ਡਾ. ਜਗਤਾਰ ਦੀ ਤਮਾਮ ਕਵਿਤਾ ਖੁਦ ਦੀ ਖੱਲ੍ਹ ਲਾਹੁਣ ਵਰਗਾ ਅਨੁਭਵ ਹੈ

0
2690

ਅੱਜ ਦੇ ਦਿਨ 30 ਮਾਰਚ 2010 ਨੂੰ ਪੰਜਾਬੀ ਜ਼ੁਬਾਨ ਦੇ ਵੱਡੇ ਸ਼ਾਇਰ ਡਾ. ਜਗਤਾਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਕਹਾਣੀਕਾਰ ਤੇ ਕਵੀ ਮੱਖਣ ਮਾਨ ਦੀ ਡਾ. ਜਗਤਾਰ ਹੁਰਾਂ ਨਾਲ 25 ਸਾਲ ਦੀ ਸਾਂਝ ਰਹੀ ਹੈ। ਜਿਸ ਵੇਲੇ ਡਾ. ਜਗਤਾਰ ਬਿਮਾਰ ਚੱਲ ਰਹੇ ਸਨ, ਉਹਨਾਂ ਇਕੱਲੇ-ਇਕੱਲੇ ਪਲਾਂ ਦੇ ਮੱਖਣ ਮਾਨ ਗਵਾਹ ਹਨ। ਮਾਨ ਨੇ ਇਸ ਲੇਖ ਜ਼ਰੀਏ ਆਪਣੇ ਕੁੱਝ ਅਨੁਭਵ ਸਾਂਝੇ ਕੀਤੇ ਹਨ। ਇਹ ਲੇਖ ਉਹਨਾਂ ਨੇ ਡਾ.ਜਗਤਾਰ ਨੂੰ ਯਾਦ ਕਰਦਿਆਂ ਲਿਖਿਆ ਹੈ। -ਸੰਪਾਦਕ

-ਮੱਖਣ ਮਾਨ 

 ਡਾ. ਜਗਤਾਰ ਜਿੱਥੇ ਕਵਿਤਾ ਚੋਲਾ ਬਦਲਦੀ ਹੈ ਡਾ. ਜਗਤਾਰ ਮੇਰੇ ਚੇਤਿਆ ਵਿਚ ਕੁਝ ਘਟਨਾਵਾਂ ਦੇ ਕਵਿਤਾ ਬਨਣ ਵਾਂਗ ਖੁਣਿਆ ਨਾਮ ਹੈ। ਮਈ ਦਾ ਅੱਧ ਸੀ ਜਾਂ ਅਖੀਰ। ਪੂਰੀ ਤਪੀ ਹੋਈ ਸੀ ਮਈ। ਅਸਥਮੇ ਦਾ ਅਟੈਕ। ਬਾਬਾ ਲਗਾਤਾਰ ਖੰਘ ਰਿਹਾ ਸੀ ਤੇ ਵਾਰ-ਵਾਰ ਇਨਹੇਲਰ ਲੈ ਰਿਹਾ ਸੀ। ਤਕਰੀਬਨ ਅੱਧੇ ਘੰਟੇ ਬਾਦ ਬਾਬਾ ਸੁਰਤ ‘ਚ ਆਇਆ,” ਪੁੱਤਰਾ ਪੰਜ ਹਾੜ ਨੂੰ ਰਾਜ ਗੁਮਾਲ ਮੇਰੇ ਪਿੰਡ ਮੇਲਾ ਲੱਗਦਾ ਹੈ। ਸ਼ਹੀਦ ਉੱਗਰਸੇਨ ਦੀ ਮਜਾਰ ‘ਤੇ। ਮੈਂ ਸ਼ਾਇਦ ਹੀ ਕਦੇ ਮੇਲਾ ਮਿਸ ਕੀਤਾ ਹੋਵੇ। ਇਸ ਵਾਰ ਸਿਹਤ ਨਾਸਾਜ਼ ਹੈ। ਤੂੰ ਇੰਝ ਕਰੀਂ, ਕੰਚਨ ਤੇ ਨੀਰੂ ਨਾਲ ਪਿੰਡ ਮੇਲੇ ਚਲਿਆ ਜਾਵੀਂ। ਬੜੀ ਮਾਨਤਾ ਹੈ। ਹਰ ਵੀਰਵਾਰ ਚਰਾਗ਼ ਬਲਦਾ ਹੈ। ਉੱਥੇ ਲੋਕ ਘੋੜੇ ਚਾੜ੍ਹ ਦੇ ਨੇ। ਮਿੱਥ ਹੈ ਕਿ ਬੰਦਾ ਘੋੜੇ ਵਰਗਾ ਨੌ-ਬਰ-ਨੌ ਹੋ ਜਾਂਦਾ ਹੈ।” ਮੈਂ ਵੀ ਅਕਸਰ ਵੇਖਿਆ ਕਿ ਬਾਬੇ ਨਾਲ ਪਿੰਡ ਰਾਜ ਗੁਮਾਲ ਜਾਂਦਿਆਂ ਘਰ ਜਾਣ ਤੋਂ ਪਹਿਲਾਂ ਬਾਬੇ ਦਾ ਮਜਾਰ ‘ਤੇ ਮੱਥਾ ਟੇਕਣਾ। ਬੜਾ ਅਜੀਬ ਲੱਗਦਾ ਸੀ ਉਦੋਂ।

