ਜਲੰਧਰ ਦੇ ਹਸਪਤਾਲ ਤੋਂ ਛੁੱਟੀ ਲੈ ਹੋਸ਼ਿਆਰਪੁਰ ਜਾਂਦੇ ਮਰੀਜ਼ ਦੀ ਸੜਕ ਹਾਦਸੇ ‘ਚ ਮੌਤ, 3 ਜ਼ਖਮੀ

    0
    1889

    ਜਲੰਧਰ. ਬੁੱਧਵਾਰ ਸਵੇਰੇ ਜਲੰਧਰ-ਪਠਾਨਕੋਟ ਰੋਡ ‘ਤੇ ਸੜਕ ਹਾਦਸੇ ਵਿੱਚ 1 ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਦੁਰਘਟਨਾ ਵਿੱਚ 3 ਲੋਕ ਗੰਭੀਰ ਜਖਮੀ ਹੋਏ ਹਨ। ਜ਼ਿਕਰਯੋਗ ਹੈ ਕਿ ਜਲੰਧਰ ਦੇ ਇੱਕ ਹਸਪਤਾਲ ਵਿੱਚ ਭਰਤੀ ਹੁਸ਼ਿਆਰਪੁਰ ਜ਼ਿਲ੍ਹੇ ਦਾ ਮਰੀਜ਼ ਛੁੱਟੀ ਮਿਲਣ ਤੋਂ ਬਾਅਦ ਕਾਰ ਵਿੱਚ ਘਰ ਵਾਪਸ ਜਾ ਰਿਹਾ ਸੀ। ਰਸਤੇ ਵਿੱਚ ਉਸਦੀ ਕਾਰ ਦੇ ਡਰਾਈਵਰ ਨੂੰ ਨੀਂਦ ਦੀ ਝਪਕੀ ਆ ਗਈ ਤੇ ਕਾਰ ਬੇਕਾਬੂ ਹੋ ਕਿ ਰੁੱਖ ਨਾਲ ਟਕਰਾਉਣ ਤੋਂ ਬਾਅਦ ਇਕ ਟੋਏ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਮਰੀਜ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖਮੀ ਲੋਕਾਂ ਵਿੱਚ ਮ੍ਰਿਤਕ ਦੀ ਪਤਨੀ ਤੇ ਦੋ ਹੋਰ ਲੋਕ ਸ਼ਾਮਲ ਹਨ। ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

    ਇਹ ਪਤਾ ਲੱਗਾ ਹੈ ਕਿ ਹੁਸ਼ਿਆਰਪੁਰ ਦਾ ਵਸਨੀਕ ਹਰਵਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਪਿਛਲੇ ਕਈ ਦਿਨਾਂ ਤੋਂ ਕਿਸੇ ਬਿਮਾਰੀ ਕਾਰਨ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਸੀ। ਉਹ ਆਪਣੀ ਪਤਨੀ ਕੁਲਦੀਪ ਕੌਰ, ਸਾਲੇ ਗਗਨਦੀਪ ਸਿੰਘ ਅਤੇ ਡਰਾਈਵਰ ਗੁਰਮੀਤ ਸਿੰਘ ਨਾਲ ਆਲਟੋ ਕਾਰ ਵਿੱਚ ਸਵਾਰ ਹੋ ਕੇ ਘਰ ਜਾ ਰਿਹਾ ਸੀ। ਹਰਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕੁਲਦੀਪ ਕੌਰ, ਗਗਨਦੀਪ ਅਤੇ ਕਾਰ ਚਾਲਕ ਗੁਰਮੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।