ਫਰੀਦਕੋਟ ਦਾ ਪਹਿਲਾ ਕੋਰੋਨਾ ਮਰੀਜ਼ ਹੋਇਆ ਠੀਕ, ਸਿਹਤ ਵਿਭਾਗ ਦਾ ਕੀਤਾ ਧੰਨਵਾਦ

    0
    375

    ਫਰੀਦਕੋਟ . ਕੋਰੋਨਾ ਦੇ ਪਹਿਲੇ ਪਾਜੀਟਿਵ ਮਰੀਜ਼ ਹਰਿੰਦਰਾ ਨਗਰ ਵਾਸੀ ਆਨੰਦ ਗੋਇਲ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਵਿਸ਼ੇਸ਼ ਕੋਰੋਨਾ ਵਾਰਡ ਵਿਚੋਂ ਇਲਾਜ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ। 2 ਅਪ੍ਰੈਲ ਨੂੰ ਆਨੰਦ ਗੋਇਲ ਦੇ ਕੋਰੋਨਾ ਪਾਜੀਟਿਵ ਹੋਣ ਬਾਰੇ ਪਤਾ ਚੱਲਿਆ ਸੀ। ਜਿਸ ਨੂੰ ਤੁਰੰਤ ਹੀ ਸਿਹਤ ਵਿਭਾਗ ਦੀ ਆਰ ਆਰ ਟੀ ਟੀਮ ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿੱਥੇ ਕਾਲਜ ਦੇ ਡਾਕਟਰਾਂ ਵਲੋਂ ਉਸ ਦੀ ਲਗਾਤਾਰ ਨਿਗਰਾਨੀ ਰੱਖੀ ਗਈ ਅਤੇ ਉਸ ਦਾ ਇਲਾਜ ਕੀਤਾ ਗਿਆ।

    ਇਲਾਜ ਉਪਰੰਤ ਸਿਹਤ ਵਿਭਾਗ ਵਲੋਂ ਉਸ ਦੇ ਦੋ ਟੈਸਟ ਕਰਵਾਏ ਗਏ ਅਤੇ ਦੋਵੇ ਹੀ ਟੈਸਟ ਨੈਗੇਟਿਵ ਪਾਏ ਗਏ ਜਿਸ ਉਪਰੰਤ ਉਸ ਦੀ ਸਿਹਤ ਨੂੰ ਵੇਖਦਿਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਸਿਹਤ ਵਿਭਾਗ ਵਲੋਂ ਚੈਕਿੰਗ ਉਪਰੰਤ ਉਸ ਨੂੰ ਡਿਸਚਾਰਜ ਕਰ ਦਿੱਤਾ ਗਿਆ। ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵੀਸੀ ਡਾ ਰਾਜ ਬਹਾਦੁਰ ਅਤੇ ਸਿਵਲ ਸਰਜਨ ਡਾ ਰਾਜਿੰਦਰ ਕੁਮਾਰ ਅਤੇ ਮੈਡੀਕਲ ਕਾਲਜ ਦਾ ਸਟਾਫ਼, ਸਿਹਤ ਕਰਮੀ ਵੀ ਹਾਜ਼ਰ ਸਨ। ਆਨੰਦ ਗੋਇਲ ਨੇ ਪੰਜਾਬ ਸਰਕਾਰ, ਜਿਲ੍ਹਾ ਪ੍ਰਸਾਸ਼ਨ, ਸਿਹਤ ਵਿਭਾਗ, ਗੁਰੂ ਗੋਬਿੰਦ ਮੈਡੀਕਲ ਕਾਲਜ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ।