CBSE ਵੱਲੋਂ ਸਕੂਲਾਂ ‘ਚ ਪਹਿਲੀ ਵਾਰ ਕ੍ਰੈਡਿਟ ਸਿਸਟਮ ਹੋਵੇਗਾ ਲਾਗੂ, ਇੰਨੇ ਘੰਟੇ ਪੜ੍ਹਾਈ ਕਰਨ ‘ਤੇ ਦਿੱਤੇ ਜਾਣਗੇ 40 ਅੰਕ

0
3514

ਨਵੀਂ ਦਿੱਲੀ, 5 ਫਰਵਰੀ | ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਅਗਲੇ ਅਕਾਦਮਿਕ ਸੈਸ਼ਨ ਯਾਨੀ 2024-25 ਤੋਂ ਸਕੂਲਾਂ ਵਿਚ ਕ੍ਰੈਡਿਟ ਪ੍ਰਣਾਲੀ ਲਾਗੂ ਕਰਨ ਦੀ ਯੋਜਨਾ ਬਣਾਈ ਹੈ। ਇਸ ਤਹਿਤ ਵਿਦਿਆਰਥੀਆਂ ਨੂੰ 6ਵੀਂ ਤੋਂ 12ਵੀਂ ਜਮਾਤ ਤੱਕ ਹਰੇਕ ਜਮਾਤ ਵਿਚ ਘੱਟੋ-ਘੱਟ 1200 ਘੰਟੇ ਦੀ ਪੜ੍ਹਾਈ/ਸਿਖਲਾਈ ਪੂਰੀ ਕਰਨ ਲਈ 40 ਕ੍ਰੈਡਿਟ ਪੁਆਇੰਟ ਮਿਲਣਗੇ।

ਇਹ ਕ੍ਰੈਡਿਟ ਸਾਰੇ ਵਿਸ਼ਿਆਂ ਵਿਚ ਪ੍ਰੀਖਿਆ ਪਾਸ ਕਰਨ ‘ਤੇ ਦਿੱਤਾ ਜਾਵੇਗਾ ਅਤੇ ਮਾਰਕ ਸ਼ੀਟ ਵਿਚ ਅੰਕਾਂ/ਗ੍ਰੇਡਾਂ ਦੇ ਸਾਹਮਣੇ ਦਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀ ਦਾ ਅਕਾਦਮਿਕ ਕ੍ਰੈਡਿਟ ਬੈਂਕ ਆਫ਼ ਕ੍ਰੈਡਿਟ (ਡਿਜੀ ਲਾਕਰ) ਵਿਚ ਵੀ ਜਮ੍ਹਾ ਕੀਤਾ ਜਾਵੇਗਾ। ਹੁਣ ਤੱਕ ਉੱਚ ਸਿੱਖਿਆ ਵਿਚ ਅਜਿਹੀ ਪ੍ਰਣਾਲੀ ਲਾਗੂ ਹੈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਸੰਸਥਾ ਜਾਂ ਕੋਰਸ ਬਦਲਣ ਦੀ ਸਹੂਲਤ ਮਿਲਦੀ ਹੈ।

ਸੀਬੀਐਸਈ ਦੇ ਇਕ ਸੀਨੀਅਰ ਅਧਿਕਾਰੀ ਦੇ ਅਨੁਸਾਰ ਕ੍ਰੈਡਿਟ ਪ੍ਰਣਾਲੀ ਵੋਕੇਸ਼ਨਲ ਅਤੇ ਜਨਰਲ ਸਟੱਡੀਜ਼ ਵਿਚਕਾਰ ਅਕਾਦਮਿਕ ਸੰਤੁਲਨ ਨੂੰ ਨਿਰਧਾਰਤ ਕਰਦੀ ਹੈ। ਜੇਕਰ ਕੋਈ ਵਿਦਿਆਰਥੀ ਵੋਕੇਸ਼ਨਲ ਤੋਂ ਜਨਰਲ ਸਟੱਡੀਜ਼ ਜਾਂ ਇਸ ਦੇ ਉਲਟ ਬਦਲਣਾ ਚਾਹੁੰਦਾ ਹੈ ਤਾਂ ਸਵਿਚਿੰਗ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਭਾਵ ਕ੍ਰੈਡਿਟ ਟ੍ਰਾਂਸਫਰ ਰਾਹੀਂ ਕਿਸੇ ਵੀ ਸਿੱਖਿਆ ਪ੍ਰਣਾਲੀ ਵਿਚ ਦਾਖਲਾ ਲੈਣਾ ਆਸਾਨ ਹੋ ਜਾਵੇਗਾ।

