ਪੰਜਾਬ ਵਿੱਚ ਕੱਲ ਤੋਂ ਸਾਰੇ ਸਰਕਾਰੀ ਦਫਤਰ ਅਤੇ ਬੱਸਾਂ ਬੰਦ, 10ਵੀਂ-12ਵੀਂ ਦੇ ਪੇਪਰ ਮੁਲਤਵੀ; ਪੜ੍ਹੋ ਹੋਰ ਕੀ-ਕੀ ਹੋ ਰਹੇ ਬਦਲਾਅ

    0
    1881
    • ਸੂਬੇ ਵਿੱਚ 20 ਮਾਰਚ ਦੀ ਅੱਧੀ ਰਾਤ ਤੋਂ ਸਾਰੇ ਸਰਕਾਰੀ ਟਰਾਂਸਪੋਰਟ ਦੀ ਆਵਾਜਾਈ ‘ਤੇ ਲਗਾਈ ਰੋਕ
    • ਟੈਕਸੀ ਅਤੇ ਸਾਇਕਲ ਰਿਕਸ਼ਾ ਨੂੰ ਇਸ ਪਾਬੰਦੀ ਤੋਂ ਦਿੱਤੀ ਛੋਟ
    • 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 31 ਮਾਰਚ ਤੱਕ ਮੁਲਤਵੀ
    • ਵਿਆਹ ਸਮਾਗਮ ਅਤੇ ਅੰਤਿਮ ਸੰਸਕਾਰ ਦੌਰਾਨ ਇਕੱਠ ਨੂੰ 20 ਵਿਅਕਤੀਆਂ ਤੱਕ ਕੀਤਾ ਸੀਮਿਤ
    • ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਵਿੱਚ ਖਾਣ-ਪੀਣ ਦੀ ਪਾਬੰਦੀ, ਬੈਂਕਟ ਹਾਲਜ਼ ਵਿੱਚ ਕਾਨਫਰੰਸ, ਸੈਮੀਨਾਰ ਅਤੇ ਹੋਰ ਸਮਾਗਮਾਂ ‘ਤੇ ਰੋਕ
    • ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਨੂੰ ਭੋਜਨ ਦੀ ‘ਟੇਕ ਅਵੇਅ ਸਰਵਿਸ’ ਅਤੇ ਹੋਮ ‘ਡਲੀਵਰੀ’ ਦੀ ਦਿੱਤੀ ਆਗਿਆ
    • ਵਿਦੇਸ਼ੀ ਯਾਤਰਾਂ ਤੋਂ ਪਰਤੇ ਲੋਕਾਂ ਲਈ ਘਰ ਵਿੱਚ ਅਲੱਗ ਰਹਿਣਾ ਲਾਜ਼ਮੀ
    • ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਅਲੱਗ ਰੱਖਣ ਵਾਲੇ ਵਾਰਡਾਂ ਦੀ ਗਿਣਤੀ ਵਧਾਈ ਜਾਵੇਗੀ

    ਚੰਡੀਗੜ੍ਹ . ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਕਈ ਫੈਸਲੇ ਲਏ ਹਨ। ਇਹ ਸਾਰੇ ਫੈਸਲੇ 20 ਮਾਰਚ ਤੋਂ ਲਾਗੂ ਹੋ ਜਾਣਗੇ। ਪੰਜਾਬ ਵਿੱਚ ਕੋਰੋਨਾ ਨਾਲ ਹੋਈ ਪਹਿਲੀ ਮੌਤ ਤੋਂ ਬਾਅਦ ਇਹ ਫੈਸਲੇ ਲਏ ਗਏ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਸਮੂਹ ਦੀ ਮੀਟਿੰਗ ਦੌਰਾਨ ਸੂਬੇ ਵਿੱਚ 20 ਮਾਰਚ ਦੀ ਅੱਧੀ ਰਾਤ ਤੋਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਟਰਾਂਸਪੋਰਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਇਸੇ ਤਰ੍ਹਾਂ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਰੀਆਂ ਬੋਰਡ ਪ੍ਰੀਖਿਆਵਾਂ ਨੂੰ 31 ਮਾਰਚ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸਰਕਾਰੀ ਦਫਤਰਾਂ ਵਿੱਚ ਸਾਰੇ ਪ੍ਰਕਾਰ ਦੀਆਂ ‘ਪਬਲਿਕ ਡਿਲਿੰਗ’ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ।