ਖੈਰ ਪੰਜ ਹਾੜ ਆਈ, ਮੈਂ ਕੰਚਨ ਹੁਰਾਂ ਨਾਲ ਮੇਲੇ ਨਾ ਜਾ ਸਕਿਆ। ਬਾਬਾ ਸਾਰਾ ਦਿਨ ਪਰੇਸ਼ਾਨ, ਡਰਿਆ ਹੋਇਆ ਵਿਹੜੇ ‘ਚ ਘੁੰਮਦਾ ਰਿਹਾ ਸੀ। ਜਿਵੇਂ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੋਵੇ। ਧੀਆਂ ਨੂੰ ਕੱਲਿਆਂ ਤੋਰਨਾ ਬੜਾ ਔਖਾ ਹੁੰਦਾ। ਉੱਤੋਂ ਵੇਲੇ ਉਹੋ ਜਿਹੇ। ਅਗਲੇ ਦਿਨ ਕੰਚਨ ਤੇ ਨੀਰੂ ਘਰ ਪਰਤ ਵੀ ਆਈਆਂ ਸਨ, ਪਰ ਬਾਬੇ ਦਾ ਡਰ ਜਿਉਂ ਦਾ ਤਿਉਂ ਕਾਇਮ ਸੀ। ਹਫਤੇ ਕੁ ਬਾਅਦ ਮੈਨੂੰ ਬਾਬੇ ਦਾ ਫੋਨ ਆਇਆ,”ਤੂੰ ਅੱਜ ਸ਼ਾਮੀਂ ਘਰ ਮਿਲਣ ਆਈਂ। ਤੇਰੇ ਨਾਲ ਗੱਲਾਂ ਕਰਨੀਆਂ ਨੇ।” ਸ਼ਾਮ ਨੂੰ ਮੈਂ ਮਿਲਣ ਗਿਆ। ਬਾਬੇ ਨੂੰ ਜਿਵੇਂ ਚਾਅ ਚੜ੍ਹ ਗਿਆ ਹੋਵੇ। ਉੱਚੀ ਅਵਾਜ਼ ਵਿੱਚ ਬੇਬੇ ਨੂੰ ਚਾਹ ਲਈ ਕਿਹਾ। ਅਸੀਂ ਆਪ ਅੰਦਰ ਬੈਠਕ ‘ਚ ਆ ਗਏ। ”ਤੂੰ ਤਾਂ ਮੇਲੇ ਗਿਆ ਨੀ। ਮੈਂ ਚਿੰਤਾ ‘ਚ ਈ ਰਿਹਾ। ਲੈ ਸੁਣ ਉਸੇ ਚਿੰਤਾ ਨੇ ਕਵਿਤਾ ‘ਚ ਰੂਪ ਵਟਾ ਲਿਆ।”

