ਪਟੇਲ ਹਸਪਤਾਲ ਮਰੀਜ਼ਾਂ ਵਲੋਂ ਲਏ ਗਏ ਵੱਧ ਪੈਸਿਆ ਦੀ ਸਾਰੀ ਰਾਸ਼ੀ ਮੋੜੇਗਾ, ਪ੍ਰਸਾਸ਼ਨ ਨੇ ਦਿੱਤੇ ਸੀ ਜਾਂਚ ਦੇ ਆਦੇਸ਼

0
1168

ਜਲੰਧਰ . ਜਿਲ੍ਹੇ ਦੇ ਪਟੇਲ ਹਸਪਤਾਲ ਵੱਲੋਂ ਆਰਟੀ-ਪੀਸੀਆਰ ਕੋਵਿਡ ਟੈਸਟ ਕਰਵਾਉਣ ਵਾਲੇ 106  ਓਪੀਡੀ ਮਰੀਜ਼ਾਂ ਤੋਂ ਗਲਤੀ ਨਾਲ 3.28 ਲੱਖ ਰੁਪਏ ਵੱਧ ਚਾਰਜ ਕਰ ਲਏ ਗਏ ਸਨ, ਜਿਸ ਕਰਕੇ ਹਸਪਤਾਲ ਦੇ ਪ੍ਰਬੰਧਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਹੈ ਕਿ ਇਸ ਵਾਧੂ ਵਸੂਲ ਕੀਤੀ ਰਕਮ ਨੂੰ ਉਨ੍ਹਾਂ ਵੱਲੋਂ 106  ਓਪੀਡੀ ਮਰੀਜ਼ਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਕ ਨਾਗਰਿਕ ਵੱਲੋਂ ਕੀਤੀ ਸ਼ਿਕਾਇਤ ਕਿ ਪਟੇਲ ਹਸਪਤਾਲ ਵੱਲੋਂ ਉਸ ਕੋਲੋਂ 21 ਜੁਲਾਈ ਨੂੰ ਟੈਸਟ ਲਈ  5,500 ਰੁਪਏ ਵਸੂਲ ਕੀਤੇ ਗਏ ਹਨ, ਜਦਕਿ ਸਰਕਾਰ ਵੱਲੋਂ ਟੈਸਟ ਲਈ ਟੈਕਸਾਂ ਸਮੇਤ ਵੱਧ ਤੋਂ ਵੱਧ 2,400 ਰੁਪਏ ਤੈਅ ਕੀਤੇ ਗਏ ਹਨ, ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਡੀ. ਸੀ. ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਹਾਇਕ ਕਮਿਸ਼ਨਰ ਰਨਦੀਪ ਗਿੱਲ ਵੱਲੋਂ ਇਸ ਮਾਮਲੇ ਦੀ ਵਿਸਥਾਰਤ ਜਾਂਚ ਕੀਤੀ ਗਈ, ਜਿਸ ਵਿੱਚ ਹਸਪਤਾਲ ਦੀ ਗਲਤੀ ਪਾਈ ਗਈ ।

ਡੀਸੀ ਘਨਸ਼ਿਆਮ ਥੋਰੀ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟੇਲ ਹਸਪਤਾਲ ਦੇ ਪ੍ਰਬੰਧਕਾਂ ਨੇ ਓਪੀਡੀ ਦੇ 106 ਮਰੀਜ਼ਾਂ ਤੋਂ ਵੱਧ ਵਸੂਲ ਕੀਤੀ 3.28 ਲੱਖ ਰੁਪਏ ਦੀ ਰਕਮ ਵਾਪਸ ਕਰਨਾ ਸਵੀਕਾਰ ਕੀਤਾ ਹੈ ਅਤੇ ਇੰਨੀ ਹੀ ਰਾਸ਼ੀ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਰਾਹਤ ਦੇਣ ਲਈ ਹਸਪਤਾਲ ਵੱਲੋਂ ਵੱਖਰੇ ਖਾਤੇ ਵਿਚ ਰੱਖੀ ਜਾਵੇਗੀ।
ਉਨ੍ਹਾਂ ਕਿਹਾ ਕਿ ਹਸਪਤਾਲ ਦੇ ਪ੍ਰਬੰਧਕਾਂ ਨੇ ਮੰਨਿਆ ਕਿ ਉਹ ਆਰਟੀ-ਪੀਸੀਆਰ ਟੈਸਟ ਦੀ ਦਰ 2,400 ਰੁਪਏ ਤੈਅ ਕਰਨ ਸਬੰਧੀ ਸਰਕਾਰ ਦੇ ਨੋਟੀਫਿਕੇਸ਼ਨ ਬਾਰੇ ਜਾਣੂ ਨਹੀਂ ਸੀ।

ਜ਼ਿਕਰਯੋਗ ਹੈ ਕਿ ਜੀ.ਟੀ.ਬੀ. ਨਗਰ ਦੇ ਵਸਨੀਕ ਰਾਜੀਵ ਮਕੋਲ ਨੇ ਡੀ.ਸੀ. ਨੂੰ ਕੀਤੀ ਆਪਣੀ ਸ਼ਿਕਾਇਤ ਵਿਚ ਕਿਹਾ ਸੀ ਕਿ ਪਟੇਲ ਹਸਪਤਾਲ ਵੱਲੋਂ ਕੋਵਿਡ-19 ਟੈਸਟ ਲਈ ਉਸ ਕੋਲੋਂ 5,500 ਰੁਪਏ ਵਸੂਲ ਕੀਤੇ ਗਏ ਜਦਕਿ ਰਾਜ ਸਰਕਾਰ ਵੱਲੋਂ ਇਸ ਟੈਸਟ ਲਈ ਦਰ ਘਟਾ ਕੇ 2,400 ਰੁਪਏ ਤੈਅ ਕਰ ਦਿੱਤੀ ਗਈ ਹੈ। ਜਾਂਚ ਵਿਚ ਪਾਇਆ ਗਿਆ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦਿਆਂ ਹਸਪਤਾਲ ਵੱਲੋਂ 3100 ਰੁਪਏ ਵੱਧ ਵਸੂਲ ਕੀਤੇ ਗਏ ਸਨ।