    ਬ੍ਰਹਮ ਮਹਿੰਦਰਾ ਨੇ ਕਿਹਾ- ਕਿ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰਨ ਦਾ ਸਮਾਂ ਲੰਘ ਚੁੱਕਾ ਹੈ ਅਤੇ ਹੁਣ ਸਖ਼ਤ ਕਦਮ ਚੁੱਕਣ ਦਾ ਸਮਾਂ ਹੈ। ਲੋਕਾਂ ਨੂੰ ਬਿਨ੍ਹਾਂ ਕਿਸੇ ਐਮਰਜੈਂਸੀ ਤੋਂ ਘਰਾਂ ਤੋਂ ਬਾਹਰ ਨਿਕਲਣ ਤੋਂ ਰੋਕਣਾ ਸਖ਼ਤ ਜ਼ਰੂਰੀ ਹੈ। ਇਸ ਲਈ ਮੰਤਰੀ 20 ਮਾਰਚ ਦੀ ਅੱਧੀ ਰਾਤ ਤੋਂ ਸਾਰੇ ਸਰਕਾਰੀ ਟਰਾਂਸਪੋਰਟ ਦੀ ਆਵਾਜਾਈ ਬੰਦ ਕੀਤੀ ਜਾ ਰਹੀ ਹੈ। ਟੈਕਸੀ ਅਤੇ ਸਾਇਕਲ ਰਿਕਸ਼ਾ ਹੀ ਚੱਲ ਸਕਣਗੇ।

    ਵੱਖ-ਵੱਖ ਸਰਕਾਰੀ/ਪ੍ਰਾਈਵੇਟ ਹਸਪਤਾਲਾਂ ਅਤੇ ਮੈਡੀਕਲ ਅਦਾਰਿਆਂ ਵਿਚ ਨਿਰਧਾਰਤ ਆਈਸੋਲੇਸ਼ਨ ਵਾਰਡਾਂ ਦੀ ਗਿਣਤੀ ਵਿਚ ਵਧਾ ਕੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਦੀ ਉਪਲਬਧਤਾ ਅਤੇ ਦਵਾਈਆਂ ਦੇ ਢੁਕਵੇਂ ਸਟਾਕ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ। ਹਸਪਤਾਲਾਂ ਵਿਚ ਰੋਜ਼ਾਨਾਂ ਦੀਆਂ ਓਪੀਡੀ ਸੇਵਾਵਾਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਸਿਰਫ ਐਮਰਜੈਂਸੀ ਜਾਰੀ ਰਹੇਗੀ। ਸਾਰੇ ਡੈਂਟਲ ਕਾਲਜਾਂ ਅਤੇ ਹਸਪਤਾਲਾਂ ਨੂੰ 31 ਮਾਰਚ ਤੱਕ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਮੈਡੀਕਲ ਕਾਲਜਾਂ ਵਿੱਚ ਪਹਿਲੇ ਅਤੇ ਦੂਜੇ ਸਾਲ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਜਦਕਿ ਤੀਜੇ ਅਤੇ ਚੌਥੇ ਸਾਲ ਦੀਆਂ ਕਲਾਸਾਂ ਜਾਰੀ ਰੱਖੀਆਂ ਜਾਣਗੀਆਂ।

    ਨਰਸਿੰਗ ਕਾਲਜਾਂ ਵਿੱਚ ਪਹਿਲੇ ਸਾਲ ਦੇ ਵਿਦਿਆਰਥੀਆਂ ਦੀਆਂ ਕਲਾਸਾਂ 31 ਮਾਰਚ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਦੂਜੇ ਸਾਲ ਤੋਂ ਨਰਸਿੰਗ ਵਿਦਿਆਰਥੀਆਂ ਦੀਆਂ ਕਲਾਸਾਂ ਜਾਰੀ ਰੱਖੀਆਂ ਜਾਣਗੀਆਂ।

