ਬਾਬੇ ਦੇ ਸ਼ਹਿਰ ਸੁਲਤਾਨਪੁਰ ਨੂੰ ਸਿਜਦਾ

0
3806

-ਈਬਲੀਸ

ਸੁਲਤਾਨਪੁਰ ਲੋਧੀ ਵੱਖ-ਵੱਖ ਸੱਭਿਆਚਾਰਾਂ ਅਤੇ ਧਰਮਾਂ ਦੀ ਸਾਜ਼ਿੰਦ ਕਹਿਕਸ਼ਾਂ ਹੈ, ਜਿਸ ਉੱਪਰ ਹਰ ਧਰਮ, ਮਜ਼ਹਬ ਅਤੇ ਫ਼ਿਰਕੇ ਦੇ ਲੋਕ ਫਖ਼ਰ ਕਰ ਸਕਦੇ ਹਨ। ਇਸ਼ ਸ਼ਹਿਰ ‘ਚ ਨਾਨਕਸ਼ਾਹੀ ਇੱਟਾਂ ਨਾਲ ਤਾਮੀਰ ਹੋਈਆਂ ਇਮਾਰਤਾਂ ਸਮੇਂ ਨਾਲ ਭਾਵੇਂ ਖੋਲ਼ਿਆਂ ਦਾ ਰੂਪ ਧਾਰ ਗਈਆਂ ਹਨ ਪਰ ਇਹ ਸਭ ਇਸ ਦੀ ਪ੍ਰਾਚੀਨਤਾ ਦੀਆਂ ਗਵਾਹ ਹਨ। ਇਨ੍ਹਾਂ ਖੋਲ਼ਿਆਂ-ਖੰਡਰਾਂ ਦੇ ਦਰਵਾਜ਼ਿਆਂ ਅਤੇ ਚੌਖਟਾਂ ਉੱਪਰ ਉੱਕਰਿਆ ਹੁਨਰ ਇਤਿਹਾਸ ਦੇ ਕਈ ਸੁਨਹਿਰੇ ਵਰਕੇ ਆਪਣੀ ਜਿਲਦ ਵਿਚ ਸਾਂਭੀ ਬੈਠਾ ਹੈ। ਬਿਨਾਂ ਸ਼ੱਕ ਦਾਅਵਾ ਕੀਤਾ ਜਾ ਸਕਦਾ ਹੈ ਕਿ ਸੁਲਤਾਨਪੁਰ ਲੋਧੀ ਭਾਰਤ ਦੇ ਸਭ ਤੋਂ ਪੁਰਾਤਨ ਸ਼ਹਿਰਾਂ ਵਿੱਚੋਂ ਇਕ ਹੈ।

ਮਾਣਮੱਤੀ ਵਿਰਾਸਤ

ਪੰਜਵੀਂ-ਛੇਵੀਂ ਸਦੀ ਈਸਾ ਪੂਰਵ ਸੁਲਤਾਨਪੁਰ ਲੋਧੀ ਦਾ ਇਹ ਇਲਾਕਾ ‘ਤਮਸਾਵਨ’ ਨਾਂ ਦਾ ਗ਼ੈਰ-ਆਬਾਦ ਜੰਗਲ ਸੀ। ਇਸ ਸ਼ਹਿਰ ਨੂੰ ਜਿੱਥੇ ਸਿੱਖ ਧਰਮ ਦੀ ਜਨਮ-ਭੋਇੰ ਹੋਣ ਦਾ ਮਾਣ ਹਾਸਲ ਹੈ, ਉੱਥੇ ਸਦੀਆਂ ਪਹਿਲਾਂ ਇਹ ਬੁੱਧ ਧਰਮ ਦਾ ਵੀ ਵੱਡਾ ਕੇਂਦਰ ਰਿਹਾ ਹੈ। ਬੋਧੀ ਗ੍ਰੰਥ ‘ਦਿਵਿਅਵਦਾਨ’ ਵਿਚ ਵੀ ਤਮਸਾਵਨ ਦਾ ਜ਼ਿਕਰ ਆਇਆ ਹੈ। ਚੌਥੀ ਪੂਰਬਲੀ ਸਦੀ ਵਿਚ ਇਹ ਬੁੱਧ ਧਰਮ ਦਾ ਕੇਂਦਰ ਬਣਿਆ।

ਸੁਲਤਾਨਪੁਰ ਸ਼ਹਿਰ ਕਈ ਵਾਰ ਬਾਹਰੀ ਹਮਲਿਆਂ ਕਾਰਨ ਉੱਜੜਿਆ ਅਤੇ ਕੁਕਨੂਸ ਵਾਂਗ ਮੁੜ-ਮੁੜ ਆਪਣੀ ਰਾਖ ਵਿਚੋਂ ਮੁੜ ਸੁਰਜੀਤ ਹੋਇਆ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਇਹ ਸ਼ਹਿਰ 11ਵੀਂ ਸ਼ਤਾਬਦੀ ਵਿਚ ਮਹਿਮੂਦ ਗਜ਼ਨਵੀ ਦੇ ਇਕ ਫ਼ੌਜਦਾਰ ਸੁਲਤਾਨਖ਼ਾਨ ਲੋਧੀ ਨੇ ਵਸਾਇਆ ਸੀ। ਭਾਰਤ ਵਿਚ ਮੁਸਲਮਾਨਾਂ ਦੀ ਆਮਦ ਤੋਂ ਪਹਿਲਾਂ ਇਸ ਸ਼ਹਿਰ ਦਾ ਨਾਂ ‘ਸਰਬਮਾਨਪੁਰ’ ਸੀ। ਇਸ ਤੋਂ ਇਲਾਵਾ ਕਿਸੇ ਸਮੇਂ ਇਸ ਦਾ ਨਾਂ ‘ਪੀਰਾਂਪੁਰੀ’, ‘ਛੀਟਾਂ ਵਾਲੀ’ ਵੀ ਰਿਹਾ ਹੈ। ਇਕ ਹੋਰ ਰਵਾਇਤ ਅਨੁਸਾਰ 1517 ਤੋਂ 1526 ਵਿਚ ਇਬਰਾਹੀਮ ਲੋਧੀ ਦੇ ਰਾਜ ਸਮੇਂ ਲਾਹੌਰ ਦੇ ਗਵਰਨਰ ਦੌਲਤ ਖ਼ਾਨ ਲੋਧੀ ਨੇ ਇਸ ਸ਼ਹਿਰ ਨੂੰ ਉਚੇਚੇ ਤੌਰ ‘ਤੇ ਵਸਾਇਆ।

15ਵੀਂ ਸਦੀ ਦਾ ਮਹਾਨ ਯਾਤਰੀ ਅਤੇ ਇਤਿਹਾਸਕਾਰ ਇਬਨ ਬਤੂਤਾ ਸਤੰਬਰ 1333 ਵਿਚ ਭਾਰਤ ਆਇਆ ਤਾਂ ਉਸ ਨੇ ਕੁਝ ਸਮੇਂ ਲਈ ਇਸ ਸ਼ਹਿਰ ਵਿਚ ਵੀ ਮੁਕਾਮ ਕੀਤਾ ਅਤੇ ਆਪਣੀ ਇਸ ਸ਼ਹਿਰ ਵਿਚ ਆਮਦ ਤੇ ਇਥੋਂ ਦੇ ‘ਡਾਕ ਮੁਨਾਰਿਆਂ’ ਦਾ ਜ਼ਿਕਰ ਵੀ ਉਸ ਨੇ ਆਪਣੇ ਸਫ਼ਰਨਾਮੇ ਵਿਚ ਕੀਤਾ ਹੈ। ਮਹਾਨ ਚੀਨੀ ਯਾਤਰੀ ਯੁਆਂਗ-ਚੁਆਂਗ ਜਦ 7ਵੀਂ ਸਦੀ ਵਿਚ ਭਾਰਤ ਆਇਆ ਤਾਂ ਇਸ ਸ਼ਹਿਰ ਵਿੱਚੋਂ ਦੀ ਹੁੰਦਾ ਹੋਇਆ ਜਲੰਧਰ ਵੱਲ ਗਿਆ। ਯੁਆਂਗ-ਚੁਆਂਗ ਕੁਝ ਸਮਾਂ ਇਥੋਂ ਦੇ ਬੁੱਧ ਧਰਮ ਨਾਲ ਸਬੰਧਤ ਮਠਾਂ ਵਿਚ ਵੀ ਵਿਚਰਿਆ। ਇਹ ਮਹਾਨ ਯਾਤਰੀ ਇਸ ਸ਼ਹਿਰ ਵਿਚ ਸਮਰਾਟ ਅਸ਼ੋਕ ਦੁਆਰਾ ਬੋਧੀ ਸਤੂਪ ਉਸਾਰੇ ਜਾਣ ਦਾ ਵੀ ਜ਼ਿਕਰ ਕਰਦਾ ਹੈ। ਇਤਿਹਾਸਕ ਹਵਾਲਿਆਂ ਅਨੁਸਾਰ ਜਦੋਂ ਸਿਕੰਦਰ ਮਹਾਨ ਦੀਆਂ ਫ਼ੌਜਾਂ ਨੇ ਮਕਦੂਨੀਆ ਨੂੰ ਵਾਪਸੀ ਸਮੇਂ ਇਥੋਂ ਬਿਆਸ ਦਰਿਆ ਪਾਰ ਕੀਤਾ ਤਾਂ ਉਸ ਸਮੇਂ ਦਰਿਆ ਦੇ ਚੜ੍ਹਦੇ ਪਾਸੇ ਫੈਗੀਅਸ ਨਾਂ ਦਾ ਰਾਜਾ ਰਾਜ ਕਰਦਾ ਸੀ। ਕਦੇ ਇਹ ਇਲਾਕਾ ਕਾਬਲ ਦੇ ਹਿੰਦੂ ਰਾਜਿਆਂ ਤੇ ਦਿੱਲੀ ਦੇ ਰਾਜਾ ਮਦਨ ਪਾਲ ਦੀ ਟਕਸਾਲ ਰਿਹਾ। ਇਨ੍ਹਾਂ ਹਿੰਦੂ ਰਾਜਿਆਂ ਅਤੇ ਬੁੱਧ ਧਰਮ ਦਾ ਅਹਿਮ ਕੇਂਦਰ ਹੋਣ ਕਾਰਨ ਗਜ਼ਨੀ ਦੇ ਸੁਲਤਾਨ ਮਹਿਮੂਦ ਨੇ ਇਸ ਸ਼ਹਿਰ ਸ਼ਹਿਰ ਆਪਣੇ ਹੱਲੇ ਦੌਰਾਨ ਰਾਖ ਦੇ ਢੇਰ ‘ਚ ਤਬਦੀਲ ਕਰ ਦਿੱਤਾ ਸੀ ਤੇ ਵੱਡੀਆਂ-ਵੱਡੀਆਂ ਹਵੇਲੀਆਂ ਤੇ ਮਠ ਨੇਸਤੋਨਾਬੂਦ ਕਰ ਕੇ ਇਸ ਦੀ ਖ਼ੂਬਸੂਰਤੀ ਨੂੰ ਗ੍ਰਹਿਣ ਲਾਇਆ। ਮੁਗ਼ਲ ਸਲਤਨਤ ਵੇਲੇ ਇਹ ਸ਼ਹਿਰ 12-12 ਕੋਹ ਤਕ ਫ਼ੈਲਿਆ ਹੋਇਆ ਸੀ। ਇਸ ਸ਼ਹਿਰ ਨੂੰ ਨਾਸਿਰ-ਉਦ-ਦੀਨ ਮੁਹੰਮਦ ਸ਼ਾਹ ਨੇ ਵੀ ਆਪਣੇ ਰਾਜ-ਭਾਗ ਸਮੇਂ ਆਬਾਦ ਕੀਤਾ ਸੀ ਪਰ ਟਕਸਾਲ ਹੋਣ ਕਾਰਨ ਸੁਲਤਾਨ ਗਿਆਸੂਦੀਨ ਬਲਬਨ ਦੇ ਸਮੇਂ ਮੁਗ਼ਲ ਬਾਦਸ਼ਾਹਾਂ ਨੇ ਇਥੇ ਕਈ ਹਮਲੇ ਕੀਤੇ ਅਤੇ ਇਸ ਸ਼ਹਿਰ ਨੂੰ ਲੁੱਟਿਆ। 1739 ਵਿਚ ਇਸ ਸ਼ਹਿਰ ਨੂੰ ਨਾਦਰਸ਼ਾਹ ਈਰਾਨੀ ਨੇ ਵੀ ਲੁੱਟਿਆ ਅਤੇ ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਵੀ ਇਸ ਸ਼ਹਿਰ ਨੂੰ ਲੁੱਟ ਕੇ ਇਸ ਦਾ ਬੁਰੀ ਤਰ੍ਹਾਂ ਵਿੱਤੀ, ਜਾਨੀ ਤੇ ਮਾਲੀ ਨੁਕਸਾਨ ਕੀਤਾ। ਮੁਗ਼ਲ ਬਾਦਸ਼ਾਹ ਅਕਬਰ ਦੀ ਜੀਵਨੀ ‘ਆਇਨੇ-ਅਕਬਰੀ’ ਵਿਚ ਇਸ ਸ਼ਹਿਰ ‘ਚ ਇਕ ਵੱਡੀ ਸਰਾਂ ਦੀ ਮੌਜੂਦਗੀ ਦਾ ਵੀ ਜ਼ਿਕਰ ਸ਼ਾਮਲ ਹੈ। ‘ਕਿਲ੍ਹਾ ਸਰਾਏ’ ਦੇ ਨਾਂ ਨਾਲ ਜਾਣੀ ਜਾਂਦੀ ਇਹ ਸਰਾਂ ਅੱਜ ਆਪਣੀਆਂ ਅੰਤਮ ਸਾਹਾਂ ਗਿਣ ਰਹੀ ਹੈ। ਇਸ ਕਿਲ੍ਹੇ ਦੇ ਅੰਦਰ ਇਕ ਪੁਰਾਣੀ ਮਸਜਿਦ ਵੀ ਮੌਜੂਦ ਹੈ।

