ਸ਼ਾਹਕੋਟ ‘ਚ ਕੋਰੋਨਾ ਸੰਕਟ ‘ਚ ਓਪੀਡੀ ਤੇ ਜੱਚਾ-ਬੱਚਾ ਸੇਵਾਵਾਂ ਜਾਰੀ, ਹਸਪਤਾਲ ਨੂੰ ਰੋਜ਼ ਕੀਤਾ ਜਾਂਦਾ ਹੈ ਸੈਨੀਟਾਇਜ਼

0
556

ਜਲੰਧਰ. ਕੋਰੋਨਾ ਸੰਕਟ ਨੂੰ ਦੇਖਦਿਆਂ ਦੇਸ਼ ਭਰ ਵਿੱਚ ਲਾਕਡਾਊਨ ਦੀ ਮਿਆਦ ਵਧਾ ਕੇ ਤਿੰਨ ਮਈ ਕਰ ਦਿੱਤਾ ਗਿਆ ਹੈ।ਰਾਜ ਵਿੱਚ ਵੀ ਕਰਫਿਊ ਜਾਰੀ ਹੈ, ਲੇਕਿਨ ਸੀਐਚਸੀ ਸ਼ਾਹਕੋਟ ਵਿਖੇ ਮਰੀਜਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਵਿੱਚ ਕੋਈ ਕਮੀ ਨਹੀਂ ਆਈ ਹੈ। ਹਸਪਤਾਲ ਵਿੱਚ ਐਮਰਜੈਂਸੀ ਸਮੇਤ ਓਪੀਡੀ ਅਤੇ ਓਪੀਡੀ ਸੇਵਾਵਾਂ ਪਹਿਲਾਂ ਵਾਂਗ ਹੀ ਦਿੱਤੀਆਂ ਜਾ ਰਹੀਆਂ ਹਨ। ਨਾਲ ਹੀ ਜੱਚਾ-ਬੱਚਾ ਸਿਹਤ ਸੇਵਾਵਾਂ ਅਤੇ ਟੀਕਾਕਾਰਨ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ। ਬੁੱਧਵਾਰ ਨੂੰ ਹੀ ਹਸਪਤਾਲ ਦੀ ਓਪੀਡੀ ਵਿੱਚ 137 ਮਰੀਜ਼ ਆਏ।

ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਓਪੀਡੀ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਸਪਤਾਲ ਵਿੱਚ ਆਮ ਤੌਰ ਤੇ ਤਕਰੀਬਨ ਦੋ ਸੌ ਮਰੀਜਾਂ ਦੀ ਓਪੀਡੀ ਹੁੰਦੀ ਹੈ। ਕਰਫਿਊ ਦੇ ਕਾਰਣ ਮਰੀਜਾਂ ਦੀ ਗਿਣਤੀ ਜ਼ਰੂਰ ਘਟੀ ਹੈ, ਲੇਕਿਨ ਹਸਪਤਾਲ ਅੰਦਰ ਸੇਵਾਵਾਂ ਵਿੱਚ ਕੋਈ ਕਮੀ ਨਹੀਂ ਆਈ ਹੈ। ਕੋਰੋਨਾ ਕਾਰਣ ਮਰੀਜਾਂ ਦਰਮਿਆਨ ਦੂਰੀ ਬਣਾਏ ਰੱਖਣ ਦੇ ਲਈ ਪਰਚੀ ਕਾਉਂਟਰ ਤੋਂ ਲੈ ਕੇ ਲੌਬੋਰੇਟਰੀ ਅਤੇ ਦਵਾਈਆਂ ਵਾਲੇ ਕਾਉਂਟਰ ਦੇ ਬਾਹਰ ਵੀ ਨਿਸ਼ਾਨਦੇਹੀ ਕੀਤੀ ਗਈ ਹੈ।

ਡਾ. ਦੁੱਗਲ ਨੇ ਦੱਸਿਆ ਕਿ ਹਸਪਤਾਲ ਦਾ ਸਾਰੇ ਸਟਾਫ ਨੂੰ ਮਰੀਜਾਂ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣ ਅਤੇ ਪੂਰੀਆਂ ਸੇਵਾਵਾਂ ਦੇਣ ਲਈ ਕਿਹਾ ਗਿਆ ਹੈ। ਹਸਪਤਾਲ ਨੂੰ ਵੀ ਰੋਜ਼ਾਨਾ ਸੈਨੀਟਾਇਜ਼ ਕੀਤਾ ਜਾਂਦਾ ਹੈ, ਤਾਂ ਜੋ ਮਰੀਜਾਂ ਨੂੰ ਇਨਫੈਕਸ਼ਨ ਰਹਿਤ ਮਾਹੌਲ ਉਪਲਬਧ ਕਰਵਾਇਆ ਜਾ ਸਕੇ।

ਬੁੱਧਵਾਰ ਨੂੰ ਦਿੱਤੀਆਂ ਗਈਆਂ ਟੀਕਾਕਰਨ ਸੇਵਾਵਾਂ  

ਬੀਈਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰੇਕ ਬੁੱਧਵਾਰ ਨੂੰ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ।ਕਰਫਿਊ ਲੱਗਣ ਤੋਂ ਬਾਅਦ ਪਿੰਡ ਪੱਧਰ ਤੇ ਇਨ੍ਹਾਂ ਸੇਵਾਵਾਂ ਤੇ ਰੋਕ ਲਗਾਈ ਗਈ ਹੈ, ਜਦਕਿ ਸੈਕਟਰ ਪੱਧਰ ਤੇ ਇਨ੍ਹਾਂ ਸੇਵਾਵਾਂ ਨੂੰ ਜਾਰੀ ਰੱਖਣ ਦੇ ਨਿਰਦੇਸ਼ ਹਨ। ਬੁੱਧਵਾਰ ਨੂੰ ਸੈਕਟਰ ਪੱਧਰ ਤੇ ਟੀਕਾਕਰਨ ਸੇਵਾਵਾਂ ਦਿੱਤੀਆਂ ਗਈਆਂ ਅਤੇ ਇਸ ਵਿੱਚ ਵੀ ਲਾਭਪਾਤਰੀਆਂ ਵਿਚਕਾਰ ਉਚਿਤ ਦੂਰੀ ਬਣਾਏ ਰੱਖਣ ਦੇ ਲਈ ਨਿਸ਼ਾਨਦੇਹੀ ਕੀਤੀ ਗਈ। ਇਨਫੈਕਸ਼ਨ ਫੈਲਣ ਤੋਂ ਰੋਕਣ ਦੇ ਲਈ ਹਰੇਕ ਲਾਭਪਾਤਰੀ ਤੋਂ ਪਹਿਲਾਂ ਸਿਹਤ ਸਬੰਧੀ ਪੁੱਛਗਿੱਛ ਕੀਤੀ ਗਈ ਅਤੇ ਇਸ ਤੋਂ ਬਾਅਦ ਹੀ ਟੀਕਾਕਰਣ ਕੀਤਾ ਗਿਆ।