–ਰਾਕੇਸ਼ ਸ਼ਾਤੀਦੂਤ
ਪੰਜਾਬ ਵਿੱਚ ਅਛੂਤ ਸਥਿਤੀ ਵਿੱਚ ਆ ਖਲੋਤੀ ਭਾਜਪਾ ਦੀ ਮੌਜੂਦਾ ਪੰਜਾਬ ਲੀਡਰਸ਼ਿਪ ਦੇ ਧਿਆਨ ਗੋਚਰੇਪੰਜਾਬ ਜਾਂ ਕਿਸੇ ਵੀ ਹੋਰ ਸੂਬੇ ਵਿੱਚ ਜਨਤਾ ਉਸ ਹੀ ਪਾਰਟੀ ਨੂੰ ਆਪਣਾ ਪ੍ਰਤੀਨਿਧ ਬਣਾਉਣਾ ਚਾਹੁੰਦੀ ਹੈ ਜੋ ਆਪਣਾ ਸਿਆਸੀ ਕਥਾਨਕ (Narrative) ਸੂਬੇ ਦੇ ਲੋਕਾਂ ਦੇ ਹਿਤਾਂ ਅਤੇ ਲੋੜਾਂ ਅਨੁਸਾਰ ਤੈਅ ਕਰਦਾ ਹੈ । ਇਸਦੇ ਕਈ ਉਦਾਹਰਣ ਅੱਜ ਵੀ ਭਾਰਤ ਦੇ ਕਈ ਸੂਬਿਆਂ ਵਿੱਚ ਵੇਖੇ ਜਾ ਸਕਦੇ ਹੱਨ।ਭਾਜਪਾ ਦੀ ਪੰਜਾਬ ਲੀਡਰਸ਼ਿਪ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ। ਜਮਨਾ ਪਾਰ ਦੇ ਸਿਆਸੀ ਏਜੰਡੇ ਉੱਤੇ ਪੰਜਾਬੀਆਂ ਨੇ ਭਾਜਪਾ ਨੂੰ ਵੋਟਾਂ ਨਹੀਂ ਪਾਉਣੀਆਂ। ਅਕਾਲੀਆਂ ਵਲੋਂ ਗਠਜੋੜ ਤੋੜਨ ਤੋਂ ਬਾਅਦ ਜੇ ਭਾਜਪਾ ਪੰਜਾਬ ਵਿੱਚ ਇੱਕਲੇ ਰਾਜ ਕਰਨ ਦਾ ਸੁਫਨਾ ਵੇਖ ਰਹੀ ਹੈ ਤਾਂ ਉਸ ਨੂੰ ਇਹ ਸਮਝਣਾ ਪਊ ਕਿ ਦੇਸ਼ ਦੇ ਸੰਘੀ ਢਾਂਚੇ ਦੀ ਮਜ਼ਬੂਤੀ ਲਈ ਉਸਨੂੰ ਆਪਣਾ ਪਾਲਿਟਿਕਲ ਨੈਰੇਟਿਵ ਪੰਜਾਬ ਦੇ ਹਿਤਾਂ, ਇਸਦੀਆਂ ਮੁਸ਼ਕਿਲਾਂ ਅਤੇ ਇਸ ਦੇ ਹਿਤਾਂ ਅਨੁਸਾਰ ਹੀ ਤੈਅ ਕਰਨਾ ਪੈਣਾ ਹੈ।ਖੇਤੀ ਬਿੱਲਾਂ ਦੇ ਪੰਜਾਬ ਵਿੱਚ ਵਿਆਪਕ ਵਿਰੋਧ ਦੌਰਾਨ ਹਿਮਾਚਲ ਤੋਂ ਲੋਕਸਭਾ ਮੈਂਬਰ ਅਤੇ ਕੇਂਦਰੀ ਵਿੱਤ ਰਾਜ ਮੰਤਰੀ ਨੇ ਕਿਹਾ ਹੈ ਕਿ ਜੇਕਰ ਕਿਸਾਨ ਨੂੰ ਇਹਨਾਂ ਬਿੱਲਾਂ ਦਾ ਲਾਭ ਨਹੀਂ ਮਿਲੇਗਾ ਤਾਂ ਤਿੰਨ ਵਰ੍ਹਿਆਂ ਬਾਦ ਮੁੜ ਵਿਚਾਰ ਹੋ ਸਕਦਾ(ਵੇਖੋ ਅੱਜ 27 ਸਿਤੰਬਰ 2020, ਦੀ ਪੰਜਾਬ ਕੇਸਰੀ ,ਸਫ਼ਾ 5) ਇਹ ਗੱਲ ਪੰਜਾਬ ਦੀ ਭਾਜਪਾ ਲੀਡਰਸ਼ਿਪ ਖੇਤੀ ਬਿੱਲਾ ਦੇ ਵਿਰੋਧ ਦੇ ਸ਼ੁਰੂ ਵਿੱਚ ਹੀ ਕਿਸਾਨ ਵੀਰਾਂ ਨੂੰ ਆਪਣੀ ਸਰਕਾਰ ਦੇ ਹਵਾਲੇ ਨਾਲ ਦੱਸ ਸਕਦੀ ਸੀ। ਸਿਆਸੀ ਭੇੜ ਵਿੱਚ ਫਸਣ ਦੀ ਬਜਾਏ ਕਿਸਾਨਾਂ ਦੇ ਪ੍ਰਤੀਨਿਧਾਂ ਦੀ ਸਿੱਧੀ ਬੈਠਕ ਪ੍ਰਧਾਨਮੰਤਰੀ ਨਾਲ ਕਰਾ ਕੇ ਕਿਸਾਨਾਂ ਨੂੰ ਸਮਝਾ ਸਕਦੇ ਸੀ ਜਾਂ ਉਹਨਾਂ ਕੋਲੋਂ ਸਰਕਾਰ ਖੁਦ ਸਮਝ ਲੈ ਸਕਦੇ ਸੀ। ਅਨੁਰਾਗ ਠਾਕੁਰ ਹੋਰਾਂ ਭਾਂਵੇ ਤਿੰਨ ਵਰ੍ਹਿਆਂ ਮਗਰੋਂ ਮੁੜ ਵਿਚਾਰ ਦੀ ਗੱਲ ਆਖੀ ਹੈ ਪਰ ਕਿਸਾਨ ਤਾਂ ਤਿੰਨਾਂ ਮਹੀਨਿਆਂ ਦੀ ਮਾਰ ਝੱਲਣ ਯੋਗ ਨਹੀਂ ਹੈ। ਭਾਂਵੇ ਇਹ ਬਿੱਲ ਸਰਕਾਰ ਨੂੰ ਕਿਸਾਨ ਹਿਤਕਾਰੀ ਲਗਦੇ ਹਨ, ਜੇ ਤਿੰਨ ਸਾਲ ਬਾਅਦ ਮੁੜ ਵਿਚਾਰ ਕੀਤੀ ਜਾ ਸਕਦੀ ਹੈ ਤਾਂ ਸਾਲ ਭਰ ਬਾਅਦ ਇਹਨਾਂ ਲਾੱਗੂ ਕਰਨ ਵੱਲ ਕਿਉਂ ਨਹੀਂ ਜਾਇਆ ਜਾ ਸਕਦਾ ? ਕਿ ਵਜ੍ਹਾ ਹੈ ਇਸਦੇ ਪਿੱਛੇ ਕਿ ਕੋਵਿਡ ਦੇ ਕੌਮਾਂਤਰੀ ਸੰਕਟ ਦੌਰਾਨ ਖੇਤੀ ‘ਤੇ ਪਹਿਲਾਂ ਆਰਡੀਨੈਂਸ ਲਿਆਉਣੇ ਫੇਰ ਬਿਨਾਂ ਸੰਸਦ ‘ਚ ਬਹਿਸ ਜਾਂ ਵੋਟਿੰਗ ਦੇ ਬਿੱਲ ਪਾਸ ਕਰ ਲੈਣ ਦੀ ਜਿੱਦ। ਇਸ ਨਾਲ ਪੈਦਾ ਹੋਏ ਸ਼ੱਕ ਸ਼ੁਬੇ ਨੂੰ ਦੂਰ ਕਰਨਾ ਸਰਕਾਰ ਦਾ ਫਰਜ ਹੈ।ਵੈਸੇ ਵੀ ਆਂਕੜੇ ਦੱਸਦੇ ਨੇ ਕਿ ਅੱਜ ਵੀ ਕਿਸਾਨ ਦੀ ਫ਼ਸਲ ਦਾ ਬਹੁਤਾ ਹਿੱਸਾ ਨਿੱਜੀ ਬਾਜ਼ਾਰ ਹੀ ਖਰੀਦ ਰਿਹਾ ਹੈ।
ਪੰਜਾਬ ਦੀ ਭਾਜਪਾ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਮੌਜੂਦਾ ਪੋਲੀਟੀਕਲ ਨੈਰੇਟਿਵ ਨੂੰ ਆਪਣੀ ਕੇਂਦਰੀ ਲੀਡਰਸ਼ਿਪ ਨਾਲ ਸਾਂਝਾ ਕਰੇ। ਇਸਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਦੇਸ਼ ‘ਤੇ ਰਾਜ ਤੁਹਾਡਾ ਹੈ ਕਿਸੇ ਹੋਰ ਦਾ ਨਹੀਂ ਕਿ ਪੰਜਾਬ ਦੇ ਹਾਲਾਤ ਵਿਗੜਨ ਦੀ ਜਿੰਮੇਵਾਰੀ ਕਿੱਸੇ ਹੋਰ ‘ਤੇ ਪਾ ਲਵਾਂਗੇ।
(ਲੇਖਕ ਸੀਨੀਅਰ ਪੱਤਰਕਾਰ ਹਨ।)