ਪੁਲ ਕੰਜਰੀ

ਸ਼ੇਰ ਸ਼ਾਹ ਸੂਰੀ ਨੇ ਇਸ ਸ਼ਹਿਰ ਵਿਚੋਂ ਲੰਘਣ ਵਾਲੀ ਕਾਲੀ ਵੇਈਂ ਉੱਪਰ ਇਕ ਪੁਲ ਤਾਮੀਰ ਕਰਵਾਇਆ ਸੀ, ਜਿਸ ਨੂੰ ‘ਪੁਲ ਕੰਜਰੀ’ ਵੀ ਆਖਦੇ ਹਨ। ਪੰਜਾਬ ਵਿਚ ਪੁਲ ਕੰਜਰੀ ਦੇ ਨਾਂ ਨਾਲ ਤਿੰਨ ਪੁਲਾਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਮਿਲਦਾ ਹੈ, ਇਨ੍ਹਾਂ ਵਿੱਚੋਂ ਇਕ ਜ਼ਿਲ੍ਹਾ ਹੁਸ਼ਿਆਰਪੁਰ ਵਿਚ, ਦੂਸਰਾ ਅੰਮ੍ਰਿਤਸਰ ਜ਼ਿਲ੍ਹੇ ਵਿਚ ਮਹਾਰਾਜਾ ਰਣਜੀਤ ਸਿੰਘ ਦੁਆਰਾ ਮੋਰਾਂ ਸਰਕਾਰ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕਰਵਾਏ ਗਏ ਪੁਲ ਦਾ ਅਤੇ ਤੀਸਰਾ ਸੁਲਤਾਨਪੁਰ ਲੋਧੀ ਦੇ ਇਸ ਪੁਲ ਦਾ ਜ਼ਿਕਰ ਮਿਲਦਾ ਹੈ। ਇਹ ਪੁਲ ਇਸ ਵੇਲੇ ਪੂਰੀ ਤਰ੍ਹਾਂ ਖੰਡਰ ਦਾ ਰੂਪ ਧਾਰ ਚੁੱਕਾ ਹੈ। ਸਦੀਆਂ ਤਕ ਇਸ ਪੁਲ ਨੇ ਸ਼ਹਿਰ ਤੋਂ ਵੇਈਂ ਪਾਰ ਜਾਣ ਵਾਲੇ ਪਿੰਡਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਪੁਲ ਦੇ ਖੰਡਰ ਹੋਣ ਤੋਂ ਬਾਅਦ ਲੰਬੇ ਸਮੇਂ ਤਕ ਲੋਕ ਬੇੜੀ ਰਾਹੀਂ ਵੇਈਂ ਪਾਰ ਕਰਦੇ ਰਹੇ। ਇਤਿਹਾਸਕਾਰ ਇਸ ਪੁਲ ਦਾ ਨਿਰਮਾਣ 1332 ਈਸਵੀ ਵਿਚ ਹੋਇਆ ਮੰਨਦੇ ਹਨ। ਪੁਲ ਕੰਜਰੀ ਤੋਂ ਇਲਾਵਾ ਇਸ ਪੁਲ ਨੂੰ ਜਹਾਂਗੀਰੀ ਪੁਲ, ਸ਼ਾਹੀ ਪੁਲ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਕੁਝ ਵਰ੍ਹੇ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿਚ ਇਸ ਪੁਲ ਦੇ ਬਿਲਕੁਲ ਨੇੜੇ ਇਕ ਨਵੇਂ ਪੁਲ ਦਾ ਨਿਰਮਾਣ ਕਰਵਾਇਆ ਗਿਆ ਹੈ।

ਵਿੱਦਿਆ ਦਾ ਮਰਕਜ਼

ਮੁਗ਼ਲ ਸਾਮਰਾਜ ਵੇਲੇ ਇਹ ਸ਼ਹਿਰ ਵਿੱਦਿਆ ਦਾ ਬਹੁਤ ਵੱਡਾ ਮਰਕਜ਼ ਰਿਹਾ। ਮੁਗ਼ਲ ਬਾਦਸ਼ਾਹ ਸ਼ਾਹਜਹਾਨ ਦਾ ਤੀਸਰਾ ਪੁੱਤਰ ਅਤੇ ਹਿੰਦੁਸਤਾਨ ਦੇ ਛੇਵੇਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਤੇ ਸ਼ਾਹਜਹਾਨ ਦੇ ਸਭ ਤੋਂ ਵੱਡੇ ਪੁੱਤਰ ਦਾਰਾ ਸ਼ਿਕੋਹ ਨੇ ਸੁਲਤਾਨਪੁਰ ਲੋਧੀ ਵਿਖੇ ਹੀ ਸ਼ਾਹ ਅਬਦੁਲ ਲਤੀਫ਼ ਪਾਸੋਂ ਤਾਲੀਮ ਹਾਸਲ ਕੀਤੀ। ਲਹਿੰਦੇ ਪੰਜਾਬ ਦੇ ਇਤਿਹਾਸਕਾਰ ਅਤੇ ਪ੍ਰਸਿੱਧ ਸ਼ਾਇਰ ਇਕਬਾਲ ਕੈਸਰ ਅਨੁਸਾਰ ਸੂਫ਼ੀ ਦਰਵੇਸ਼ ਸ਼ਾਹ ਹੁਸੈਨ ਨੇ ਵੀ ਇਥੇ ਹੀ ਤਾਲੀਮ ਹਾਸਲ ਕੀਤੀ ਸੀ। ਇਕਬਾਲ ਕੈਸਰ ਤਾਂ ਸ਼ਾਹ ਹੁਸੈਨ ਦੀ ਦੁੱਲੇ ਭੱਟੀ ਵਰਗੇ ਇਤਿਹਾਸ ਦੇ ਮੰਨੇ-ਪ੍ਰਮੰਨੇ ਮਹਾਨਾਇਕ ਦੁੱਲੇ ਭੱਟੀ ਨਾਲ ਦੋਸਤੀ ਹੋਣ ਨੂੰ ਵੀ ਤਸਦੀਕ ਕਰਦੇ ਹਨ। ਸੱਤਵੀਂ ਸਦੀ ਈਸਵੀ ਤਕ ਇਹ ਭਾਰਤ ਵਿਚਲੇ ਬੁੱਧ ਧਰਮ ਦੇ ਕੇਂਦਰਾਂ ਵਿੱਚੋਂ ਸਭ ਤੋਂ ਅਹਿਮ ਸ਼ਹਿਰ ਸੀ। ਕਾਤਿਆਯਨ ਜਿਹੇ ਬੋਧੀ ਵਿਦਵਾਨ ਨੇ ਇਸੇ ਧਰਤੀ ‘ਤੇ ”ਅਭਿਧਰਮ ਪ੍ਰਸਥਾਵ” ਨਾਂ ਦੇ ਗ੍ਰੰਥ ਦੀ ਰਚਨਾ ਕੀਤੀ। ਸੰਸਕ੍ਰਿਤ ਦੇ ਪ੍ਰਸਿੱਧ ਵਿਦਵਾਨ ਅਤੇ ਵਿਆਕਰਣਕਾਰ ਪਾਣਿਨੀ ਨੇ ਵੀ ਆਪਣੀਆਂ ਲਿਖਤਾਂ ਵਿਚ ਇਸ ਸ਼ਹਿਰ ਨੂੰ ‘ਤ੍ਰਿਗਰਤ ਪ੍ਰਦੇਸ਼’ ਦੇ ਛੇ ਗਣਰਾਜਾਂ ਵਿੱਚੋਂ ਇਕ ਦੱਸਿਆ ਹੈ। ਇਕ ਰਵਾਇਤ ਅਨੁਸਾਰ ਭਾਰਤ ਦੀ ਪਹਿਲੀ ਯੂਨੀਵਰਸਿਟੀ ਆਖੀ ਜਾਂਦੀ ‘ਤਕਸ਼ਸ਼ਿਲਾ’ ਤੋਂ ਬਾਅਦ ਆਪਣੇ ਜ਼ਮਾਨੇ ਵਿਚ ਇਹ ਸ਼ਹਿਰ ਵਿੱਦਿਆ ਦੇ ਪਸਾਰ ਦਾ ਦੂਜਾ ਵੱਡਾ ਕੇਂਦਰ ਰਿਹਾ ਹੈ।