ਨਿੱਕੇ ਵੱਡੇ ਡਰ

ਧੀਆਂ ਪਿੰਡ ਚੱਲੀਆਂ
ਬਾਰ ਬਾਰ ਮੈਨੂੰ ਓਹ
ਤਕੀਦ ਕਰ ਰਹੀਆਂ ਨੇ
ਵਿਚੋਂ ਵਿਚ ਜਿਵੇਂ ਡਰ ਰਹੀਆਂ ਨੇ
“ਪਾਪਾ ਗੈਸ ਯਾਦ ਨਾਲ ਔਫ਼ ਕਰ ਛੱਡਨੀ
ਦੁੱਧ ਨੂੰ ਫਰਿੱਜ ਵਿਚ ਫੇਰ ਤੁਸੀਂ ਧਰਨਾ 
ਪਹਿਲੋਂ ਠੰਡਾ ਕਰਨਾ
ਰਾਤੀਂ ਸੌਣ ਵੇਲੇ ਬੱਤੀ ਵਿਹੜੇ ਦੀ ਬੁਝਾ ਦੇਣਾ
ਪਹਿਲਾਂ ਕੋਰੀ-ਡੋਰ ਦੀ ਜਗਾ ਦੇਣਾ
ਬੱਦਲਾਂ ਦੀ ਰੁੱਤ ਏ
ਟੀ.ਵੀ. ਦੀ ਤਾਰ ਪਿਛੋਂ ਕੱਢ ਦੇਣੀ
ਕੱਪੜਾ ਨਾ ਕੋਈ ਬਾਹਰ ਕਿੱਲੀ ਉੱਤੇ ਰਹਿਣ ਦੇਣਾ
ਦੁੱਧ ਵਾਲਾ, ਡਾਕੀਆ ਜਾਂ ਹੋਰ ਕੋਈ ਆਵੇ ਪਿੱਛੋਂ
ਪਹਿਲਾਂ ਕੰਧ ਉਪਰੋਂ ਦੀ ਵੇਖਣਾ
ਅਣਸੂਹੇ ਬੰਦੇ ਨੂੰ ਟਟੋਲਣਾ
ਫੇਰ ਬੂਹਾ ਖੋਲ੍ਹਣਾ“
ਮੈਂ ਕਹਿਣਾ ਚਾਹੁੰਦਾ ਹਾਂ,
“ਸੰਭਲ ਕੇ ਬਸ ਵਿਚ ਚੜ੍ਹਨਾ
ਜਿਥੇ ਕਿਤੇ ਭੀੜ ਹੋਵੇ, ਉਥੇ ਨਹੀਓਂ ਖੜ੍ਹਨਾ
ਪਿੰਡ ਵਿਚ ਸਭ ਨੂੰ ਅਦਾਬ ਕਹਿਣਾ
ਐਵੇਂ ਨਾ ਅਭਿੱਜ ਰਹਿਣਾ“
ਪਰ ਮੈਨੂੰ ਬੋਲਣ ਦਾ ਮੌਕਾ ਨਹੀਓਂ ਦਿੰਦੀਆਂ
ਧੀਆਂ ਪਿੰਡ ਚੱਲੀਆਂ।

