ਪੋਸਟ ਮੈਟ੍ਰਿਕ ਸਕੀਮ ਦੇ ਬਕਾਏ ਕਰਕੇ 2000 ਵਿਦਿਆਰਥੀਆਂ ਦੇ ਯੂਨੀਵਰਸਿਟੀਆਂ ਨੇ ਰੋਕੇ ਨਤੀਜੇ

0
609

ਚੰਡੀਗੜ੍ਹ . ਕੋਰੋਨਾ ਸੰਕਟ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਰੁਕੀ ਹੋਈ ਹੈ ਪਰ ਹੁਣ ਉਹਨਾਂ ਉੱਤੇ ਦੂਜਾ ਸੰਕਟ ਆ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਆਪਣੇ ਮਾਨਤਾ ਪ੍ਰਾਪਤ ਕਾਲਜਾਂ ਦੇ ਹਜ਼ਾਰਾਂ ਵਿਦਿਆਰਥੀਆਂ ਦਾ ਨਤੀਜਾ ਰੋਕਣ ਦਾ ਸਖਤ ਨੋਟਿਸ ਲਿਆ ਹੈ। ਯੂਨਿਵਰਸਿਟੀ ਦੇ ਇਸ ਫੈਸਲੇ ਨਾਲ ਕਰੀਬ 2000 ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਅਜਿਹੇ ਫੈਸਲੇ ਨਾਲ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗ ਪਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਆਪ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਨਾਲ ਕੁੱਝ ਪ੍ਰਭਾਵਿਤ ਵਿਦਿਆਰਥੀਆਂ ਨੇ ਸੰਪਰਕ ਕਰਕੇ ਜਾਣਕਾਰੀ ਦਿੱਤੀ ਹੈ ਕਿ ਕਰੀਬ 1012 ਕਾਲਜਾਂ ਨੇ ਯੂਨਿਵਰਸਿਟੀ ਨੂੰ ਪ੍ਰੀਖਿਆ ਫ਼ੀਸਾਂ ਦਾ ਭੁਗਤਾਨ ਨਹੀਂ ਕੀਤਾ। ਜਿਸ ਕਾਰਨ ਯੂਨੀਵਰਸਿਟੀ ਨੇ ਨਤੀਜਾ ਐਲਾਨਣ ‘ਤੇ ਰੋਕ ਲਗਾ ਦਿੱਤੀ ਹੈ।

ਉਹਨਾਂ ਕਿਹਾ ਕਿ ਦੂਜੇ ਪਾਸੇ ਇਨ੍ਹਾਂ ਕਾਲਜਾਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧਿਨ ਲਗਭਗ 1850 ਕਰੋੜ ਰੁਪਏ ਦੀ ਰਾਸ਼ੀ ਸਰਕਾਰ ਵੱਲ ਬਕਾਇਆ ਹੈ ਤੇ ਜਦੋਂ ਤੱਕ ਸਰਕਾਰ ਬਕਾਇਆ ਰਕਮ ਦਾ ਭੁਗਤਾਨ ਨਹੀਂ ਕਰਦੀ, ਉਸ ਸਮੇਂ ਤੱਕ ਕਾਲਜ ਯੂਨੀਵਰਸਿਟੀ ਨੂੰ ਫ਼ੀਸ ਅਦਾ ਨਹੀਂ ਕਰ ਰਹੇ, ਵਿਦਿਆਰਥੀ ਇਸ ਚੱਕੀ ਵਿਚ ਬੇਵਜ੍ਹਾ ਪੀਸ ਰਹੇ ਹਨ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ‘ਚ ਤੁਰੰਤ ਦਖਲ ਦੇਣੀ ਚਾਹੀਦੀ ਹੈ। ਸਰਕਾਰਾਂ ਦੀਆਂ ਗਲਤ ਨੀਤੀਆਂ ਤੇ ਨੀਅਤਾਂ ਨਾਲ ਹਜ਼ਾਰਾਂ ਵਿਦਿਆਰਥੀ ਤੇ ਸਿੱਖਿਆ ਸੰਸਥਾਵਾਂ ਬੇਲੋੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਏਆਈਸੀਟੀਈ ਤੇ ਦੇਸ਼ ਦੀਆਂ ਹੋਰ ਚੋਟੀ ਦੀਆਂ ਵਿੱਦਿਅਕ ਸੰਸਥਾਵਾਂ ਵਿਦਿਆਰਥੀਆਂ ਤੋਂ ਕੋਈ ਫ਼ੀਸ ਨਾ ਲੈਣ ਦਾ ਸੁਝਾਅ ਦੇ ਰਹੀਆਂ ਹਨ ਤੇ ਕਾਲਜਾਂ ਨੂੰ ਸਟਾਫ਼ ਦੀਆਂ ਤਨਖ਼ਾਹਾਂ ਅਦਾ ਕਰਨ ਦੇ ਨਿਰਦੇਸ਼ ਦੇ ਰਹੀਆਂ ਹਨ ਜਦਕਿ ਦੂਜੇ ਪਾਸੇ ਐਮਆਰਐਸ-ਪੀਟੀਯੂ ਨੇ ਇਨ੍ਹਾਂ ਵਿਦਿਆਰਥੀਆਂ ਦੇ ਨਤੀਜਿਆਂ ਨੂੰ ਰੋਕਿਆ ਹੋਇਆ ਹੈ।