ਬਠਿੰਡਾ : ਕਸ਼ਮੀਰੀ ਨਰਸਿੰਗ ਵਿਦਿਆਰਥੀ ਨੇ ਕਾਲਜ ਹੋਸਟਲ ’ਚ ਲਿਆ ਫਾਹਾ, ਇਸ ਕਾਰਨ ਤੋਂ ਸੀ ਪਰੇਸ਼ਾਨ

0
858

ਬਠਿੰਡਾ। ਪੰਜਾਬ ਦੇ ਬਠਿੰਡਾ ਦੇ ਪਿੰਡ ਕਟਾਰ ਸਿੰਘ ਵਾਲਾ ਸਥਿਤ ਇਕ ਨਿੱਜੀ ਬੀਐੱਸਸੀ ਮੈਡੀਕਲ ਕਾਲਜ ਦੇ ਇਕ ਕਸ਼ਮੀਰੀ ਵਿਦਿਆਰਥੀ ਨੇ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਸ਼ਨੀਵਾਰ ਸ਼ਾਮ ਨੂੰ ਹੋਸਟਲ ਦੇ ਕਮਰੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਹ ਕਾਲਜ ਦੀ ਫੀਸ ਨਾ ਦੇ ਸਕਣ ਕਾਰਨ ਪਰੇਸ਼ਾਨ ਸੀ।

ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਪਿੰਡ ਸੋਪਰ ਵਾਸੀ 22 ਸਾਲੀ ਉਮਰ ਸੁਭਾਨ ਮਲਿਕ ਪੁੱਤਰ ਸੁਭਾਨ ਅਹਿਮਦ ਮਲਿਕ ਪਿਛਲੇ ਦੋ ਸਾਲ ਤੋਂ ਬਠਿੰਡਾ-ਮਾਨਸਾ ਰੋਡ ਉਤੇ ਸਥਿਤ ਪੰਜਾਬ ਨਰਸਿੰਗ ਕਾਲਜ ਵਿਚ ਬੀਐੱਸਸੀ ਨਰਸਿੰਗ ਦੇ ਦੂਜੇ ਸਾਲ ਦਾ ਵਿਦਿਆਰਥੀ ਸੀ। ਉਹ ਕਾਲਜ ਦੇ ਹੋਸਟਲ ਵਿਚ ਰਹਿੰਦਾ ਸੀ। ਉਥੇ ਹੀ ਉਸਨੇ ਫਾਹਾ ਲਿਆ।

ਜਦੋਂ ਤਕ ਉਸਦੇ ਸਾਥੀਆਂ ਨੂੰ ਘਟਨਾ ਦੀ ਜਾਣਕਾਰੀ ਮਿਲੀ, ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਉਸਦੇ ਸਾਥੀਆਂ ਵਲੋਂ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਨੇ ਸ਼ਨੀਵਾਰ ਨੂੰ ਕਾਲਜ ਮੈਨੇਜਮੈਂਟ ਨੂੰ ਦੱਸਿਆ ਸੀ ਕਿ ਉਸਦੀ ਤਬੀਅਤ ਠੀਕ ਨਹੀਂ ਹੈ ਤੇ ਉਹ ਦੁਪਹਿਰ 12 ਵਜੇ ਛੁੱਟੀ ਲੈ ਕੇ ਆਪਣੇ ਕਮਰੇ ਵਿਚ ਚਲਾ ਗਿਆ ਸੀ। ਸ਼ਾਮ ਲਗਭਗ ਚਾਰ ਵਜੇ ਜਦੋਂ ਉਸਦੇ ਸਾਥੀ ਹੋਸਟਲ ਪੁੱਜੇ ਤਾਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ।

ਦੱਸਿਆ ਜਾ ਰਿਹਾ ਹੈ ਕਿ ਉਕਤ ਵਿਦਿਆਰਥੀ ਕਾਲਜ ਦੀ ਫੀਸ ਨਾ ਦੇਣ ਕਰਾਨ ਪਰੇਸ਼ਾਨ ਸੀ। ਥਾਣਾ ਸੰਗਤ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।