    ਵਿਆਹ ਅਤੇ ਅੰਤਿਮ ਸੰਸਕਾਰ ਵਰਗੇ ਕਿਸੇ ਵੀ ਸਮਾਗਮ ਲਈ ਇਕੱਠ ਨੂੰ 20 ਵਿਅਕਤੀਆਂ ਤੱਕ ਦੇ ਸੀਮਤ ਕਰਨ ਦਾ ਫੈਸਲਾ ਕੀਤਾ ਹੈ। ਅਜਿਹੇ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਹੈਂਡ ਵਾਸ਼ਿੰਗ ਪ੍ਰੋਟੋਕੋਲ ਦੀ ਪਾਲਣਾ ਕਰਨ ਅਤੇ ਢੁਕਵੀਂ ਸਫਾਈ ਰੱਖਣ ਦੀ ਸਲਾਹ ਦਿੱਤੀ ਗਈ ਹੈ।

    ਸੀ.ਬੀ.ਐਸ.ਸੀ. ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਦੇਖਦਿਆਂ ਮੰਤਰੀ ਸਮੂਹ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਰੀਆਂ ਬੋਰਡ ਪ੍ਰੀਖਿਆਵਾਂ 31 ਮਾਰਚ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

    ਸਾਰੇ ਐਨਆਰਆਈਜ਼ ਅਤੇ ਪਿਛਲੇ 15 ਦਿਨਾਂ ਦੌਰਾਨ ਕਿਸੇ ਵੀ ਦੇਸ਼ ਤੋਂ ਪਰਤੇ ਯਾਤਰੀਆਂ ਲਈ 14 ਦਿਨਾਂ ਤੱਕ ਆਪਣੇ ਘਰਾਂ ਵਿਚ ਅਲੱਗ ਰਹਿਣ ਸਬੰਧੀ ਹੋਮ ਕੁਆਰੰਟੀਨ ਪ੍ਰੋਟੋਕੋਲ ਨੂੰ ਸਖਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਅਜਿਹੇ ਸਾਰੇ ਪ੍ਰਵਾਸੀ ਭਾਰਤੀਆਂ ਅਤੇ ਯਾਤਰੀਆਂ ਨੂੰ ਅਮਿੱਟ ਸਿਆਹੀ ਨਾਲ ਲਾਜ਼ਮੀ ਮੋਹਰ ਲਗਾਉਣ ਦਾ ਵੀ ਫੈਸਲਾ ਲਿਆ ਗਿਆ ਹੈ ਤਾਂ ਜੋ ਬਾਹਰ ਨਿਕਲਣ ਦੀ ਸੂਰਤ ਵਿੱਚ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ।

    ਸਾਰੇ ਡਿਪਟੀ ਕਮਿਸ਼ਨਰਾਂ, ਐਸਐਸਪੀਜ਼, ਸੀਐਮਓਜ਼, ਐਸਐਮਓਜ਼ ਨੂੰ ਸਟੇਸ਼ਨ ਨਾ ਛੱਡਣ ਹਦਾਇਤ ਕੀਤੀ ਗਈ ਹੈ…

    ਮੀਟਿੰਗ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬਲਬੀਰ ਸਿੰਘ ਸਿੱਧੂ, ਵਿਜੇ ਇੰਦਰ ਸਿੰਗਲਾ ਅਤੇ ਭਾਰਤ ਭੂਸ਼ਣ ਆਸ਼ੂ ਅਤੇ ਸਾਰੇ ਕੈਬਨਿਟ ਮੰਤਰੀਆਂ ਦੇ ਨਾਲ ਨਾਲ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ, ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ, ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸਿਵਾ ਪ੍ਰਸਾਦ ਆਦਿ ਸ਼ਾਮਲ ਸਨ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।