ਯਾਦ ਦੀ ਇੱਕ ਟੁਕੜੀ ਹੋਰ ਮੇਰੇ ਚੇਤਿਆਂ ‘ਚ ਪਈ ਹੈ। ਰਾਜਸਥਾਨ ਦੀ ਇੱਕ ਸ਼ਾਮ। ਸ਼ਾਇਦ 30 ਦਸੰਬਰ ਸੀ ਉਸ ਦਿਨ। ਬਾਬਾ ਮੌਨ, ਉਦਾਸ। ਥੱਕਿਆ। ਕਿਸੇ ਨਾਲ ਗੱਲ ਨਹੀਂ ਕਰ ਰਿਹਾ। ਵਾਰ-ਵਾਰ ਪੁੱਛਣ ‘ਤੇ ਵੀ ਖਿਝ ਜਾਂਦਾ। ਸ਼ਾਮ ਰਾਤ ਵਿੱਚ ਤਬਦੀਲ ਹੋ ਰਹੀ ਸੀ। ਅਸੀਂ ਹਵਾ-ਪਿਆਜ਼ੀ ਹੋ ਗਏ। ਬਾਬਾ ਭਾਵੁਕ ਹੋ ਗਿਆ। ਮੇਰੇ ਮੱਢੇ ਲੱਗਕੇ ਹੁਬਕੀਂ ਰੋ ਪਿਆ। ਥੋੜ੍ਹਾ ਹਲਕਾ ਹੋ ਕੇ ਕਹਿਣ ਲੱਗਾ,” ਮੇਰੇ ਪਰਿਵਾਰ ਵਿੱਚ 3 ਤਰੀਕ ਕਾਫੀ ਭਿਆਨਕ ਹੈ। ਘਰ ਦੇ ਮੈਂਬਰ ਜ਼ਿਆਦਾ ਕਰਕੇ 3 ਤਰੀਕ, 23 ਤਰੀਕ ਜਾਂ 30 ਤਰੀਕ ਨੂੰ ਹੀ ਪੂਰੇ ਹੋਏ ਨੇ। ਮਾਂ 3 ਅਗਸਤ ਨੂੰ, ਬਾਪ 3 ਮਾਰਚ ਨੂੰ, ਜਿਸ ਮਾਂ ਦਾ ਮੈਂ ਮਤਬੰਨਾ ਸੀ 3 ਮਾਰਚ ਨੂੰ, ਛੋਟਾ ਭਰਾ 3 ਅਪ੍ਰੈਲ ਨੂੰ, ਮੈਨੂੰ ਇਸਦਾ ਕਾਰਣ ਸਮਝ ਨਹੀਂ ਆਇਆ। ਜਦੋਂ ਮੈਂ ਉਦਾਸ ਹੋ ਜਾਵਾਂ ਤੇ ਮੈਨੂੰ ਦਮੇ ਦਾ ਦੌਰਾ ਪੈ ਜਾਵੇ, ਤਾਂ ਮੈਂ ਅਕਸਰ ਵੇਖਿਆ ਹੈ ਕਿ ਉਦੋਂ 22 ਤਰੀਕ ਹੋਵੇ ਤਾਂ 23 ਤਰੀਕ ਦੀ ਘੰਟੀ ਦਿਮਾਗ ‘ਚ ਵੱਜਣੀ ਸ਼ੁਰੂ ਹੋ ਜਾਂਦੀ ਹੈ।

ਚਾਨਣੀਆਂ ਰਾਤਾਂ ਵਿੱਚ ਮੈਂ ਉਦਾਸ ਹੋ ਜਾਂਦਾ ਹਾਂ। ਕਿਉਂ ਉਦਾਸ ਹੋ ਜਾਂਦਾ ਹਾਂ ਇਸਦਾ ਮੈਨੂੰ ਆਪ ਵੀ ਪਤਾ ਨਹੀਂ। ਹੁਣ ਤਾਂ ਨਹੀਂ ਇਸ ਤਰ੍ਹਾਂ ਹੁੰਦਾ, ਪਰ ਪਹਿਲਾਂ ਚਾਨਣੀਆਂ ਰਾਤਾਂ ਨੂੰ ਸਾਰੀ ਸਾਰੀ ਰਾਤ ਕੋਠੇ ‘ਤੇ ਘੁੰਮਦੇ ਰਹਿਣਾ। ਸ਼ਾਇਦ ਇਸਦਾ ਮੇਰੀ ਕਵਿਤਾ ਨਾਲ ਕੋਈ ਸੰਬੰਧ ਹੋਵੇ। ਮੇਰੀ ਤਮਾਮ ਜ਼ਿੰਦਗੀ ਹਾਦਸਿਆਂ ਨਾਲ ਘਿਰੀ ਹੋਈ ਹੈ।” ਕਹਿੰਦਾ ਕਹਿੰਦਾ ਬਾਬਾ ਜਿਵੇਂ ਕਿਸੇ ਡੂੰਘੀ ਕਵਿਤਾ ‘ਚ ਲਹਿ ਗਿਆ ਹੋਵੇ।