ਪੀਰਾਂ-ਫ਼ਕੀਰਾਂ ਦੀ ਧਰਤੀ

ਸੁਲਤਾਨਪੁਰ ਲੋਧੀ ਬਾਰੇ ਇਹ ਅਖਾਣ ਪ੍ਰਸਿੱਧ ਹੈ ਕਿ ”ਸੁਲਤਾਨਪੁਰ ਤੇ ਮੁਲਤਾਨ, ਜਿੱਥੇ ਪੀਰਾਂ ਨੂੰ ਵਰਦਾਨ।” ਪੀਰਾਂਪੁਰੀ ਦੇ ਸੱਯਦ ਚਿਰਾਗ਼ ਸਤਰਦੀਨ ਇਥੋਂ ਦੇ ਸਭ ਤੋਂ ਵੱਡੇ ਫ਼ਕੀਰ ਮੰਨੇ ਜਾਂਦੇ ਸਨ। ਉਨ੍ਹਾਂ ਦੇ ਸ਼ਾਗਿਰਦ ਸੱਯਦ ਗ਼ੁਲਾਮ ਮੁਹੱਈਉੱਦੀਨ ਦੁਆਰਾ ਸੰਨ 1899 ਵਿਚ ਬਣਵਾਈ ਗਈ ਇਕ ਮਸੀਤ ਇਸ ਸ਼ਹਿਰ ਦੇ ਮੁੱਖ ਬਾਜ਼ਾਰ ‘ਚ ਮੌਜੂਦ ਹੈ। ਇਸ ਨੂੰ ‘ਵੱਡਿਆਂ ਦਾ ਦਰਬਾਰ’ ਜਾਂ ‘ਪੰਜ ਪੀਰ’ ਆਖ ਕੇ ਵੀ ਸੰਬੋਧਨ ਕੀਤਾ ਜਾਂਦਾ ਹੈ। ਸੂਫ਼ੀ ਫ਼ਕੀਰ ਸ਼ਾਹ ਹੁਸੈਨ ਬਾਰੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਇਸ ਸ਼ਹਿਰ ਵਿਚ ਰਹਿ ਕੇ ਹੀ ਸਿੱਖਿਆ ਪ੍ਰਾਪਤ ਕੀਤੀ ਸੀ। ਸਾਈਂ ਖਰਬੂਜ਼ੇ ਸ਼ਾਹ ਇਸ ਸ਼ਹਿਰ ਦਾ ਵਸਨੀਕ ਉਹ ਦਰਵੇਸ਼ ਫ਼ਕੀਰ ਹੈ ਜੋ ਕਾਲੀ ਵੇਈਂ ‘ਤੇ ਇਸ਼ਨਾਨ ਕਰਨ ਲਈ ਆਉਣ ਵੇਲੇ ਰੋਜ਼ਾਨਾ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਿਆ ਕਰਦਾ ਸੀ। ਜਦੋਂ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸ਼ੁਰੂ ਕਰਨ ਵਾਲੇ ਸਨ ਤਾਂ ਸਾਈਂ ਖਰਬੂਜ਼ੇ ਸ਼ਾਹ ਨੇ ਉਦਾਸ ਹੋ ਕੇ ਆਖਿਆ ਕਿ ‘ਮਹਾਰਾਜ, ਆਪ ਦੇ ਲੰਬੇ ਸਮੇਂ ਤਕ ਦੀਦਾਰ ਨਹੀਂ ਹੋ ਸਕਣਗੇ, ਇਸ ਸਮੇਂ ਦੌਰਾਨ ਮੈਂ ਆਪ ਦੀ ਸੰਗਤ ਤੋਂ ਵਾਂਝਿਆਂ ਰਹਿਣ ਦੀ ਪੀੜ ਕਿਵੇਂ ਝੱਲਾਂਗਾ?’ ਪੀਰ ਜੀ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਨੇ ਆਪਣੀ ਦਾਤਣ ਉਸ ਜਗ੍ਹਾ ‘ਤੇ ਗੱਡ ਦਿੱਤੀ ਅਤੇ ਆਖਿਆ ਕਿ ਇਸ ਨਿਸ਼ਾਨੀ ਦੇ ਦਰਸ਼ਨ ਕਰਨ ਨਾਲ ਤੁਹਾਨੂੰ ਸਾਡਾ ਹੀ ਦੀਦਾਰ ਹੋਵੇਗਾ। ਉਹ ਦਾਤਣ ਅੱਜ ਇਕ ਵਿਸ਼ਾਲ ਬੇਰੀ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਇਸ ਪਵਿੱਤਰ ਅਸਥਾਨ ‘ਤੇ ਗੁਰਦੁਆਰਾ ‘ਬੇਰ ਸਾਹਿਬ’ ਸਥਿਤ ਹੈ। ਇਸ ਤੋਂ ਇਲਾਵਾ ਪੀਰ ਗ਼ੈਬ ਗਾਜ਼ੀ ਦਾ ਮਜ਼ਾਰ ਗੁਰਦੁਆਰਾ ਬੇਰ ਸਾਹਿਬ ਤੋਂ ਅੱਧਾ ਕੁ ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਅਸਥਾਨ ‘ਤੇ ਪੀਰ ਗ਼ੈਬ ਗਾਜ਼ੀ ਆਪਣੀ ਪ੍ਰੇਮਿਕਾ ਸਮੇਤ ਗਾਇਬ ਹੋਇਆ ਸੀ। ਮਜ਼ਾਰ ਦੇ ਅੰਦਰ ਪੀਰ ਗ਼ੈਬ ਗਾਜ਼ੀ ਅਤੇ ਉਨ੍ਹਾਂ ਦੀ ਪ੍ਰੇਮਿਕਾ ਦੀਆਂ ਕਬਰਾਂ ਹਨ। ਸੁਲਤਾਨਪੁਰ ਲੋਧੀ ਦੀ ਕਾਲਜ ਰੋਡ ‘ਤੇ ਪੀਰ ਸ਼ਾਹ ਸੁਲਤਾਨ ਦਾ ਰੋਜ਼ਾ ਹੈ। ਇਹ ਪੀਰ ਇਥੇ ਆਪਣੀ ਭੈਣ ਸਮੇਤ ਰਹਿੰਦਾ ਸੀ। ਇਸ ਰੋਜ਼ੇ ਅੰਦਰ ਪੀਰ ਜੀ ਅਤੇ ਉਨ੍ਹਾਂ ਦੀ ਭੈਣ ਦੀਆਂ ਕਬਰਾਂ ਹਨ। ਇਸ ਤੋਂ ਇਲਾਵਾ ਪੀਰ ਅੱਲ੍ਹਾ ਦਿੱਤਾ, ਬਾਬਾ ਦੂਲੋ ਸ਼ਕਲ, ਭਾਈ ਲੰਙਾ,  ਪੀਰ ਅਲੀ ਅਹਿਮਦ ਸ਼ਾਹ, ਪੀਰ ਮੁਹੰਮਦ ਸ਼ਾਹ ਸਲਾਮ, ਹਜ਼ਰਤ ਬਾਬਾ ਬੰਦਗੀ ਸ਼ਾਹ, ਪੀਰ ਜ਼ੀਆ-ਉਲ-ਦੀਨ ਦਾ ਸਪੁੱਤਰ ਪੀਰ ਨਾਸਿਰਦੀਨ, ਕਟਾਖਸ਼ ਗਿਰ, ਪੀਰ ਗ਼ੁਲਾਮ ਮਹੱਈਉੱਦੀਨ ਵੀ ਇਸ ਸ਼ਹਿਰ ਨਾਲ ਸਬੰਧਤ ਪਹੁੰਚੇ ਹੋਏ ਸੂਫ਼ੀ ਦਰਵੇਸ਼ ਅਤੇ ਫ਼ਕੀਰ ਰਹੇ ਹਨ। ਸੁਲਤਾਪੁਰ ਲੋਧੀ ਦੀ ਉਹ ਮਸੀਤ, ਜਿੱਥੇ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ ਪੜ੍ਹਦੇ ਰਹੇ ਸਨ, ਉਸ ਦਾ ਵਜੂਦ ਹੁਣ ਖ਼ਤਮ ਹੋ ਚੁੱਕਾ ਹੈ ਪਰ ਕਿਲ੍ਹਾ ਸਰਾਏ ਅੰਦਰ ਇਕ ਚਿੱਟੀ ਮਸੀਤ ਅੱਜ ਵੀ ਚੰਗੀ ਹਾਲਤ ‘ਚ ਮੌਜੂਦ ਹੈ। ਮੰਨਿਆ ਜਾਂਦਾ ਹੈ ਕਿ ਕਿਲ੍ਹਾ ਸਰਾਏ ਅੰਦਰ ਰਹਿਣ ਵਾਲੇ ਸ਼ਾਹੀ ਲੋਕ ਇਥੇ ਹੀ ਨਮਾਜ਼ ਦੇ ਰੂਪ ‘ਚ ਅੱਲ੍ਹਾ ਨੂੰ ਆਪਣੀ ਅਕੀਦਤ ਪੇਸ਼ ਕਰਿਆ ਕਰਦੇ ਸਨ।

ਹਿੰਦੂ ਧਰਮ ਨਾਲ ਸਬੰਧਤ ਅਸਥਾਨ

ਕਪੂਰਥਲਾ ਵੱਲੋਂ ਸੁਲਤਾਨਪੁਰ ਸ਼ਹਿਰ ਅੰਦਰ ਦਾਖ਼ਲ ਹੁੰਦਿਆਂ ਹੀ ਭਗਵਾਨ ਸ਼ਿਵ ਸ਼ੰਕਰ ਦਾ ਮੰਦਰ ਸਥਿਤ ਹੈ, ਇਸ ਨੂੰ ਨਾਥਾਂ ਦਾ ਡੇਰਾ ਵੀ ਕਿਹਾ ਜਾਂਦਾ ਹੈ। ਸੁਲਤਾਨਪੁਰ ਸ਼ਹਿਰ ਦੇ ਐੱਸਡੀ ਕਾਲਜ ਦੇ ਨੇੜੇ ਸ਼ਹਿਰ ਦਾ ਸਭ ਤੋਂ ਪ੍ਰਾਚੀਨ ‘ਮੰਦਰ ਕਟਾਖਸ਼ ਗਿਰੀ’ ਹੈ। ਇਸ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਮੰਦਰ 1100 ਸਾਲ ਪੁਰਾਣਾ ਹੈ। ਸ਼ਹਿਰ ਦੇ ਧੀਰਾਂ ਮੁਹੱਲੇ ਵਿਚ ‘ਪੰਜ ਮੰਦਰੀ’ ਨਾਂ ਦਾ ਧਰਮ-ਸਥੱਲ ਸੁਸ਼ੋਭਿਤ ਹੈ। ਮੰਦਰ ਦੇ ਅਹਾਤੇ ਦੇ ਬਿਲਕੁਲ ਮੱਧ ਵਿਚ ਭਗਵਾਨ ਰਾਧਾ-ਕ੍ਰਿਸ਼ਨ ਦਾ ਮੰਦਰ ਹੈ ਅਤੇ ਚਾਰਾਂ ਦਿਸ਼ਾਵਾਂ ਵਿਚ ਦੂਸਰੇ ਦੇਵੀ-ਦੇਵਤਿਆਂ ਦੇ ਮੰਦਰ ਹੈ। ਇਸ ਮੰਦਰ ਦੀ ਭਵਨ ਨਿਰਮਾਣ ਕਲਾ ਕਾਫ਼ੀ ਹੱਦ ਤਕ ਕਪੂਰਥਲਾ ਸ਼ਹਿਰ ਵਿਚ ਸਥਿਤ ‘ਪੰਜ ਮੰਦਰ’ ਨਾਲ ਮਿਲਦੀ-ਜੁਲਦੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵਿਚਕਾਰ ‘ਭੈਰੋਂ ਜੀ ਦਾ ਮੰਦਰ’ ਵੀ ਹੈ।

ਸਿੱਖ ਧਾਰਮਿਕ ਅਸਥਾਨ

ਤਲਵੰਡੀ ਰਾਏਭੋਇ ਤੋਂ ਸੁਲਤਾਨਪੁਰ ਲੋਧੀ ਆਉਣ ਉਪਰੰਤ ਗੁਰੂ ਨਾਨਕ ਦੇਵ ਜੀ ਇਸ ਸ਼ਹਿਰ ਵਿਚ ਲਗਪਗ 14 ਸਾਲ ਰਹੇ। ਇਸ ਦੌਰਾਨ ਇਸ ਸ਼ਹਿਰ ਨੇ ਅਧਿਆਤਮ ਦੀਆਂ ਬੁਲੰਦੀਆਂ ਨੂੰ ਛੋਹਿਆ ਅਤੇ ਦੁਨੀਆ ਨੂੰ ਸਰਭ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਜਪੁਜੀ ਸਾਹਿਬ ਦੀ ਸਿਰਜਣਾ ਦੇ ਨਾਲ ਹੀ ਇਥੇ ਸਿਖ ਧਰਮ ਦੀ ਬੁਨਿਆਦ ਰੱਖੀ ਗਈ ਅਤੇ ਇਸ ਸ਼ਹਿਰ ਦੀ ਫਿਜ਼ਾ ਵਿਚ ਪਹਿਲੀਵਾਰ ਗੁਰਮਤਿ ਸੰਗੀਤ ਦੀਆਂ ਧੁਨਾਂ ਭਾਈ ਮਰਦਾਨਾ ਜੀ ਦੀ ਰਬਾਬ ਤੋਂ ਗੂੰਜੀਆਂ।

– ਗੁਰਦੁਆਰਾ ਬੇਰ ਸਾਹਿਬ : ਤਿੰਨ ਦਿਨ ਕਾਲੀ ਵੇਈਂ ਵਿਚ ਰਹਿਣ ਉਪਰੰਤ ਗੁਰੂ ਸਾਹਿਬ ਨੇ ਇਸ ਪਵਿੱਤਰ ਅਸਥਾਨ ‘ਤੇ ਹੀ ਮੂਲ-ਮੰਤਰ ਦਾ ਉਚਾਰਣ ਕੀਤਾ ਅਤੇ ਦੁਨੀਆ ਨੂੰ ਸਰਵ-ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਗੁਰੂ ਨਾਨਕ ਸਾਹਿਬ ਦੇ ਮੁਬਾਰਕ ਹੱਥਾਂ ਦੀ ਛੋਹ ਪ੍ਰਾਪਾਤ ਬੇਰੀ ਦਾ ਪਵਿੱਤਰ ਰੁੱਖ ਅੱਜ ਵੀ ਇਸ ਅਸਥਾਨ ‘ਤੇ ਮੌਜੂਦ ਹੈ। ਸਭ ਤੋਂ ਪਹਿਲਾਂ ਇਸ ਅਸਥਾਨ ‘ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬੁੰਗੇ ਦੇ ਰੂਪ ਵਿਚ ਗੁਰੂ-ਘਰ ਦੀ ਸਥਾਪਨਾ ਕੀਤੀ। ਉਸ ਤੋਂ ਬਾਅਦ 1942 ਵਿਚ ਕਪੂਰਥਲਾ ਰਿਆਸਤ ਦੇ ਮਹਾਰਾਜਾ ਜਗਤਜੀਤ ਸਿੰਘ ਨੇ ਇਸ ਗੁਰਦੁਆਰਾ ਸਾਹਿਬ ਦੀ ਕਾਰ-ਸੇਵਾ ਕਰਵਾਈ।

– ਗੁਰਦੁਆਰਾ ਹੱਟ ਸਾਹਿਬ : ਨਵਾਬ ਦੌਲਤ ਖ਼ਾਨ ਦੇ ਮੋਦੀਖ਼ਾਨੇ ਦੀ ਨੌਕਰੀ ਕਰਦਿਆਂ ਇਥੇ ਹੀ ਗੁਰੂ ਸਾਹਿਬ ਨੇ ‘ਤੇਰਾਂ-ਤੇਰਾਂ’ ਤੋਲਿਆ ਤੇ ਗ਼ਰੀਬ-ਗੁਰਬਿਆਂ ਨੂੰ ਪ੍ਰਭੂ ਸੰਸਾਰਕ ਵਸਤਾਂ ਦੇ ਨਾਲ-ਨਾਲ ਪ੍ਰਭੂ ਦੇ ਨਾਮ ਦੀ ਦੌਲਤ ਵੰਡੀ। ਅਨਾਜ ਤੋਲਣ ਲਈ ਵਰਤੇ ਜਾਂਦੇ ਗੁਰੂ ਸਾਹਿਬ ਦੇ ਦਸਤੇ-ਮੁਬਾਰਕ ਦੀ ਛੋਹ ਪ੍ਰਾਪਤ 14 ਵੱਟੇ ਅੱਜ ਵੀ ਇਸ ਗੁਰਦੁਆਰਾ ਸਾਹਿਬ ‘ਚ ਮੌਜੂਦ ਹਨ।

– ਗੁਰਦੁਆਰਾ ਅੰਤਰਯਾਮਤਾ ਸਾਹਿਬ : ਮਸੀਤ ਵਿਖੇ ਨਮਾਜ਼ ਪੜ੍ਹਨ ਸਮੇਂ ਨਵਾਬ ਦੇ ਮਨ ਦੀ ਦਸ਼ਾ ਨੂੰ ਆਪਣੀ ਅੰਤਰਯਾਮੀ ਦ੍ਰਿਸ਼ਟੀ ਨਾਲ ਪੜ੍ਹ ਕੇ ਉਸ ਨੂੰ ਇਕਾਗਰਤਾ ਤੇ ਪ੍ਰਭ ਭਗਤੀ ਦਾ ਅਸਲੀ ਰਾਹ ਗੁਰੂ ਸਾਹਿਬ ਨੇ ਇਸੇ ਅਸਥਾਨ ‘ਤੇ ਸਿਖਾਇਆ।

– ਗੁਰਦੁਆਰਾ ਗੁਰੂ ਕਾ ਬਾਗ਼ : ਇਸ ਪਵਿੱਤਰ ਅਸਥਾਨ ‘ਤੇ ਗੁਰੂ ਨਾਨਕ ਦੇਵ ਦੇ ਘਰ ਬਾਬਾ ਸ਼੍ਰੀਚੰਦ ਜੀ ਅਤੇ ਲਾਖਮੀ ਦਾਸ ਜੀ ਨੇ ਜਨਮ ਲਿਆ। ਗੁਰੂ ਸਾਹਿਬ ਦੇ ਬਾਗ਼-ਪਰਿਵਾਰ ਵਧਿਆ-ਫੁੱਲਿਆ।

– ਗੁਰਦੁਆਰਾ ਸਿਹਰਾ ਸਾਹਿਬ : ਇਹ ਅਸਥਾਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਅਤੇ ਨਾਲ ਸਬੰਧਤ ਹੈ। ਗੁਰੂ ਅਰਜਨ ਦੇਵ ਦੀ ਆਪਣੇ ਸਪੁੱਤਰ ਅਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਾਦੀ ਲਈ ਬਰਾਤ ਲੈ ਕੇ ਜਦ ਪਿੰਡ ਡੱਲੇ ਨੂੰ ਜਾ ਰਹੇ ਸਨ ਤਾਂ ਇਸ ਅਸਥਾਨ ‘ਤੇ ਠਹਿਰੇ ਸਨ।

– ਗੁਰਦੁਆਰਾ ਸੰਤ ਘਾਟ : ਗੁਰਦੁਆਰਾ ਸੰਤਘਾਟ ਕਾਲੀ ਵੇਈਂ ਦੇ ਕਿਨਾਰੇ ਸਥਿਤ ਉਹ ਪਵਿੱਤਰ ਅਸਥਾਨ ਹੈ, ਜਿੱਥੇ ਗੁਰੂ ਸਾਹਿਬ ਰੋਜ਼ਾਨਾ ਇਸ਼ਨਾਨ ਕਰਨ ਲਈ ਡੁਬਕੀ ਲਗਾਇਆ ਕਰਦੇ ਸਨ।

– ਗੁਰਦੁਆਰਾ ਰਬਾਬਸਰ, ਪਿੰਡ ਭਰੋਆਣਾ : ਭਾਈ ਬਾਲੇ ਵਾਲੀ ਸਾਖੀ ਵਿਚ ਇਸ ਪਿੰਡ ਦਾ ਜ਼ਿਕਰ ਪਿੰਡ ‘ਆਸਕਪੁਰ’ ਦੇ ਨਾਂ ਨਾਲ ਆਇਆ ਹੈ। ਇਹ ਪਿੰਡ ਸੁਲਤਾਨਪੁਰ ਲੋਧੀ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਦਰਿਆ ਬਿਆਸ ਦੇ ਬੰਨ੍ਹ ਦੇ ਨੇੜੇ ਹੈ। ਪਹਿਲੀ ਉਦਾਸੀ ‘ਤੇ ਜਾਣ ਲੱਗਿਆਂ ਭਾਈ ਮਰਦਾਨਾ ਜੀ ਦੇ ਲਈ ਇਥੋਂ ਦੀ ਰਹਿਣ ਵਾਲੇ ਭਾਈ ਫ਼ਿਰੰਦੇ ਪਾਸੋਂ ਹੀ ਰਬਾਬ ਤਿਆਰ ਕਰਵਾਈ ਗਈ ਸੀ।

– ਗੁਰਦੁਆਰਾ ਭਾਈ ਡੱਲਾ ਜੀ : ਕਿਸੇ ਜ਼ਮਾਨੇ ਵਿਚ ਪਿੰਡ ਡੱਲਾ ਸੁਲਤਾਨਪੁਰ ਲੋਧੀ ਦੇ ਮੁਹੱਲਾ ‘ਮਾਫ਼ਕ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ ਉਹ ਪਿੰਡ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਭਾਈ ਨਰਾਇਣ ਦਾਸ ਦੀ ਸਪੁੱਤਰੀ ਬੀਬੀ ਦਮੋਦਰੀ ਜੀ ਨੂੰ ਵਿਆਹੁਣ ਆਏ ਸਨ। ‘ਇਤਬਾਰ ਆਬਾਦ’ ਦੇ ਨਾਂ ਨਾਲ ਵੀ ਇਹ ਪਿੰਡ ਜਾਣਿਆ ਜਾਂਦਾ ਰਿਹਾ ਹੈ। ਇਸ ਪਿੰਡ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਆਪਣੀ ਇਕ ਵਾਰ ਵਿਚ ਕੀਤਾ ਹੈ, ”ਡੱਲੇ ਵਾਲੀ ਸੰਗਤ ਭਾਰੀ£” ਇਸ ਪਿੰਡ ਨਾਲ ਸਬੰਧਤ 72 ਗੁਰਸਿੱਖ ਹੋਏ ਹਨ। ਇਥੇ ਗੁਰਦੁਆਰਾ ਬਾਉਲੀ ਸਾਹਿਬ, ਗੁਰਦੁਆਰਾ ਬੀਬੀ ਜਮੋਦਰੀ ਜੀ, ਗੁਰਦੁਆਰਾ ਭਾਈ ਪਾਰੋ ਦੀ, ਗੁਰਦੁਆਰਾ ਭਾਈ ਲਾਲੋ ਜੀ, ਗੁਰਦੁਆਰਾ ਭਾਈ ਸਲਾਮਤ ਰਾਏ, ਤੇਈਏ ਤਾਪ ਦੀ ਕੋਠੜੀ ਆਦਿ ਸੁਸ਼ੋਭਿਤ ਹਨ।

ਸੁਲਤਾਨਪੁਰ ਲੋਧੀ ਦੇ ਪੁਰਾਤਨ ਰੁੱਖ

ਉੱਚੀਆਂ-ਲੰਮੀਆਂ ਸਬਜ਼ ਖਜੂਰਾਂ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਸ਼ਾਹਾਨਾ ਦਿੱਖ ਪ੍ਰਦਾਨ ਕਰਦੀਆਂ ਹਨ। ਪੰਜਾਬ ਦੇ 121 ਵੱਡੇ ਸ਼ਹਿਰਾਂ ਵਿਚ ਸ਼ੁਮਾਰ ਰਹੇ ਅਤੇ ਰਿਗਵੇਦ ਕਾਲ ਜਿੰਨੀ ਲੰਬੀ ਉਮਰ ਵਾਲੇ ਇਸ ਸ਼ਹਿਰ ਵਿਚਲੇ ਕੁਝ ਪ੍ਰਾਚੀਨ ਰੁੱਖ ਅੱਜ ਵੀ ਇਤਿਹਾਸ ਦੇ ਉਤਰਾ-ਚੜ੍ਹਾਅ ਦੇ ਮੂਕ ਗਵਾਹ ਬਣ ਕੇ ਖੜ੍ਹੇ ਹਨ। ਪ੍ਰਸਿੱਧ ਲੇਖਕ ਡਾ. ਆਸਾ ਸਿੰਘ ਘੁੰਮਣ ਨੇ ਵੀ ਆਪਣੀਆਂ ਲਿਖਤਾਂ ਵਿਚ ਇਨ੍ਹਾਂ ਪੁਰਾਤਨ ਰੁੱਖਾਂ ਦਾ ਜ਼ਿਕਰ ਕੀਤਾ ਹੈ।

– ਬਾਬੇ ਦੀ ਬੇਰੀ : ਗੁਰਦੁਆਰਾ ਬੇਰ ਸਾਹਿਬ ਵਿਖੇ ਸਥਿਤ ਬੇਰੀ ਦੇ ਇਸ ਪਵਿੱਤਰ ਰੁੱਖ ਨੂੰ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਹੱਥਾਂ ਦੀ ਛੋਹ ਪ੍ਰਾਪਤ ਹੈ। ਅਤੇ ਆਪਣੇ ਮੁਰੀਦ ਪੀਰ ਬਾਬਾ ਖ਼ਰਬੂਜੇ ਸ਼ਾਹ ਦੀ ਬੇਨਤੀ ‘ਤੇ ਪਹਿਲੀ ਉਦਾਸੀ ਲਈ ਰਵਾਨਾ ਹੋਣ ਸਮੇਂ ਉਨ੍ਹਾਂ ਨੇ ਆਪਣੇ ਹੱਥੀਂ ਇਕ ਕਲਮ ਜਾਂ ਦਾਤਣ ਦੇ ਰੂਪ ‘ਚ ਇਸ ਰੁੱਖ ਨੂੰ ਲਗਾਇਆ ਸੀ।

