ਮੇਰੀ ਡਾਇਰੀ ਦਾ ਪੰਨਾ – ਡਾ. ਜਗਤਾਰ ਦੇ ਨਾਮ ਇੱਕ ਖ਼ਤ

0
31891

-ਜ਼ੋਰਬੀ

ਪਿਆਰੇ ਗਜ਼ਲਗੋ ਡਾ. ਜਗਤਾਰ

ਸਤਿ ਸ਼੍ਰੀ ਅਕਾਲ।

ਅੱਜ ਮੇਰੇ ਹੱਥਾਂ ਵਿੱਚ ਤੁਹਾਡੀ ਵੱਡੀ ਬੇਟੀ ਡਾ. ਕੰਚਨ ਸਿੰਘ ਜੀ ਦੀ  ਸੰਪਾਦਿਤ ਕੀਤੀ ਤੁਹਾਡੀਆਂ ਕਵਿਤਾਵਾਂ ਦੀ ਪੁਸਤਕ ‘ਹਰ ਮੋੜ ‘ਤੇ ਸਲੀਬਾਂ’ ਹੈ। ਇਹ ਕਿਤਾਬ ਤੁਹਾਡੀਆਂ ਚਾਰ ਕਿਤਾਬਾਂ ‘ਸ਼ੀਸ਼ੇ ਦਾ ਜੰਗਲ’, ‘ਜਜ਼ੀਰਿਆਂ ਵਿਚ ਘਿਰਿਆ ਸਮੁੰਦਰ’, ‘ਜੁਗਨੂੰ ਦੀਵਾ ਤੇ ਦਰਿਆ’, ਅਤੇ ‘ਅੱਖਾਂ ਵਾਲੀਆਂ ਪੈੜਾਂ’ ਤੋਂ ਇਲਾਵਾ ਹੋਰ ਕਵਿਤਾਵਾਂ ਦਾ ਸੰਗ੍ਰਹਿ ਹੈ।

2007 ਤੋਂ ਮੈਂ ਤੁਹਾਡੀ ਇੱਕੋ ਗਜ਼ਲ ਨਾਲ ਗੂੜ੍ਹਾ ਸਹੇਲਪੁਣਾ ਪਾਇਆ ਹੋਇਆ ਸੀ। ਕਿਸ ਗਜ਼ਲ ਦੇ ਨਾਲ ? ਅੱਗੇ ਜਾ ਕੇ ਗੱਲ ਕਰਦੇ ਹਾਂ ਪਰ ਇਹ ਕਿਤਾਬ ਮੈਨੂੰ 2010 ਵਿਚ ਪੜ੍ਹਨ ਨੂੰ ਮਿਲੀ ਜਿਸ ਸਾਲ ਤੁਸੀਂ ਸਾਨੂੰ ਅਲਵਿਦਾ ਕਹਿ ਗਏ।

“ਜਿੰਦਗੀ ਕਦ ਤੱਕ ਛੁਪੇਂਗੀ ਤੇ ਰਹੇਂਗੀ ਦੂਰ-ਦੂਰ,
ਮੌਤ ਦੇ ਘਰ ਤੀਕ ਵੀ ਤੇਰੇ ਮਗਰ ਜਾਵਾਂਗਾ ਮੈਂ।”

ਤੁਸੀ ਜਿੰਦਗੀ ਦੀ ਤਲਾਸ਼ ਵਿਚ ਮੌਤ ਦੇ ਘਰ ਚਲੇ ਗਏ ਤੇ ਮੇਰੇ ਹੱਥ ਆਪਣੀ ਕਿਤਾਬ ਦੇ ਗਏ ਤਾਂ ਕਿ ਮੈਂ ਵੀ ਆਪਣੀ ਜਿੰਦਗੀ ਦੇ ਮਗਰ ਮਗਰ ਤੁਰੀ ਜਾਵਾਂ ਜੋ ਮੇਰੇ ਨਾਲ ਹਨੇਰਿਆਂ ਵਿਚ ਲੁਕਣ ਮੀਟੀ ਖੇਡਣ ਵਿੱਚ ਅੰਤਾਂ ਦੀ ਦਿਲਚਸਪੀ ਲੈਣ ਲੱਗੀ ਹੋਈ ਸੀ।

ਯਕੀਨਨ ਹੀ ਤੁਹਾਡੀ ਕਾਵਿ ਚੇਤਨਾ ਪ੍ਰਗਤੀਵਾਦੀ ਹੈ, ਜੁਝਾਰਵਾਦੀ ਹੈ ਇਸੇ ਲਈ ਤੁਹਾਨੂੰ ਮਾਨਵਵਾਦੀ ਵਿਚਾਰਧਾਰਾ ਦਾ ਕਵੀ ਵੀ ਕਿਹਾ ਜਾਂਦਾ ਹੈ ਕਿਉਂਕਿ ਤੁਸੀ ਹਰ ਅਣਮਨੁੱਖੀ ਵਤੀਰੇ ਨੂੰ ਗਹੁ ਨਾਲ ਤੱਕ ਕੇ ਉਸ ਦੀ ਨਿਖੇਧੀ ਕਰਨ ਦੀ ਹਿੰਮਤ ਕੀਤੀ ਹੈ। ਤੁਸੀ ਆਪਣੀ ਕਾਵਿ ਸਿਰਜਣਾ ਵਿਚ ਹਰ ਉਸ ਅਣਹੋਣੀ ਨੂੰ ਬੇਝਿਜਕ ਹੋ ਕੇ ਬਿਆਨ ਕੀਤਾ ਜੋ ਮਨੁੱਖ ਦੇ ਕਲਿਆਣ ਵਿਚ ਅੜਿੱਕਾ ਬਣਦੀ ਸੀ।

ਬਾਕੀ ਜਿਥੋਂ ਤੱਕ ਤੁਹਾਡੀ ਲਿਖਣ ਵਿਧਾ ਦਾ ਸਵਾਲ ਹੈ ਕਿ ਉਸ ਵਿੱਚ ਮੈਂ ਤੁਹਾਡੀ ਕਾਵਿ ਸੰਰਚਨਾ ਤੇ ਕੋਈ ਸੰਵਾਦ ਰਚਾ ਸਕਾਂ, ਏਨਾ ਮੈਨੂੰ ਚੱਜ ਨਹੀਂ ਹੈ ਡਾ. ਸਾਹਿਬ। ਮੈਂ ਸਿਰਫ ‘ਤੇ ਸਿਰਫ ਇਹ ਗੱਲ ਕਰਨੀ ਕਿ ਮੇਰੇ ਨਿੱਜ ਤੇ ਤੁਹਾਡੀ ਸਿਰਜਣਾ ਨੇ ਕੀ ਪ੍ਰਭਾਵ ਪਾਇਆ। ਮੇਰਾ ਇਹ ਬਲੌਗ ਲਿਖਣ ਦਾ ਉਦੇਸ਼ ਏਨਾ ਹੈ ਕਿ ਤੁਹਾਡੀਆਂ ਕੁਝ ਰਚਨਾਵਾਂ ਕਿਵੇਂ ਮੇਰੇ ਨਾਲ ਮੁਖਾਤਿਬ ਹੋਈਆਂ ਤੇ ਕਿਵੇਂ ਮੈ ਉਹਨਾਂ ਨਾਲ ਹੋਈ। ਤੁਹਾਡੀਆਂ ਗਜ਼ਲਾਂ ਨੇ ਮੇਰੇ ਨਿੱਜ ਦਾ ਦਰਦ ਵੰਡਾਇਆ। ਮੈਨੂੰ ਤਾਂ ਐਨਾ ਪਤਾ ਕਿ ਤੁਸੀਂ ਅੰਤਾਂ ਦੇ ਸੰਵੇਦਨਸ਼ੀਲ ਕਵੀ ਹੋ।

“ਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇਂ ਮੁਸਕਰਾਵਾਂਗਾ।
ਜ਼ਰਾ ਮੱਥੇ ‘ਤੇ ਵੱਟ ਵੇਖੇ, ਉਥਾਈਂ ਤਿੜਕ ਜਾਵਾਂਗਾ।”

