀਆ ਇੰਟਰਨੈਸ਼ਨਲ ਸੈਂਟਰ, ਦਿਲੀ, ਨੂੰ 35 ਲਖ ਰੁਪੈ ਦੇ ਦਿਤੇ | ਵੋਹਰਾ ਸੈਂਟਰ ਦਾ ਅਜ ਕਲ ਪਰਧਾਨ ਹੈ | ਵੋਹਰੇ ਨੇ ਜਲਿਆਂਵਾਲੇ ਬਾਗ਼ ਸਬੰਧੀ ਕਰਵਾਏ ਇਕ ਫੰਕਸ਼ਨ ਉਪਰ ਲਗਪਗ 15 ਲਖ ਰੁਪੈ ਖਰਚ ਦਿਤੇ | ਇਨਾਂ ਵਿਚੋਂ ਕਿਸੇ ਵੀ ਖਰਚੇ ਦਾ ਟਰਿਬਿਊਨ ਨੂੰ ਪੱਕੇ ਪੈਰੀਂ ਕਰਨ ਨਾਲ ਦੂਰ ਦਾ ਵੀ ਵਾਸਤਾ ਨਹੀਂ |

ਵੋਹਰੇ ਦੀ ਅਗਵਾਈ ਵਿਚ ਟਰਸਟੀ ਕਿਸ ਅਣ-ਕਸਬੀ ਅਤੇ ਵਪਾਰਕ ਪਖੋਂ ਜ਼ਾਲਮਾਨਾ ਢੰਗ ਨਾਲ ਟਰਿਬਿਊਨ ਦਾ ਪੈਸਾ ਬਰਬਾਦ ਕਰਦੇ ਚਲੇ ਆ ਰਹੇ ਹਨ, ਉਸ ਉਪਰ ਸਰਦਾਰ ਦਿਆਲ ਸਿੰਘ ਦੀ ਰੂਹ ਲਾਜ਼ਮੀ ਦੁਹੱਥੜ ਪਿਟਦੀ ਹੋਵੇਗੀ | ਜੰਮੂ ਅਤੇ ਸਿਰੀਨਗਰ ਤੋਂ ਇੰਨੀਂ ਸਾਲੀਂ ਦੋ ਨਵੇਂ ਐਡੀਸ਼ਨ ਕਢ ਦਿਤੇ | ਹੁਣ ਤਕ ਟਰਬਿਊਨ ਇਨਾਂ ਉਪਰ ਲਗ ਪਗ 30-35 ਕਰੋੜ ਰੁਪੈ ਰੋੜ ਚੁਕਾ ਹੈ | ਇਹ ਐਡੀਸ਼ਨ ਕਢਣ ਤੋਂ ਪਹਿਲਾਂ ਕਾਰੋਬਾਰੀ ਸੰਭਾਵਨਾਵਾਂ ਦਾ ਕੋਈ ਸਰਵੇਖਣ ਨਹੀਂ ਕਰਵਾਇਆ | ਅਜ ਜੰਮੂ ਐਡੀਸ਼ਨ ਸਿਰਫ 6000 ਕਾਪੀਆਂ ਰੋਜ਼ਾਨਾ ਵੇਚਦਾ ਹੈ ਜਦ ਕਿ ਸਿਰੀਨਗਰ ਦੀ ਸਰਕੂਲੇਸ਼ਨ 1200 ਕਾਪੀਆਂ ਤੋਂ ਨਹੀਂ ਵਧ ਸਕੀ |

ਇਹ ਸਾਰਾ ਖਰਚੀਲਾ ਜੁਗਾੜ ਵੋਹਰੇ ਦੀ ਹਉਮੇ ਪਾਲਣ ਲਈ ਸੀ ਜੋ ਕਸ਼ਮੀਰ ਦੇ ਗਵਰਨਰ ਵਜੋਂ ਹਰ ਰੋਜ਼ ਟਰਿਬਿਊਨ ਦੇ ਹਰ ਸਫੇ ਉਪਰ ਅਪਣੀ ਫੋਟੋ ਵੇਖਣ ਦਾ ਸ਼ੌਕ ਪਾਲ ਰਿਹਾ ਸੀ ਪਰ ਇਧਰ ਟਰਿਬਿਊਨ ਦੇ ਬਾਨੀ ਦੀ ਰੂਹ ਅਤੇ ਜਾਇਦਾਦ ਜਲ ਰਹੀ ਸੀ | ਅਫਸੋਸ ਨਾਲ ਕਹਿੰਦਾ ਹਾਂ ਮੈਂ ਵੋਹਰੇ ਦੇ,ਸਾਥ ਸਾਥ ਦੋ ਅਹੁਦੇ ਰਖਣ ਤੇ ਕਨਫਲਿਕਟ ਆਫ ਇੰਟਰਿਸਟ ਦੇ ਆਧਾਰ ਤੇ, ਟਰਸਟੀਆਂ ਨੂੰ ਉਸ ਵੇਲੇ ਚੌਕਸ ਕੀਤਾ ਸੀ ਪਰ ਮੇਰੀ ਚਿਤਾਵਨੀ ਵਲ ਕਿਸੇ ਨੇ ਕੋਈ ਧਿਆਨ ਨਹੀਂ ਦਿਤਾ |

(ਸੁਖਦੇਵ ਸਿੰਘ ਸੀਨੀਅਰ ਪੱਤਰਕਾਰ ਹਨ)