ਸੀਟੀ ਇੰਸਟੀਚਿਊਟ ‘ਚ ਵਿਦਿਆਰਥੀਆਂ ‘ਚ ਝੜਪ: ਇਕ-ਦੂਜੇ ‘ਤੇ ਪਥਰਾਅ, ਚੱਲੇ ਇੱਟਾਂ-ਰੋੜੇ, ਕਸ਼ਮੀਰੀਆਂ ਨੇ ਕਿਹਾ- ਵਿਦਿਆਰਥਣਾਂ ਨਾਲ ਛੇੜਛਾੜ ਕੀਤੀ, ਪੰਜਾਬੀਆਂ ਦਾ ਇਲਜ਼ਾਮ- ਪੱਗ ਉਤਾਰੀ, 14 ਸਸਪੈਂਡ

0
3802

ਜਲੰਧਰ। ਸ਼ਾਹਪੁਰ ਸਥਿਤ ਸੀਟੀ ਇੰਸਟੀਚਿਊਟ ਦੇ ਅੰਦਰ ਸ਼ੁੱਕਰਵਾਰ ਨੂੰ ਕਸ਼ਮੀਰੀ ਅਤੇ ਪੰਜਾਬੀ ਵਿਦਿਆਰਥੀਆਂ ਵਿਚਾਲੇ ਝਗੜਾ ਹੋ ਗਿਆ। ਇਸ ਦਾ ਨੋਟਿਸ ਲੈਂਦਿਆਂ ਸੀਟੀ ਇੰਸਟੀਚਿਊਟ ਪ੍ਰਸ਼ਾਸਨ ਨੇ 14 ਵਿਦਿਆਰਥੀ ਮੁਅੱਤਲ ਕਰ ਦਿੱਤੇ ਹਨ। ਉਧਰ ਸਿਟੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਸੀਟੀ ਇੰਸਟੀਚਿਊਟ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੀ ਮੰਗ ਕੀਤੀ ਗਈ ਹੈ। ਸੀਸੀਟੀਵੀ ਵਿੱਚ ਹਿੰਸਾ ਭੜਕਾ ਰਹੇ ਵਿਦਿਆਰਥੀ ਦੇ ਖ਼ਿਲਾਫ਼ ਪੁਲਿਸ ਕਾਰਵਾਈ ਕਰੇਗੀ। ਫਿਲਹਾਲ ਸੰਸਥਾ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ ਝਗੜੇ ਦੌਰਾਨ ਸੀਟੀ ਇੰਸਟੀਚਿਊਟ ਕੈਂਪਸ ਦੇ ਅੰਦਰ ਕਸ਼ਮੀਰੀ ਅਤੇ ਪੰਜਾਬੀ ਵਿਦਿਆਰਥੀਆਂ ਵਿਚਾਲੇ ਧੱਕਾ-ਮੁੱਕੀ ਅਤੇ ਮੁੱਕੇਬਾਜ਼ੀ ਹੋਈ। ਜਿਸ ਤੋਂ ਬਾਅਦ ਦੋਵਾਂ ਧਿਰਾਂ ਨੇ ਇਕ ਦੂਜੇ ‘ਤੇ ਇੱਟਾਂ, ਪੱਥਰ ਅਤੇ ਕੁਰਸੀਆਂ ਸੁੱਟੀਆਂ। ਦੋਵਾਂ ਧਿਰਾਂ ਦੇ ਝਗੜੇ ਤੋਂ ਬਾਅਦ ਪੂਰੇ ਇੰਸਟੀਚਿਊਟ ਕੈਂਪਸ ਵਿੱਚ ਹਫੜਾ-ਦਫੜੀ ਮਚ ਗਈ। ਕਿਉਂਕਿ ਬਹੁਤ ਸਾਰੇ ਬੱਚੇ ਦੁਪਹਿਰ ਦੇ ਖਾਣੇ ਲਈ ਕੈਂਪਸ ਵਿੱਚ ਘੁੰਮ ਰਹੇ ਸਨ। ਖੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕੋਈ ਵੀ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ।