ਤੁਸੀਂ ਜਦੋਂ ਮੈਨੂੰ ਕਹਿ ਰਹੇ ਸੀ, “ਹੰਝੂਆਂ ਦੇ ਹੀ ਸਹਾਰੇ, ਕਿੰਨਾ ਕੁ ਤੁਰ ਸਕਾਂਗੇ, ਜੁਗਨੂੰ, ਚਰਾਗ, ਤਾਰਾ ਕਿਧਰੇ ਨਜ਼ਰ ਨਾ ਆਏ।” ਤਾਂ  ਲੱਗਦਾ  ਸੀ ਤੁਸੀਂ ਮੇਰੀ ਹਾਮੀ ਭਰ ਰਹੇ ਹੋ। ਤੁਹਾਨੂੰ ਪਤਾ ਕਿ ਜੋ ਵਾਪਰ ਰਿਹਾ ਉਹ ਝੂਠ ਨਹੀਂ ਤੁਸੀਂ ਆਉਂਦਿਆਂ ਸਾਰ ਸਿਰਫ ਸ਼ਬਦ ਜਾਲ ਬੁਣ ਕੇ ਮੈਨੂੰ ਝੂਠੇ ਦਿਲਾਸੇ ਨਹੀਂ ਦਿੱਤੇ। ਤੁਸੀਂ ਭਲੀ ਭਾਂਤ ਜਾਣੂੰ ਸੀ ਕਿ  ਜਬਰ ਦਾ ਪਹਿਰ ਸ਼ਾਹ ਕਾਲਾ ਹੈ।

ਦਿਸਦਾ ਨਾ ਕਿਤੇ ਸੂਰਜ ਤੇ ਠੰਡ ਬੜੀ ਹੈ, ਇੱਕ ਦਰਦ ਦਾ ਮੌਸਮ ਹੈ ਸਿਰ ਰਾਤ ਖੜ੍ਹੀ ਹੈ।”

ਤੁਸੀਂ ਸਭ ਤੋਂ ਪਹਿਲਾਂ ਮੇਰੇ ਦੁੱਖ ਦਰਦ ਦੀ ਸਤਿਹ ਫਰੋਲੀ ਤੇ ਪੀੜ ਦੇ ਸੱਚ ਨੂੰ ਜਾਣਿਆ। ਮੇਰੇ ਲਈ ਇਹੀ ਦਿਲਾਸੇ ਵਰਗਾ ਸੀ ਕਿ ਕਿਸੇ ਨੂੰ ਮੇਰਾ ਦੁੱਖ ਬਿਨ ਦੱਸਿਆਂ ਸਮਝ ਲੱਗ ਰਿਹਾ ਹੈ।

ਤੁਸੀਂ ਵੀ ਸਮਾਜਿਕ ਵਰਤਾਰੇ ਦੇ ਪ੍ਰਬੰਧ ਦੀਆਂ ਪ੍ਰਕਿਰਿਆਵਾਂ ਤੋਂ ਬਹੁਤ ਨਿਰਾਸ਼ ਸੀ ਪਰ ਤੁਹਾਡੇ ਦੁਆਰਾ ਦਰਦ ਨੂੰ ਸੰਵੇਦਨਸ਼ੀਲਤਾ ਨਾਲ ਸਮਝਣ ਦਾ ਮਤਲਬ  ਸਿਰਫ ਦੁੱਖ ਦਾ ਰੋਣਾ ਰੋਈ ਜਾਣ ਤੋਂ ਨਹੀਂ ਸੀ ਜਾਂ ਇਹ ਕਿ ਅਸੀਂ ਉਸ ਦਮਨਕਾਰੀ ਪ੍ਰਬੰਧ ਅੱਗੇ ਗੋਡੇ ਟੇਕ ਦੇਣੇ ਨੇ। ਤੁਹਾਡੀਆਂ ਗ਼ਜ਼ਲਾਂ ਕਾਬਿਜ ਧਿਰ ਦੇ ਸਾਹਮਣੇ ਡੱਟ ਕੇ ਖੜ੍ਹਨ ਦਾ ਕ੍ਰਾਂਤੀਕਾਰੀ ਪੈਗ਼ਾਮ ਦਿੰਦੀਆਂ ਨੇ। ਪਾਠਕਾਂ ਨਾਲ ਤੁਹਾਡੇ ਉਹ ਕਾਵਿ ਟੋਟੇ ਸਾਂਝੇ ਕਰਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜਿਨ੍ਹਾਂ ਨੂੰ ਮੈਂ ਬਹੁਤ ਕਰੀਬ ਹੋ ਕੇ ਮਾਣਿਆ ਤੇ ਜਿਨ੍ਹਾਂ ਨੇ ਮੇਰੀ ਖੁੰਢੀ ਹੋਈ ਸੰਘਰਸ਼ ਧਾਰਾ ਨੂੰ ਤੇਜ਼ ਕੀਤਾ।

