BJP ਸਾਂਸਦ ਕਿਰਨ ਖੇਰ ’ਤੇ ਜਾ.ਨੋਂ ਮਾ.ਰਨ ਦੀ ਧ.ਮਕੀ ਦੇਣ ਦੇ ਦੋਸ਼, ਹਾਈਕੋਰਟ ਨੇ ਪੀੜਤ ਨੂੰ ਦਿੱਤੇ ਸੁਰੱਖਿਆ ਪ੍ਰਦਾਨ ਕਰਨ ਦੇ ਹੁਕਮ

0
219

ਚੰਡੀਗੜ੍ਹ, 12 ਦਸੰਬਰ| ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਅਤੇ ਉਨ੍ਹਾਂ ਦੇ ਨਿੱਜੀ ਸਕੱਤਰ (ਪੀ.ਏ.) ਸਹਿਦੇਵ ਸਲਾਰੀਆ ‘ਤੋਂ ਜਾਨ ਨੂੰ ਖਤਰਾ ਹੋਣ ਦਾ ਦੋਸ਼ ਲਗਾਉਂਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਮਨੀਮਾਜਰਾ ਦੇ ਚੈਤਨਯ ਅਗਰਵਾਲ ਨੇ ਦਾਇਰ ਕੀਤੀ ਸੀ। ਇਸ ਪਟੀਸ਼ਨ ‘ਤੇ ਸੋਮਵਾਰ ਨੂੰ ਹਾਈਕੋਰਟ ਨੇ ਪਟੀਸ਼ਨਕਰਤਾ ਅਤੇ ਉਸ ਦੇ ਪਰਿਵਾਰ ਨੂੰ ਇਕ ਹਫਤੇ ਤੱਕ ਸੁਰੱਖਿਆ ਦੇਣ ਦੇ ਨਿਰਦੇਸ਼ ਦਿੱਤੇ ਹਨ।

ਹਾਈਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਕਿ ਪਟੀਸ਼ਨਕਰਤਾ ਅਤੇ ਉਸ ਦੀ ਪਤਨੀ ਨੂੰ ਇਸ ਦੌਰਾਨ ਘਰ ਦੀ ਚਾਰ ਦੀਵਾਰੀ ਦੇ ਅੰਦਰ ਰਹਿਣਾ ਹੋਵੇਗਾ। ਸਿਰਫ਼ ਡਾਕਟਰੀ ਲੋੜਾਂ, ਘਰੇਲੂ ਵਸਤਾਂ ਜਾਂ ਪਰਿਵਾਰ ਵਿੱਚ ਕਿਸੇ ਨਜ਼ਦੀਕੀ ਰਿਸ਼ਤੇਦਾਰ ਜਾਂ ਦੋਸਤ ਲਈ ਸ਼ੋਕ ਸਭਾ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜੇਕਰ ਪਟੀਸ਼ਨਰ ਜਾਂ ਉਸ ਦੀ ਪਤਨੀ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲਦੀ ਹੈ ਤਾਂ ਸੁਰੱਖਿਆ ਪ੍ਰਦਾਨ ਕਰਨ ਦੇ ਹੁਕਮ ਵਾਪਸ ਲੈ ਲਏ ਜਾਣ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਹ ਹੁਕਮ ਪਟੀਸ਼ਨਰ ਦੇ ਦੋ ਨਾਬਾਲਗ ਬੱਚਿਆਂ ‘ਤੇ ਲਾਗੂ ਨਹੀਂ ਹੋਣਗੇ।

ਮਨੀਮਾਜਰਾ ਨਿਵਾਸੀ ਚੈਤਨਯ ਅਗਰਵਾਲ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕਰਦੇ ਹੋਏ ਪਟੀਸ਼ਨ ‘ਚ ਕਿਹਾ ਹੈ ਕਿ ਉਹ ਆਪਣੇ ਜੀਜਾ ਦੇ ਜ਼ਰੀਏ ਸੰਸਦ ਮੈਂਬਰ ਕਿਰਨ ਖੇਰ ਅਤੇ ਉਸ ਦੇ ਪੀਏ ਸਹਿਦੇਵ ਸਲਾਰੀਆ ਦੇ ਸੰਪਰਕ ‘ਚ ਆਇਆ ਸੀ। ਉਹ ਪੇਸ਼ੇ ਤੋਂ ਕਾਰੋਬਾਰੀ ਹੈ ਅਤੇ ਨਿਵੇਸ਼ ਏਜੰਟ ਵਜੋਂ ਉਸ ਨੇ ਅਗਸਤ ਵਿੱਚ ਸੰਸਦ ਮੈਂਬਰ ਤੋਂ 8 ਕਰੋੜ ਰੁਪਏ ਲਏ ਸਨ। 2 ਕਰੋੜ ਰੁਪਏ ਉਸ ਨੇ ਕਿਰਨ ਖੇਰ ਦੇ ਬੈਂਕ ਖਾਤੇ ‘ਚ ਟਰਾਂਸਫਰ ਕਰ ਦਿੱਤੇ ਸਨ, ਜਦਕਿ 6 ਕਰੋੜ ਦੇਣਦਾਰੀ ਬਾਕੀ ਸੀ।

ਨਵੰਬਰ ਵਿਚ ਉਸ ਨੂੰ ਬਕਾਇਆ ਰਕਮ ਤੁਰੰਤ ਵਾਪਸ ਕਰਨ ਲਈ ਕਿਹਾ ਗਿਆ ਸੀ। ਇਸ ਕਾਰਨ ਉਸ ਨੂੰ ਆਪਣੇ ਭਰਾ ਦਾ ਵਿਆਹ ਸਮਾਗਮ ਵੀ ਰੱਦ ਕਰਨਾ ਪਿਆ। 1 ਦਸੰਬਰ ਨੂੰ ਉਸ ‘ਤੇ ਘਰ ਬੁਲਾ ਕੇ ਤਸ਼ੱਦਦ ਕੀਤਾ ਗਿਆ। ਉਸ ਦਾ ਪਾਸਪੋਰਟ, ਲੈਪਟਾਪ, ਮੋਬਾਈਲ ਅਤੇ ਚੈੱਕ ਦੇਣ ਤੋਂ ਬਾਅਦ ਹੀ ਉਸ ਨੂੰ ਜਾਣ ਦਿੱਤਾ ਗਿਆ। ਇਸ ਤੋਂ ਬਾਅਦ ਉਹ ਹਾਈਪਰਟੈਨਸ਼ਨ ਕਾਰਨ ਦੋ ਦਿਨ ਹਸਪਤਾਲ ‘ਚ ਭਰਤੀ ਰਹੇ। ਅਜਿਹੀ ਸਥਿਤੀ ਵਿੱਚ ਉਸਦੀ ਅਤੇ ਉਸਦੇ ਪਰਿਵਾਰ ਦੀ ਜਾਨ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ।