ਭਾਰਤ ਤੋਂ ਗੈਰ ਕਾਨੂੰਨੀ ਢੰਗ ਨਾਲ ਹੋ ਰਹੀ ਮੱਨੁਖੀ ਤਸਕਰੀ ਹੈ ਕਾਰਨ: ਸਤਨਾਮ ਸਿੰਘ ਚਾਹਲ
ਵਾਸ਼ਿੰਗਟਨ. ਅਮਰੀਕਾ ਦੇ ਇੰਮੀਗਰੇਸ਼ਨ ਐਂਡ ਕਸਟਮ ਇੰਨਫੋਰਸਮੈਂਟ ਵਿਭਾਗ ਨੇ ਵਿੱਤੀ ਸਾਲ 2019 ਦੌਰਾਨ 422 ਔਰਤਾਂ ਸਮੇਤ ਕੁਲ 8447 ਭਾਰਤੀ ਮੂਲ ਦੇ ਲੋਕਾਂ ਨੂੰ ਇੰਮੀਗਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗਿਰਫ਼ਤਾਰ ਕਰਕੇ ਅਮਰੀਕਾ ਦੀਆਂ ਵੱਖ ਵੱਖ ਜੇਲਾਂ ਵਿਚ ਨਜਰਬੰਧ ਕੀਤਾ ਸੀ। ਇਸ ਗਲ ਦੀ ਜਾਣਕਾਰੀ ਦਿੰਦਿੰਆਂ ਅੱਜ ਇੱਥੇ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਸਾਲ 2019 ਦੌਰਾਨ ਭਾਰਤੀ ਮੂਲ ਦੇ ਲੋਕਾਂ ਨੂੰ ਅਮਰੀਕਾ ਦੇ ਇੰਮੀਗਰੇਸ਼ਨ ਵਲੋਂ ਗਿਰਫਤਾਰ ਕਰਕੇ ਜੇਲਾਂ ਵਿਚ ਨਜਰਬੰਦ ਕਰਨ ਦਾ ਆਕੰੜਾ ਵਿੱਤੀ ਸਾਲ 2014 ਤੋਂ ਲੈ ਕੇ ਵਿੱਤੀ ਸਾਲ 2019 ਤੱਕ ਦਾ ਸਭ ਤੋਂ ਜਿਆਦਾ ਆਕੰੜਾ ਹੈ ਲੇਕਿਨ ਵਿੱਤੀ ਸਾਲ 2018 ਨਾਲੋਂ ਕੁਝ ਘੱਟ ਸੀ। ਜਿਸ ਬਾਰੇ ਹਰ ਭਾਰਤੀ ਤੇ ਭਾਰਤ ਸਰਕਾਰ ਨੂੰ ਚਿੰਤਾ ਕਰਨ ਦੀ ਲੋੜ ਹੈ।
2019 ਦੌਰਾਨ ਨਜਰਬੰਦ ਭਾਰਤੀਆਂ ਦੀ ਗਿਣਤੀ 1616, ਔਰਤਾਂ ਦੀ ਗਿਣਤੀ 76
ਚਾਹਲ ਨੇ ਦੱਸਿਆ ਕਿ ਅਮਰੀਕਾ ਦੇ ਇੰਮੀਗਰੇਸ਼ਨ ਤੇ ਕਸਟਮ ਇੰਨਫੋਰਸਮੈਂਟ ਵਿਭਾਗ (ਆਈ.ਸੀ.ਈ) ਪਾਸੋਂ ਸੂਚਨਾ ਦੇ ਅਧਿਕਾਰ ਖੇਤਰ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਵਿੱਤੀ ਸਾਲ 2019 ਦੌਰਾਨ ਇਹਨਾਂ ਜੇਲਾਂ ਵਿਚ ਨਜਰਬੰਦ ਕੀਤੇ ਗਏ ਇਹਨਾਂ ਭਾਰਤੀ ਲੋਕਾਂ ਵਿਚੋਂ ਕੁਲ 1616 ਭਾਰਤੀ ਮੂਲ ਦੇ ਲੋਕਾਂ ਨੂੰ ਅਮਰੀਕਾ ਵਿਚੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜਿਹਨਾਂ ਵਿਚ ਭਾਰਤੀ ਮੂਲ ਦੀਆਂ ਔਰਤਾਂ ਦੀ ਗਿਣਤੀ 76 ਸੀ।