ਜੋ ਰਾਤ ਦੇ ਜੰਗਲ ਚੋਂ, ਬੇਖੌਫ਼ ਗੁਜ਼ਰਦੇ, ਓਹਨਾਂ ਦੇ ਹੀ ਪੈਰਾਂ ਨੂੰ, ਚੁੰਮਦੇ ਨੇ ਸਵੇਰੇ।”

ਮੈਨੂੰ ਮਹਿਸੂਸ ਹੋਇਆ ਜਦੋਂ ਪਿੱਛੇ ਡਾਢਾ, ਡੂੰਘਾ ਤੇ ਮੌਤ ਦੇ ਸਾਏ ਵਰਗਾ ਖੂਹ ਹੈ ਤੇ ਅੱਗੇ ਹਨੇਰਾ ਤਾਂ ਮੈਂ ਅਗਿਆਤ ਹਨੇਰਿਆਂ ਵਿੱਚ ਕਦਮ ਰੱਖਣਾ ਚੁਣ ਲਿਆ ਕਿਉਂਕਿ ਪਿੱਛੇ ਯਕੀਨਨ ਮੌਤ ਦਾ ਅਜਿਹਾ ਖੂਹ ਸੀ ਜਿਸ ਵਿਚੋਂ ਮੇਰੀ ਚੀਕ ਤੱਕ ਬਾਹਰ ਨਹੀਂ ਆਉਣੀ ਸੀ ਕਿ ਆਖਿਰ ਮੇਰੇ ਨਾਲ ਵਾਪਰ ਕੀ ਗਿਆ। ਹਨੇਰੇ ਵਿੱਚ ਕਦਮ ਰੱਖਣਾ ਬੇਸ਼ੱਕ ਜੋਖ਼ਮ ਮੁੱਲ ਲੈਣ ਵਰਗਾ ਸੀ ਪਰ ਨਾਲ ਹਨੇਰਾ ਛਟ ਕੇ ਸੁਬਹ ਹੋਣ ਦੀ ਆਸ ਵਰਗਾ ਵੀ ਸੀ।

ਜ਼ਿੰਦਗੀ ਭਾਵੇਂ ਤੂੰ ਮੈਨੂੰ ਉਲਝਾਈ ਜਾ, ਮੈਂ ਸੁਆਰਾਂਗਾ ਫਿਰ ਵੀ ਲਿਟਾਂ ਤੇਰੀਆਂ,
ਯਾਦ ਰੱਖ ਇੱਕ ਨਾ ਇੱਕ ਦਿਨ, ਕਦੇ ਨਾ ਕਦੇ, ਵਾਲ ਤੇਰੇ, ਮੇਰੇ ਰਾਹ ਸੰਵਰ ਜਾਣਗੇ।”

ਤੁਸੀ ਆਪਣੀ ਕਾਵਿ ਸਿਰਜਣਾ ਦੁਆਰਾ ਸਾਰੀ ਮਨੁੱਖਤਾ ਦੇ ਹਮਦਰਦ ਵੀ ਬਣੇ ਤੇ ਦਮਨਕਾਰੀ ਧਿਰ ਵਿਰੁੱਧ ਖੜ੍ਹੇ ਹੋ ਕੇ ਉਸ ਨਾਲ ਲੜਨ ਲਈ ਪ੍ਰੇਰਿਆ ਵੀ।

“ਪੱਤਾ ਪੱਤਾ ਹੋ ਕੇ ਪੀਲਾ ਰੁੱਖ ਹੈ ਝੜਦਾ ਰਿਹਾ।
ਫੇਰ ਵੀ ਕਾਲੀ ਹਵਾ ਦੇ ਨਾਲ ਹੈ ਲੜਦਾ ਰਿਹਾ।
ਜ਼ਿੰਦਗੀ ਜਦ ਵੀ ਮਿਲੀ ਹੈ ਅਜਨਬੀ ਵਾਂਗੂੰ ਮਿਲੀ,
ਦੋਸਤਾਂ ਵਾਂਗੂੰ ਮੈਂ ਉਸ ਦਾ ਹੱਥ ਸਦਾ ਫੜਦਾ ਰਿਹਾ।”

