ਕਰੋਨਾ ਟੈਸਟ ਨੈਗਟਿਵ ਆਉਣ ਉਪਰੰਤ ਜੈਤੋ ਦੇ ਇਕਾਂਤਵਾਸ ਕੇਂਦਰਾਂ ਤੋਂ ਹੋਰ 157 ਲੋਕ ਘਰ ਪਹੁੰਚੇ

0
1451

ਫਰੀਦਕੋਟ . ਕਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿਊ /ਲਾਕਡਾਊਨ ਕਾਰਨ ਰਾਜਸਥਾਨ ਤੇ ਹੋਰ ਸੂਬਿਆਂ ਦੇ ਵੱਖ ਵੱਖ ਥਾਵਾਂ ਤੇ ਫਸੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਜਿਲਾ ਪ੍ਰਸਾਸਨ ਵੱਲੋਂ ਫਰੀਦਕੋਟ ਵਾਪਸ ਲਿਆਂਦਾ ਗਿਆ ਅਤੇ ਇਨਾਂ ਨੂੰ ਇਤਿਹਾਤ ਵਜੋਂ ਇਕਾਂਤਵਾਸ ਕੇਂਦਰ ਜੈਤੋ ਵਿੱਚ ਰੱਖਿਆ ਗਿਆ ਸੀ।ਇਨ੍ਹਾਂ ਵਿਚੋਂ ਜਿਆਦਾਤਰ ਲੋਕ ਰਾਜਸਥਾਨ ਵਿੱਚ ਮਜ਼ਦੂਰੀ ਕਰਨ ਗਏ ਸਨ ਤੇ ਕਰਫਿਊ ਦੌਰਾਨ ਉੱਥੇ ਫਸ ਗਏ ਸਨ।ਇਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਬੱਸਾਂ ਭੇਜ ਕੇ ਵਾਪਸ ਲਿਆਉਣ ਉਪਰੰਤ ਮੈਡੀਕਲ ਜਾਂਚ ਕੀਤੀ ਗਈ ਅਤੇ ਕਰੋਨਾ ਜਾਂਚ ਲਈ ਇਨ੍ਹਾਂ ਦੇ ਸੈਂਪਲ ਲੈ ਕੇ ਇਨ੍ਹਾਂ ਨੂੰ ਜਿਲ੍ਹੇ ਦੇ ਵੱਖ ਵੱਖ ਕੇਂਦਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਸੀ।

ਐਸਡੀਐਮ ਜੈਤੋ ਡਾ. ਮਨਦੀਪ ਕੌਰ ਨੇ ਦੱਸਿਆ ਕਿ ਜੈਤੋ ਦੇ ਡੀ.ਏ.ਵੀ. ਪਬਲਿਕ ਸਕੂਲ ਜੈਤੋ, ਸਰਸਵਤੀ ਜੀਨੀਅਸ ਸਕੂਲ ਜੈਤ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ ਜੈਤੋ ਵਿਖੇ ਇਨਾਂ ਲੋਕਾਂ ਦੀ ਰਿਹਾਇਸ਼ , ਸੁੱਖ ਸਹੂਲਤ ,ਖਾਣੇ ਆਦਿ ਲਈ ਵਿਸੇਸ ਪ੍ਰਬੰਧ ਕੀਤੇ ਗਏ ਸਨ ਅਤੇ ਸਿਹਤ ਵਿਭਾਗ ਵੱਲੋਂ ਇਨਾਂ ਦੀ ਸਿਹਤ ਜਾਂਚ ਮਗਰੋਂ ਇਨਾਂ ਦੇ ਸੈਂਪਲ ਲਏ ਗਏ ਸਨ। ਉਨਾਂ ਦੱਸਿਆ ਕਿ ਸੈਂਪਲਾਂ ਦੀ ਰਿਪੋਰਟ ਪ੍ਰਾਪਤ ਉਪਰੰਤ ਇਥੋਂ ਦੇ 157 ਲੋਕਾਂ ਦੇ ਕਰੋਨਾ ਸੈਂਪਲ ਨੈਗਟਿਵ ਆਏ ਹਨ। ਉਨਾਂ ਕਿਹਾ ਕਿ ਇਨਾਂ ਲੋਕਾਂ ਦੀ ਅੱਜ ਸਿਹਤ ਜਾਂਚ ਤੋਂ ਬਾਅਦ ਇਨਾਂ ਨੂੰ ਆਪਣੇ ਆਪਣੇ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ।ਉਨਾਂ ਦੱਸਿਆ ਕਿ ਇਹ ਸਾਰੇ ਲੋਕ  ਸਿਹਤ ਵਿਭਾਗ ਦੇ ਨਿਰਦੇਸਾਂ ਅਤੇ ਗਾਈਡ ਲਾਈਨ ਅਨੁਸਾਰ 14 ਦਿਨ ਆਪਣੇ ਘਰਾਂ ਵਿੱਚ ਇਕਾਂਤਵਾਸ ਰਹਿਣਗੇ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਮੇਂ ਸਮੇਂ ਤੇ ਇਨਾਂ ਦੀ ਸਿਹਤ ਜਾਂਚ ਕੀਤੀ ਜਾਵੇਗੀ। ਇਸ ਮੌਕੇ ਇਕਾਂਤਵਾਸ ਕੇਂਦਰ ਤੋਂ ਵਾਪਸ ਘਰ ਨੂੰ ਜਾ ਰਹੇ ਲੋਕਾਂ ਨੇ ਵਧੀਆ ਸੇਵਾਵਾਂ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।