ਹੁਣ ਵੀ ਬਾਬੇ ਦੀ ਤਮਾਮ ਜ਼ਿੰਦਗੀ ਮੇਰੀਆਂ ਅੱਖਾਂ ਸਾਹਵੇਂ ਘੁੰਮ ਰਹੀ ਹੈ। ਕਿਵੇਂ ਧੀਆਂ ਦਾ ਪਿੰਡ ਜਾਣਾ ਜਦੋਂ ਕਵਿਤਾ ਬਣਿਆ ਤਾਂ ਸਾਰੇ ਪੰਜਾਬ ਦੇ ਸਰੋਕਾਰ ਉੱਘੜ ਆਏ। ਉਹ ਧੀਆਂ ਜਗਤਾਰ ਦੀਆਂ ਨਾ ਹੋ ਕੇ ਹਰ ਪੰਜਾਬੀ ਦੀਆਂ ਹੋ ਗਈਆਂ। ਕਿਵੇਂ ਜੇਕਰ ਉਹਦੀ ਬੇਬੇ ਉਹਨੂੰ ਆਪਣੇ ਭਰਾ ਦੀ ਲਾਹੌਰ ਦੇ ਬਦਾਮੀ ਬਾਗ ਵਿਚਲੀ ਸਮਾਧ ਉੱਪਰ ਸਿਜਦਾ ਕਰਨ ਦੀ ਗੱਲ ਜਦੋਂ ਕਵਿਤਾ ਬਣਦੀ ਹੈ ਤਾਂ ਕੰਪੋਜ਼ਿਟ ਕਲਚਰ ਝਰ ਝਰ ਪੈਂਦਾ ਹੈ। ਜਦੋਂ ਮਾਂ ਇਹਦੇ ਕੌਲੋਂ ਕੌਲ ਲੈਂਦੀ ਹੈ ਪਰਵਾਸੀ ਨਾ ਹੋਣ ਦਾ ਤਾਂ ਜੋ ਦਰਦ ਪਰਵਾਸੀ ਦੀ ਵਿਆਹੀ ਝੱਲਦੀ ਹੈ, ਉਹਦਾ ਹੌਕਾ ਬਣਕੇ ਉੱਭਰਦੀ ਹੈ। ਪਾਠਕ ਇੱਕਦਮ ਕਿਸੇ ਸਦਮੇ ‘ਚੋਂ ਸਾਹ ਲੈਂਦਾ ਹੈ।

ਜਗਤਾਰ ਦੀ ਤਮਾਮ ਕਵਿਤਾ ਖੁਦ ਦੀ ਖੱਲ੍ਹ ਲਾਹੁਣ ਵਰਗਾ ਅਨੁਭਵ ਹੀ ਹੈ। ਮੈਂ ਇਹਨਾਂ ਅਨੁਭਵਾਂ ਵਿੱਚੋਂ ਬਹੁਤਿਆਂ ਦਾ ਗਵਾਹ ਹਾਂ। ਉਹ ਯਾਤਰੂ ਤਬੀਅਤ ਦਾ ਬੰਦਾ ਸੀ। ਚਿੰਤਨਸ਼ੀਲ ਤੇ ਮਲੰਗ ਵੀ। ਇਸੇ ਕਰਕੇ ਜਦੋਂ ਜਗਤਾਰ ਕਵਿਤਾ ਲਿਖਦੇ ਨੇ ਤਾਂ ਪੰਜਾਬੀ ਕਵਿਤਾ ਇੱਥੇ ਆ ਕੇ ਆਪਣਾ ਚੋਲਾ ਬਦਲਦੀ ਮਹਿਸੂਸ ਹੁੰਦੀ ਹੈ।

(ਮੱਖਣ ਮਾਨ ਨੇ ਆਪਣੀ ਕਹਾਣੀ ਤੇ ਕਵਿਤਾ ਜ਼ਰੀਏ ਲਿਤਾੜੇ ਲੋਕਾਂ ਦੀ ਬਾਤ ਪਈ ਹੈ। ਉਹ ਪੇਸ਼ੇ ਵਜੋਂ ਪਟਵਾਰੀ ਹਨ ਇਸੇ ਲਈ ਉਹਨਾਂ ਦੀਆਂ ਰਚਨਾਵਾਂ ਵਿਚ ਜ਼ਿੰਦਗੀ ਦੀਆਂ ਫਰਦਾਂ ਅਕਸਰ ਖੁੱਲ੍ਹੀਆਂ ਹੋਈਆਂ ਨਜ਼ਰ ਆਉਦੀਆਂ ਹਨ। ਉਹਨਾਂ ਨਾਲ 9417207627 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)