ਹਮਦਰਦ ਬਣਨ ਤੋਂ ਬਾਅਦ ਤੁਸੀਂ ਮੇਰੇ ਪ੍ਰੇਰਕ ਵੀ ਬਣੇ। ਮੈਂ ਤੁਹਾਡੀਆਂ ਸਤਰਾਂ ਪੜ੍ਹਦੀ, ਯਾਦ ਕਰਦੀ ਤੇ ਕਿਤਾਬਾਂ ਕਾਪੀਆਂ ਤੇ ਲਿਖਦੀ। ਮੈਂ ਇੱਕ ਡਾਇਰੀ ਵੀ ਬਣਾ ਰਹੀ ਸੀ ਜਿਸ ਵਿੱਚ ਮੈਂ ਹਰ ਪੈਰ੍ਹੇ, ਹਰ ਵਾਕ ਤੇ ਹਰ ਦੋ-ਚਾਰ ਸ਼ਬਦਾਂ ਦੀ ਅਜਿਹੀ ਸਤਰ ਵੀ ਨੋਟ ਕਰਦੀ ਜਿਸ ਨਾਲ ਮੈਨੂੰ ਹੌਸਲਾ ਮਿਲਦਾ।

ਕੋਊ ਕਿਸੀ ਕਿ ਰਾਜ ਨਾ ਦੇਹਿ, ਜੋ ਲੇਹਿ ਨਿਜੁ ਬਲ ਸੇ ਲੇਹਿ।।”
“ਆਪ ਗਵਾਈਐ ਤਾ ਸਹੁ ਪਾਈਐ।।”         
ਗੁਰਬਾਣੀ ਮਹਾਂ ਵਾਕ

ਇਸੇ ਤਰਾਂ ਤੁਹਾਡੀਆਂ ਗਜ਼ਲਾਂ ਦੇ ਪੈਰ੍ਹੇ ਵੀ ਡਾਇਰੀ ਵਿਚ ਦਰਜ ਕਰਦੀ, ਉਹਨਾਂ ਨੂੰ ਦੁਹਰਾਉਂਦੀ, ਤੇ ਗਾਉਂਦੀ ਰਹਿੰਦੀ। ਇਹ ਉਹ ਰਚਨਾਵਾਂ ਸਨ ਜਿਨ੍ਹਾਂ ਨੇ ਮੇਰੇ ਸਬਰ ਨੂੰ ਪਕਾਇਆ,  ਸਵੈ ਭਰੋਸੇ ਨੂੰ ਜਗਾਇਆ ਤੇ ਫਿਰ ਆਪਣੇ ਤੇ ਲੰਮੇ ਸਮੇਂ ਤੋਂ ਹੁੰਦੀ ਆ ਰਹੀ ਘਰੇਲੂ ਹਿੰਸਾ ਦੇ ਖਿਲਾਫ ਖੜ੍ਹੇ ਹੋਣ ਲਈ ਵੰਗਾਰਿਆ।

“ਮੇਰੀਆਂ ਅੱਖਾਂ ‘ਚ ਸੂਰਜ, ਲਿਸ਼ਕਿਆ ਹੈ ਕਿਸ ਸਮੇਂ,
ਰਾਤ ਦਾ ਖੰਜਰ ਜਦੋਂ, ਸੀਨੇ ‘ਚ ਮੇਰੇ ਲਹਿ ਗਿਆ।”