ਕਸ਼ਮੀਰੀ ਵਿਦਿਆਰਥੀਆਂ ਨੇ ਦੂਜੀ ਧਿਰ ’ਤੇ ਦੋਸ਼ ਲਾਇਆ ਹੈ ਕਿ ਪੰਜਾਬੀ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਭਾਈਚਾਰੇ ਦੀਆਂ ਵਿਦਿਆਰਥਣਾਂ ਨਾਲ ਛੇੜਛਾੜ ਕੀਤੀ ਗਈ ਹੈ। ਮਾਮਲਾ ਇੱਥੇ ਹੀ ਨਹੀਂ ਰੁਕਿਆ, ਉਕਤ ਵਿਦਿਆਰਥਣਾਂ ਨੂੰ ਤਾਅਨੇ ਵੀ ਦਿੱਤੇ ਗਏ। ਜਦੋਂ ਇਸ ਮਾਮਲੇ ‘ਚ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਵਿਦਿਆਰਥਣਾਂ ਨੇ ਆਪਣੇ ਜਾਣਕਾਰ ਕਸ਼ਮੀਰੀ ਵਿਦਿਆਰਥੀਆਂ ਨੂੰ ਇਸ ਦੀ ਸੂਚਨਾ ਦਿੱਤੀ।

ਦੋਵਾਂ ਵਿਚਾਲੇ ਮਾਮਲਾ ਇੰਨਾ ਵੱਧ ਗਿਆ ਕਿ ਵੀਰਵਾਰ ਨੂੰ ਦੋਵਾਂ ਵਿਚਾਲੇ ਟਕਰਾਅ ਹੋ ਗਿਆ। ਜਦੋਂ ਵਿਵਾਦ ਚੱਲ ਰਿਹਾ ਸੀ ਤਾਂ ਕਸ਼ਮੀਰੀ ਵਿਦਿਆਰਥੀਆਂ ਨੇ ਫਿਰਕੂ ਨਾਅਰੇਬਾਜ਼ੀ ਕਰਦੇ ਹੋਏ ਪਥਰਾਅ ਸ਼ੁਰੂ ਕਰ ਦਿੱਤਾ। ਇਸ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਜਿਸ ਵਿੱਚ ਇੱਕ ਕਸ਼ਮੀਰੀ ਵਿਦਿਆਰਥੀ ਪੱਥਰ ਸੁੱਟਦਾ ਅਤੇ ਨਾਅਰੇਬਾਜ਼ੀ ਕਰਦਾ ਨਜ਼ਰ ਆ ਰਿਹਾ ਹੈ।
ਮਾਮਲਾ ਵੱਧਦਾ ਵੇਖ ਪੁਲਿਸ ਬੁਲਾਈ ਗਈ ਜਿਨ੍ਹਾਂ ਵਲੋਂ ਕਿਸੇ ਤਰੀਕੇ ਮਾਮਲਾ ਸ਼ਾਂਤ ਕੀਤਾ ਗਿਆ।

ਉੱਥੇ ਹੀ ਦੂਜੇ ਪਾਸੇ ਦੂਜੀ ਧਰ ਦੇ ਪੰਜਾਬੀ ਨੌਜਵਾਨਾਂ ਨੇ ਕਿਹਾ ਕਿ ਕਸ਼ਮੀਰੀ ਵਿਦਿਆਰਥੀਆਂ ਵੱਲੋਂ ਲਾਏ ਗਏ ਇਲਜ਼ਾਮ ਗਲਤ ਹਨ। ਪਰ ਉਕਤ ਕਸ਼ਮੀਰੀ ਵਿਦਿਆਰਥਣਾਂ ਨੇ ਦਸਤਾਰ ‘ਤੇ ਟਿੱਪਣੀ ਕਰਦਿਆਂ ਸਾਡੀ ਪੱਗ ਲਾਹ ਦਿੱਤੀ। ਜਿਸ ਤੋਂ ਬਾਅਦ ਇਹ ਝਗੜਾ ਵਧ ਗਿਆ।

ਸੀਟੀ ਗਰੁੱਪ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਘਟਨਾ ਦੇ ਮੱਦੇਨਜ਼ਰ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਕਮੇਟੀ ਨੇ ਮੁੱਢਲੀ ਜਾਂਚ ਤੋਂ ਬਾਅਦ ਕੈਂਪਸ ਵਿੱਚ ਗੜਬੜ ਪੈਦਾ ਕਰਨ ਵਾਲੇ 14 ਵਿਦਿਆਰਥੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਸੀਟੀ ਇੰਸਟੀਚਿਊਟ ਦੀ ਅੰਤ੍ਰਿੰਗ ਕਮੇਟੀ ਬਣਾਈ ਗਈ ਹੈ, ਜੋ ਪੁਲਿਸ ਦੇ ਨਾਲ ਮਿਲ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਪੁਲਿਸ ਇਸ ਮਾਮਲੇ ਵਿੱਚ ਵੱਖਰੀ ਕਾਰਵਾਈ ਕਰੇਗੀ। ਹਰਪ੍ਰੀਤ ਨੇ ਕਿਹਾ- ਇੰਸਟੀਚਿਊਟ ਕੈਂਪਸ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।