ਕਈ ਨਜਰਬੰਦ ਭਾਰਤੀਆਂ ਨੂੰ ਅਮਰੀਕਾ ਸਰਕਾਰ ਨੇ ਦੇ ਦਿੱਤਾ ਸੀ ਦੇਸ਼ ਨਿਕਾਲਾ
ਚਾਹਲ ਨੇ ਦੱਸਿਆ ਕਿ ਵਿੱਤੀ ਸਾਲ 2014 ਦੌਰਾਨ ਭਾਰਤੀ ਮੂਲ ਦੇ ਜਿਹੜੇ ਕੁਲ 2306 ਲੋਕਾਂ ਨੂੰ ਇੰਮੀਗਰੇਸ਼ਨ ਤੇ ਕਸਟਮ ਇੰਨਫੋਰਸਮੈਂਟ ਵਿਭਾਗ ਨੇ ਗਿਰਫਤਾਰ ਕਰਕੇ ਵੱਖ ਵੱਖ ਜੇਲਾਂ ਵਿਚ ਨਜਰਬੰਦ ਕੀਤਾ ਸੀ। ਉਹਨਾਂ ਵਿਚੋਂ ਕੁਲ 146 ਔਰਤਾਂ ਸਨ। ਜਿਹਨਾਂ ਵਿਚੋਂ ਅਮਰੀਕਾ ਸਰਕਾਰ ਨੇ ਭਾਰਤੀ ਮੂਲ ਦੇ 317 ਮਰਦ ਤੇ 42 ਔਰਤਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਸੀ। ਇਸੇ ਤਰਾਂ ਵਿੱਤੀ ਸਾਲ 2015 ਦੌਰਾਨ ਗਿਰਫਤਾਰ ਹੋਏ ਭਾਰਤੀ ਮੂਲ ਦੇ ਕੁੱਲ 2874 ਮਰਦ ਤੇ 96 ਔਰਤਾਂ ਵਿਚੋਂ 285 ਮਰਦਾਂ ਤੇ 26 ਔਰਤਾਂ ਨੂੰ ਦੇਸ਼ ਨਿਕਾਲਾ ਦੇ ਦਿਤਾ ਸੀ। ਚਾਹਲ ਨੇ ਦੱਸਿਆ ਕਿ ਵਿੱਤੀ ਸਾਲ 2014 ਨਾਲੋਂ ਇਹ ਅੰਕੜਾ ਵਿੱਤੀ ਸਾਲ 2015 ਵਿਚ ਕਾਫੀ ਵੱਧ ਗਿਆ ਸੀ।
ਇੰਮੀਗਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਹੈ ਦੋਸ਼
ਚਾਹਲ ਮੁਤਾਬਿਕ ਵਿੱਤੀ ਸਾਲ 2016 ਦੌਰਾਨ ਅਮਰੀਕਾ ਸਰਕਾਰ ਨੇ ਭਾਰਤੀ ਮੂਲ ਦੇ ਕੁਲ 3964 ਮਰਦਾਂ ਤੇ 123 ਔਰਤਾਂ ਨੂੰ ਗਿਰਫਤਾਰ ਕਰਕੇ ਜੇਲਾਂ ਵਿਚ ਬੰਦ ਕੀਤਾ ਸੀ। ਜਿਹਨਾਂ ਵਿਚੋਂ ਭਾਰਤੀ ਮੂਲ ਦੇ ਕੁਲ 333 ਮਰਦਾਂ ਤੇ 19 ਔਰਤਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਇਸੇ ਤਰਾਂ ਵਿੱਤੀ ਸਾਲ 2017 ਦੌਰਾਨ ਅਮਰੀਕਾ ਸਰਕਾਰ ਨੇ ਕੁਲ 3469 ਮਰਦਾਂ ਤੇ 187 ਭਾਰਤੀ ਮੂਲ ਦੀਆਂ ਔਰਤਾਂ ਨੂੰ ਇੰਮੀਗਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਜੇਲਾਂ ਵਿਚ ਨਜਰਬੰਦ ਕੀਤਾ ਸੀ। ਜਿਹਨਾਂ ਵਿਚੋਂ 443 ਮਰਦਾਂ ਤੇ 17 ਔਰਤਾਂ ਨੂੰ ਅਮਰੀਕਾ ਸਰਕਾਰ ਨੇ ਦੇਸ਼ ਨਿਕਾਲਾ ਦੇ ਕੇ ਭਾਰਤ ਵਾਪਸ ਭੇਜ ਦਿਤਾ ਸੀ। ਚਾਹਲ ਨੇ ਦੱਸਿਆ ਕਿ ਵਿੱਤੀ ਸਾਲ 2018 ਦੌਰਾਨ ਭਾਰਤੀ ਮੂਲ ਦੇ ਗਿਰਫਤਾਰ ਕੀਤੇ ਗਏ ਤੇ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਦੀ ਗਿਣਤੀ ਵਿਚ ਪਹਿਲੇ ਤਿੰਨ ਸਾਲਾਂ ਨਾਲੋਂ ਲਗਭਗ ਤਿੰਨ ਗੁਣਾਂ ਦਾ ਵਾਧਾ ਹੋ ਗਿਆ ਸੀ। ਜਿਸ ਅਨੁਸਾਰ ਵਿੱਤੀ ਸਾਲ 2018 ਵਿਚ ਭਾਰਤੀ ਮੂਲ ਦੇ ਕੁਲ 9459 ਮਰਦਾਂ ਤੇ 359 ਲੋਕਾਂ ਨੂੰ ਗਿਰਫਤਾਰ ਕਰਕੇ ਨਜਰਬੰਦ ਕੀਤਾ ਗਿਆ ਸੀ। ਜਿਹਨਾਂ ਵਿਚੋਂ 551 ਮਰਦਾਂ ਤੇ 60 ਔਰਤਾਂ ਨੂੰ ਅਮਰੀਕਾ ਸਰਕਾਰ ਵਲੋਂ ਦੇਸ਼ ਨਿਕਾਲਾ ਦੇ ਦਿਤਾ ਗਿਆ ਸੀ।
ਕਰੋੜਾਂ ਰੂਪਏ ਦੇ ਹੋ ਰਹੇ ਇਸ ਗੈਰ ਕਾਨੂੰਨੀ ਧੰਦੇ ਨੂੰ ਠੱਲ ਪਾਉਣ ਵਿੱਚ ਭਾਰਤ ਸਰਕਾਰ ਅਸਫਲ
ਚਾਹਲ ਨੇ ਸਪਸ਼ਟ ਕੀਤਾ ਕਿ ਇਹ ਸਭ ਭਾਰਤ ਵਿਚੋਂ ਗੈਰ ਕਾਨੂੰਨੀ ਹੋ ਰਹੀ ਮੱਨੁਖੀ ਤਸਕਰੀ ਦੇ ਕਾਰਣ ਹੀ ਹੋ ਰਿਹਾ ਹੈ, ਜਿਸ ਨੂੰ ਠੱਲ ਪਾਉਣ ਲਈ ਭਾਰਤ ਸਰਕਾਰ ਤੇ ਰਾਜਾਂ ਦੀਆਂ ਸਰਕਾਰਾਂ ਬਿਲਕੁਲ ਫੇਲ ਸਾਬਤ ਹੋ ਰਹੀਆਂ ਹਨ। ਚਾਹਲ ਨੇ ਕਿਹਾ ਕਿ ਪੰਜਾਬ ਇਸ ਵੇਲੇ ਗੈਰ ਕਾਨੂੰਨੀ ਮੱਨੁਖੀ ਤਸਕਰੀ ਦਾ ਕੇਂਦਰ ਬਣਿਆ ਹੋਇਆ ਹੈ। ਜਿੱਥੇ ਕਰੋੜਾਂ ਰੁਪਏ ਦਾ ਇਹ ਗੈਰ ਕਾਨੂੰਨੀ ਧੰਦਾ ਹੋ ਰਿਹਾ ਹੈ। ਚਾਹਲ ਨੇ ਦੁਖ ਪਰਗਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਗੈਰ ਕਾਨੂੰਨੀ ਮੱਨੁਖੀ ਤਸਕਰੀ ਨੂੰ ਰੋਕਣ ਲਈ ਬੇਸ਼ਕ ਬਹੁਤ ਸਾਰੇ ਕਾਨੂੰਨ ਬਣੇ ਹੋਏ ਹਨ। ਪਰ ਇਹਨਾਂ ਕਾਨੂੰਨਾਂ ਦੇ ਬਾਵਜੂਦ ਵੀ ਪੰਜਾਬ ਸਰਕਾਰ ਤੇ ਅਫਸਰਸ਼ਾਹੀ ਦੇ ਨੱਕ ਹੇਠਾਂ ਗੈਰ ਕਾਨੂੰਨੀ ਮੱਨੁਖੀ ਤਸਕਰੀ ਦਾ ਇਹ ਧੰਦਾ ਦਿਨੋ ਦਿਨ ਵੱਧ ਫੁਲ ਰਿਹਾ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।