ਤੁਹਾਡੀ ਇੱਕ ਗ਼ਜ਼ਲ ਮੈਂ ਹਰ ਰੋਜ਼ ਇੱਕ ਨਹੀਂ ਕਈ ਵਾਰ ਗਾਉਂਦੀ ਤੇ ਫਿਰ ਰੋ ਰੋ ਆਪਣੇ ਮਨ ਤੋਂ, ਆਪਣੇ ਵਜੂਦ ਦੀ ਹੁੰਦੀ ਦੁਰਦਸ਼ਾ ਦੀਆਂ ਮੋਟੀਆਂ ਮੋਟੀਆਂ ਤੈਹਾਂ ਉਤਾਰਦੀ। ਜਦੋਂ ਮਾਨਸਿਕ ਦਸ਼ਾ ਵਿਚ ਕੁਝ ਸੁਧਾਰ ਹੋਣਾ ਤਾਂ ਰੋਟੀ ਬਣਾਉਂਦਿਆਂ, ਕੱਪੜੇ ਧੋਂਦਿਆਂ, ਭਾਂਡੇ ਮਾਂਜਦਿਆਂ, ਪੋਚਾ ਲਗਾਉਂਦਿਆਂ ਮੈਂ ਉੱਚੀ ਉੱਚੀ ਇਹ ਗ਼ਜ਼ਲ ਗਾਉਂਦੀ ਤੇ ਇਸ ਸਮੇਂ ਦੇ ਗਵਾਹ ਬਣਦੇ ਸਨ ਮੇਰੇ ਨਿੱਕੇ ਨਿੱਕੇ ਬੱਚੇ। ਮੈਂ ਇੱਕ ਕਿਤਾਬ ਵਿੱਚ ਪੜ੍ਹਿਆ ਸੀ ਕਿ ਦਸਵੇਂ ਗੁਰੂ ਸਾਹਿਬਾਨ ਆਪਣੀ ਸਿੰਘ ਸੈਨਾ ਨੂੰ ਜ਼ੁਲਮ ਦੇ ਖਿਲਾਫ ਲੜਨ ਲਈ ਸ਼ਸ਼ਤਰ ਚਲਾਉਣ ਦੀ ਸਿੱਖਿਆ ਦੇਣ ਦੇ ਨਾਲ ਨਾਲ ਦਰਬਾਰੀ ਕਵੀਸ਼ਰਾਂ ਦੁਆਰਾ ਉਹਨਾਂ ਨੂੰ ਚੰਡੀ ਦੀ ਵਾਰ ਤੇ ਹੋਰ ਵੀਰ ਰਸੀ ਵਾਰਾਂ ਵੀ ਸੁਣਾਉਂਦੇ ਹੁੰਦੇ ਸਨ। ਮੈਨੂੰ ਸਮਝ ਲੱਗੀ ਕਿ ਇਹ ਵਾਕਿਆ ਹੀ ਆਪਣੀ ਸੈਨਾ ਵਿੱਚ ਜੋਸ਼ ਦੀ ਭਾਵਨਾ ਪ੍ਰਬਲ ਕਰਨ ਦਾ ਕਾਮਯਾਬ ਯਤਨ ਹੁੰਦਾ ਸੀ। ਜਦੋਂ ਮੈਂ ਤੁਹਾਡੀ ਗ਼ਜ਼ਲ ਉੱਚੀ ਅਵਾਜ਼ ਵਿੱਚ ਗਾਉਂਦੀ ਤਾਂ ਮੇਰੀਆਂ ਲੱਤਾਂ ਬਾਹਾਂ ਤੇ ਸਿਰ ਵਿਚੋਂ ਇੱਕ ਝਰਨਾਹਟ ਨਿਕਲਦੀ ਜਿਸ ਨੂੰ ਮਹਿਸੂਸ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ ਸੀ। ਸਚਮੁੱਚ ਉਹ ਇੱਕ ਸਾਕਾਰਾਤਮਕ ਊਰਜਾ ਸੀ ਜੋ ਮੇਰੇ ਸਰੀਰ ਵਿੱਚੋਂ ਗੁਜਰਦੀ ਸੀ।

ਡਾ. ਜਗਤਾਰ ਜੀ, ਤੁਸੀਂ ਪੁੱਛੋਗੇ ਨਹੀਂ ਕਿ ਆਖਿਰ ਉਹ ਕਿਹੜੀ ਗ਼ਜ਼ਲ ਸੀ ਜਿਹੜੀ ਮੈਂ ਐਨਾ ਟੁੱਟ ਟੁੱਟ ਗਾਈ? ਉਹ ਸੀ ‘ਹਰ ਮੋੜ ‘ਤੇ ਸਲੀਬਾਂ’।

” ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।
ਪੱਥਰ ਤੇ ਨਕਸ਼ ਹਾਂ ਮੈਂ, ਰੇਤ ‘ਤੇ ਨਹੀਂ ਹਾਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੂੰਘੇਰਾ।
ਕਿੰਨੀ ਕੁ  ਦੇਰ ਧਰਤੀ, ਆਖਿਰ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ, ਖਾਮੋਸ਼ ਖੂਨ ਮੇਰਾ।
ਇਤਿਹਾਸ ਦੇ ਸਫ਼ੇ ‘ਤੇ, ਤੇ ਵਕਤ ਦੇ ਪਰਾਂ ‘ਤੇ,
ਉਂਗਲਾਂ ਡੁਬੋ ਲਹੂ ਵਿੱਚ ਲਿਖਿਆ ਹੈ ਨਾਮ ਤੇਰਾ।
ਹਰ ਕਾਲ ਕੋਠੜੀ ਵਿੱਚ, ਤੇਰਾ ਜ਼ਿਕਰ ਹੈ ਏਦਾਂ,
ਗ਼ਾਰਾਂ ‘ਚ ਚਾਂਦਨੀ ਦਾ ਹੋਵੇ ਜਿਵੇਂ ਬਸੇਰਾ।
ਆ ਆ ਕੇ ਯਾਦ ਤੇਰੀ ਜੰਗਲ ਗ਼ਮਾਂ ਦਾ ਚੀਰੇ,
ਜੁਗਨੂੰ ਹੈ ਚੀਰ ਜਾਂਦਾ, ਜਿਉਂ ਰਾਤ ਦਾ ਹਨੇਰਾ।
ਪੈਰਾਂ ‘ਚ ਬੇੜੀਆਂ ਨੇ, ਨੱਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉੱਡਦਾ, ਚਿਹਰੇ ਦਾ ਰੰਗ ਤੇਰਾ।
ਮੇਰੇ ਵੀ ਪੈਰ ਚੁੰਮ ਕੇ, ਇੱਕ ਦਿਨ ਕਹੇਗੀ ਬੇੜੀ,
ਸਦ ਸ਼ੁਕਰ ਹੈ ਕਿ ਆਇਆ, ਮਹਿਬੂਬ ਅੰਤ ਮੇਰਾ। 
                                     

ਤੁਹਾਨੂੰ ਇਹ ਦੱਸ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਅੱਜ ਜ਼ਿੰਦਗੀ ਦੀ ਬੇੜੀ ਨੇ ਮੈਨੂੰ ਆਪਣੇ ਮਹਿਬੂਬ ਵਜੋਂ ਸਵੀਕਾਰ ਲਿਆ।
ਅਸੀਂ ਦੋਵੇਂ ਘੰਟਿਆਂ ਬੱਧੀ ਗੁਫ਼ਤਗੂ ਕਰਦੇ ਹਾਂ, ਹੱਸਦੇ-ਖੇਡਦੇ, ਕੰਮ ਕਰਦੇ ਹਾਂ, ਪੜ੍ਹਦੇ ਹਾਂ, ਲਿਖਦੇ ਹਾਂ ਤੇ ਰਲ ਮਿਲ ਕੰਮ ਕਰਦੇ ਹਾਂ। ਤੁਹਾਡੀਆਂ ਰਚਨਾਵਾਂ ਅੱਜ ਵੀ ਮੇਰੀਆਂ ਕੰਧਾਂ ਤੇ ਬਿਰਾਜਮਾਨ ਨੇ। ਡਾ. ਜਗਤਾਰ ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਸ਼ੁਕਰੀਆ।

“ਗ਼ਜ਼ਲੇਂ ਆਪ ਕੀ ਚਾਹ ਚਾਹ ਕਰ ਗਾਈ ਨਾ ਹੋਤੀ,
ਅੰਧੇਰੋਂ ਮੇਂ ਕਿਰਨੇਂ ਬੁਲਾਈ ਨਾ ਹੋਤੀ,
ਮੰਜਿਲੋਂ ਕੀ ਪਰਵਾਹ ਕਰੇਂਗੇ ਜਰੂਰ,
ਚਾਹਤ ਰਾਸਤੋਂ ਕੀ ਜਗਾਈ ਨਾ ਹੋਤੀ