– ਪਿਲਕਣ ਦਾ ਰੁੱਖ ਤੇ ਖਜ਼ੂਰ : ਗੁਰਦੁਆਰਾ ਬੇਰ ਸਾਹਿਬ ਦੇ ਅਹਾਤੇ ਅੰਦਰ ਉੱਗਿਆ ਪਿਲਕਣ ਦਾ ਪੁਰਾਤਨ ਰੁੱਖ ਆਪਣੇ ਵਿਸ਼ਾਲ ਆਕਾਰ ਕਾਰਨ ਆਪਣੀ ਸਦੀਆਂ ਪੁਰਾਣੀ ਉਮਰ ਬਿਆਨ ਕਰਦਾ ਹੈ। ਇਹ ਰੁੱਖ ਇੰਨਾ ਵਿਸ਼ਾਲ ਹੈ ਕਿ ਇਸ ਦੇ ਮੁੱਖ ਤਣੇ ਦਾ ਘੇਰਾ ਲਗਪਗ ਚਾਰ ਤੋਂ ਪੰਜ ਮੀਟਰ ਹੋਵੇਗਾ। ਪਿਲਕਣ ਦੇ ਇਸ ਰੁੱਖ ਨੇ ਖਜ਼ੂਰ ਦੇ ਰੁੱਖ ਨੂੰ ਇਸ ਕਦਰ ਆਪਣੇ ਕਲਾਵੇ ਵਿਚ ਲਿਆ ਹੋਇਆ ਹੈ ਕਿ ਇਸ ਦੇ ਤਣੇ ਦੀ ਜ਼ਮੀਨ ਦੇ ਪੱਧਰ ‘ਤੇ ਹੋਂਦ ਨਜ਼ਰੀਂ ਨਹੀਂ ਪੈਂਦੀ। ਖਜ਼ੂਰ ਦੇ ਇਸ ਰੁੱਖ ਦੀ ਹੋਂਦ ਦਾ ਪਤਾ ਪਿਲਕਣ ਦੇ ਰੁੱਖ ਤੋਂ ਵੀ ਉੱਚੇ ਇਸ ਦੇ ਆਕਾਰ ਤੋਂ ਹੀ ਲਗਦਾ ਹੈ।

– ਬੇਬੇ ਨਾਨਕੀ ਦੇ ਘਰ ਸਾਹਮਣੇ ਉੱਗਿਆ ਪੁਰਾਤਨ ਬੋਹੜ : ਬੇਬੇ ਨਾਨਕੀ ਜੀ ਦੇ ਘਰ ਦੇ ਬਾਹਰਵਾਰ ਸੜਕ ਕੰਢੇ ਉੱਗਿਆ ਬੋਹੜ ਦਾ ਰੁੱਖ ਬੇਬੇ ਨਾਨਕੀ ਜੀ ਦੇ ਵੇਲੇ ਦਾ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਪੀਰ ਗ਼ੈਬ ਗਾਜ਼ੀ ਦੀ ਦਰਗਾਹ ‘ਤੇ ਉੱਗਿਆ ਬੋਹੜ ਦਾ ਵਿਸ਼ਾਲ ਰੁੱਖ ਅਤੇ ਖਜ਼ੂਰਾਂ ਦੇ ਰੁੱਖਾਂ ਦੇ ਝੁੰਡ ਇਸ ਦਰਗਾਹ ਨੂੰ ਜਿੱਥੇ ਨੂਰਾਨੀ ਦਿੱਖ ਪ੍ਰਦਾਨ ਕਰਦੇ ਹਨ, ਉੱਥੇ ਆਪਣੀ ਪ੍ਰਾਚੀਨਤਾ ਦੀ ਗਾਥਾ ਆਪਣੇ ਆਕਾਰ ਦੇ ਰੂਪ ਵਿਚ ਕਹਿੰਦੇ ਪ੍ਰਤੀਤ ਹੁੰਦੇ ਹਨ।

– ਸ਼ਾਹ ਸੁਲਤਾਨ ਦੇ ਮਕਬਰੇ ਦੀ ਫਲਾਹੀ : ਹਜ਼ਰਤ ਸ਼ਾਹ ਸੁਲਤਾਨ ਦੇ ਮਕਬਰੇ ‘ਤੇ ਉੱਗਿਆ ਫਲਾਹੀ ਦਾ ਰੁੱਖ ਵੀ ਸਦੀਆਂ ਪੁਰਾਣਾ ਹੈ। ਇਸ ਤੋਂ ਇਲਾਵਾ ਇਥੇ ਇਕ ਹੋਰ ਰੁੱਖ ਹੈ, ਜਿਸ ਦੀ ਕਿਸਮ ਦੀ ਸ਼ਿਨਾਖ਼ਤ ਨਹੀਂ ਹੁੰਦੀ, ਇਹ ਰੁੱਖ ਵੀ ਇਸ ਸ਼ਹਿਰ ਦੇ ਸਭ ਤੋਂ ਪੁਰਾਤਨ ਰੁੱਖਾਂ ਵਿਚੋਂ ਇਕ ਮੰਨਿਆ ਜਾਂਦਾ ਹੈ।

– ਗੁਰਦੁਆਰਾ ਸਿਹਰਾ ਸਾਹਿਬ ਵਿਚਲਾ ਜੰਡ : ਗੁਰਦੁਆਰਾ ਸਿਹਰਾ ਸਾਹਿਬ ਵਿਖੇ ਉੱਗਿਆ ਜੰਡ ਦਾ ਰੁੱਖ ਭਾਵੇਂ ਗੁਰੂ ਸਾਹਿਬਾਨ ਦੇ ਸਮੇਂ ਦਾ ਨਾ ਵੀ ਹੋਵੇ ਪਰ ਇਹ ਸੈਂਕੜੇ ਸਾਲ ਪੁਰਾਣਾ ਜ਼ਰੂਰ ਹੈ। ਜੰਡ ਦੇ ਇਸ ਰੁੱਖ ਸਬੰਧੀ ਸਥਾਨਕ ਲੋਕਾਂ ਅੰਦਰ ਕਈ ਧਾਰਮਿਕ ਮਾਨਤਾਵਾਂ ਹਨ। ਧੀਰ ਬਰਾਦਰੀ ਦੇ ਮੁੱਡਿਆਂ ਦੇ ਵਿਆਹ ਸਮੇਂ ਲਾੜੇ ਵੱਲੋਂ ਜੰਡੀ ਕੱਟਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਸ ਰਸਮ ਲਈ ਇਸ ਜੰਡ ਤੋਂ ਹੀ ਟਾਹਣੀ ਪ੍ਰਾਪਤ ਕੀਤੀ ਜਾਂਦੀ ਹੈ।