ਮੌਜੂਦਾ ਸੈਸ਼ਨ 2023-24 ਤੋਂ ਕ੍ਰੈਡਿਟ ਪ੍ਰਣਾਲੀ ਲਾਗੂ ਹੋਣ ‘ਤੇ ਕੀ ਹੋਵੇਗਾ, ਇਸ ਬਾਰੇ ਵੀ ਵੇਰਵੇ ਸਾਂਝੇ ਕੀਤੇ ਗਏ ਹਨ, ਜਿਸ ਅਨੁਸਾਰ 9ਵੀਂ-10ਵੀਂ ਜਮਾਤ ਦੇ 2 ਭਾਸ਼ਾ ਵਿਸ਼ਿਆਂ ਸਮੇਤ 5 ਵਿਸ਼ਿਆਂ ਵਿਚ ਹਰੇਕ ਵਿਸ਼ੇ ਲਈ 7 ਕ੍ਰੈਡਿਟ, ਸਰੀਰਕ ਸਿੱਖਿਆ ਲਈ 2 ਕ੍ਰੈਡਿਟ ਅਤੇ ਕਲਾ ਸਿੱਖਿਆ ਲਈ ਇਕ ਕ੍ਰੈਡਿਟ ਭਾਵ ਕੁੱਲ 40 ਕ੍ਰੈਡਿਟ ਦਿੱਤੇ ਜਾਣਗੇ। ਇਸੇ ਤਰ੍ਹਾਂ 11-12ਵੀਂ ਜਮਾਤ ਦੇ 6 ਵਿਸ਼ਿਆਂ ਵਿਚੋਂ ਭਾਸ਼ਾ ਵਿਸ਼ਿਆਂ ਲਈ 6-6 ਕ੍ਰੈਡਿਟ ਅਤੇ ਹੋਰ ਵਿਸ਼ਿਆਂ ਲਈ 7-7 ਕ੍ਰੈਡਿਟ ਦਿੱਤੇ ਜਾਣਗੇ ਭਾਵ ਕੁੱਲ 40 ਕ੍ਰੈਡਿਟ ਮਿਲਣਗੇ।

ਨਵੇਂ ਸੈਸ਼ਨ 2024-25 ਦੀ ਸ਼ੁਰੂਆਤ ਤੋਂ ਪਹਿਲਾਂ ਕਲਾਸ 3 ਤੋਂ 6 ਅਤੇ ਕਲਾਸ 9 ਅਤੇ 11 ਲਈ ਨਵੀਆਂ ਐਨਸੀਈਆਰਟੀ ਕਿਤਾਬਾਂ ਜਾਰੀ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸੀਬੀਐਸਈ 10ਵੀਂ-12ਵੀਂ ਜਮਾਤ ਵਿਚ ਸਮੈਸਟਰ ਪ੍ਰਣਾਲੀ ਨਾਲ ਦੋ ਵਾਰ ਬੋਰਡ ਪ੍ਰੀਖਿਆਵਾਂ ਕਰ ਸਕਦਾ ਹੈ।

ਨੈਸ਼ਨਲ ਕ੍ਰੈਡਿਟ ਫਰੇਮਵਰਕ ਦੇ ਅਨੁਸਾਰ 10ਵੀਂ ਪਾਸ ਵਿਦਿਆਰਥੀ ਨੂੰ ਕ੍ਰੈਡਿਟ ਲੈਵਲ-3 ਅਤੇ 12ਵੀਂ ਪਾਸ ਵਿਦਿਆਰਥੀ ਨੂੰ ਕ੍ਰੈਡਿਟ ਲੈਵਲ-4 ਕਿਹਾ ਜਾਵੇਗਾ। ਗ੍ਰੈਜੂਏਟ ਨੂੰ ਪੱਧਰ-6, ਪੋਸਟ ਗ੍ਰੈਜੂਏਟ ਨੂੰ ਪੱਧਰ-7 ਅਤੇ ਪੀਐਚਡੀ ਨੂੰ ਪੱਧਰ-8 ਮੰਨਿਆ ਜਾਂਦਾ ਹੈ। ਸੀਬੀਐਸਈ ਦੇ ਪ੍ਰਸਤਾਵ ਅਨੁਸਾਰ ਮੌਜੂਦਾ 5-5 ਵਿਸ਼ਿਆਂ ਦੀ ਬਜਾਏ ਅਗਲੇ ਸੈਸ਼ਨ ਤੋਂ 9ਵੀਂ ਅਤੇ 10ਵੀਂ ਅਤੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕ੍ਰਮਵਾਰ 10 ਅਤੇ 6 ਵਿਸ਼ੇ ਲਾਜ਼ਮੀ ਹੋਣਗੇ।

ਸੈਕੰਡਰੀ ਪੱਧਰ ‘ਤੇ 2 ਭਾਰਤੀ ਭਾਸ਼ਾਵਾਂ ਸਮੇਤ ਤਿੰਨ ਭਾਸ਼ਾਵਾਂ ਦੇ ਵਿਸ਼ੇ ਹੋਣਗੇ ਅਤੇ ਸੀਨੀਅਰ ਸੈਕੰਡਰੀ ਪੱਧਰ ‘ਤੇ ਇਕ ਭਾਰਤੀ ਭਾਸ਼ਾ ਸਮੇਤ 2 ਭਾਸ਼ਾਵਾਂ ਦੇ ਵਿਸ਼ੇ ਹੋਣਗੇ। ਸੀਨੀਅਰ ਸੈਕੰਡਰੀ ਪੱਧਰ ‘ਤੇ ਵਿਦਿਆਰਥੀ ਇਕ ਵਾਧੂ ਵਿਕਲਪਿਕ ਵਿਸ਼ਾ ਵੀ ਲੈ ਸਕਦਾ ਹੈ। ਸੈਕੰਡਰੀ ਵਿਦਿਆਰਥੀਆਂ ਕੋਲ ਵਾਧੂ ਅਕਾਦਮਿਕ ਵਿਸ਼ਿਆਂ ਦਾ ਅਧਿਐਨ ਕਰਕੇ ਜਾਂ ਸਿੱਖਣ ਦੇ ਹੁਨਰ ਜਾਂ NCC, NSS, ਓਲੰਪੀਆਡ, ਖੇਡਾਂ, ਸੰਗੀਤ, ਨਾਟਕ ਕਲਾ ਵਰਗੀਆਂ ਗੈਰ-ਅਕਾਦਮਿਕ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਹੋਰ ਕ੍ਰੈਡਿਟ ਹਾਸਲ ਕਰਨ ਦਾ ਵਿਕਲਪ ਵੀ ਹੋਵੇਗਾ।