ਜਲੰਧਰ ਦੇ ਪਿੰਡ ਚੱਕ ਝੰਡੂ ਚੋਂ 5 ਗੈਂਗਸਟਰ ਗ੍ਰਿਫਤਾਰ, 7 ਘੰਟੇ ਦੇ ਸਰਚ ਆਪ੍ਰੇਸ਼ਨ ਤੋਂ ਬਾਅਦ ਆਏ ਕਾਬੂ

0
387

ਜਲੰਧਰ | ਜਲੰਧਰ ਅਤੇ ਦਿੱਲੀ ਪੁਲਸ ਨੇ ਸਾਂਝੇ ਆਪ੍ਰੇਸ਼ਨ ‘ਚ ਜਲੰਧਰ ਦੇ ਪਿੰਡ ਭੋਗਪੁਰ ਥਾਣੇ ਦੇ ਪਿੰਡ ਚੱਕ ਝੰਡੂ ਤੋਂ 5 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਇਨਪੁਟ ‘ਤੇ ਗੰਨੇ ਦੇ ਖੇਤ ਵਿੱਚ 7 ​​ਘੰਟੇ ਤੱਕ ਡਰੋਨ ਰਾਹੀਂ ਤਲਾਸ਼ੀ ਲਈ ਗਈ।

ਜਾਣਕਾਰੀ ਅਨੁਸਾਰ ਇਹ ਪੰਜੇ ਗੈਂਗਸਟਰ ਦਿੱਲੀ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਸਨ ਅਤੇ ਦਿੱਲੀ ਪੁਲਿਸ ਇੰਸਪੈਕਟਰ ਵਿਕਰਮ ਦਹੀਆ ਦੀ ਅਗਵਾਈ ਵਿੱਚ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਭੋਗਪੁਰ ਦੇ ਪਿੰਡ ਚੱਕ ਝੰਡੂ ਵਿੱਚ ਗੈਂਗਸਟਰ ਖੇਤਾਂ ਵਿੱਚ ਵੜ ਗਏ। ਐਸਪੀ ਇਨਵੈਸਟੀਗੇਸ਼ਨ ਜਲੰਧਰ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਗੈਂਗਸਟਰਾਂ ਕੋਲੋਂ ਹਥਿਆਰ ਬਰਾਮਦ ਕਰ ਲਏ ਗਏ ਹਨ ਅਤੇ ਖੇਤਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ, ਨਾਲ ਹੀ ਗੈਂਗਸਟਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਦਿੱਲੀ ਪੁਲਿਸ ਦੀ ਸੂਚਨਾ ‘ਤੇ ਜਲੰਧਰ ਪੁਲਿਸ ਨੇ ਪਿੰਡ ਚੱਕ ਝੰਡੂ ਦੇ ਨਾਲ-ਨਾਲ ਆਸ-ਪਾਸ ਦੇ ਪਿੰਡਾਂ ‘ਚ ਫੋਰਸ ਤਾਇਨਾਤ ਕਰ ਦਿੱਤੀ ਸੀ ਅਤੇ ਹਰ ਆਉਣ-ਜਾਣ ਵਾਲੇ ਵਾਹਨ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਸੀ। ਕੁਝ ਪਿੰਡ ਵਾਸੀਆਂ ਅਤੇ ਡਿਊਟੀ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਸੀ ਪਰ ਅਧਿਕਾਰੀ ਇਸ ਤੋਂ ਟਾਲਾ ਵੱਟ ਰਹੇ ਹਨ। ਸੂਤਰਾਂ ਅਨੁਸਾਰ ਦਿੱਲੀ ਪੁਲਿਸ ਨੇ ਦੇਰ ਰਾਤ ਸੂਚਨਾ ਦਿੱਤੀ ਸੀ ਕਿ ਚੱਕ ਝੰਡੂ ਪਿੰਡ ਵਿੱਚ ਹਥਿਆਰਬੰਦ ਸ਼ੱਕੀ ਲੁਕੇ ਹੋਏ ਹਨ। ਅੱਜ ਸਵੇਰੇ ਹੀ ਪੁਲਿਸ ਨੇ ਪਿੰਡ ਨੂੰ ਸੀਲ ਕਰ ਕੇ ਗੰਨੇ ਦੇ ਖੇਤ ਨੂੰ ਘੇਰ ਲਿਆ, ਜਿਸ ਵਿੱਚ ਗੈਂਗਸਟਰਾਂ ਦੇ ਲੁਕੇ ਹੋਣ ਦਾ ਸ਼ੱਕ ਸੀ।

ਦਿੱਲੀ ਪੁਲਿਸ ਵੱਲੋਂ ਭੋਗਪੁਰ ਦੇ ਪਿੰਡ ਚੱਕ ਜੰਡੂ ਵਿਖੇ ਸਵੇਰੇ ਪੰਜ ਵਜੇ ਛਾਪੇਮਾਰੀ ਕੀਤੀ ਗਈ। ਪੁਲਿਸ ਨੂੰ ਇੱਥੇ ਗੈਂਗਸਟਰਾਂ ਦੇ ਲੁਕੇ ਹੋਣ ਦੀ ਸੂਚਨਾ ਸੀ। ਪੁਲੀਸ ਨੇ ਪਿੰਡ ਦੇ ਇੱਕ ਪੈਟਰੋਲ ਪੰਪ ’ਤੇ ਬੰਦ ਪਈ ਕੋਠੀ ਵਿੱਚੋਂ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਸੀ ਪਰ ਜਲੰਧਰ ਦਿਹਾਤ ਪੁਲੀਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਹਨ।

ਦਿੱਲੀ ਪੁਲਿਸ ਨੇ ਜਲੰਧਰ ਪੁਲਿਸ ਦੀ ਮਦਦ ਨਾਲ ਵਿਜੇ ਅਤੇ ਨਾਨੂ ਨਾਮ ਦੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਦਿੱਲੀ ਪੁਲਿਸ ਨੂੰ ਉਕਤ ਖੇਤਾਂ ‘ਚ ਤਿੰਨ ਹੋਰ ਗੈਂਗਸਟਰਾਂ ਦੇ ਲੁਕੇ ਹੋਣ ਦੀ ਸੂਚਨਾ ਸੀ। ਇਹ ਗੈਂਗਸਟਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦਿੱਲੀ ਆਇਆ ਹੈ।