ਡਿਪਟੀ ਕਮਿਸ਼ਨਰ ਨੇ 19 ਕਸ਼ਮੀਰੀਆਂ ਨੂੰ ਘਰ ਸੁਰੱਖਿਅਤ ਵਾਪਸ ਪਹੁੰਚਾਉਣ ਲਈ ਵਿਸ਼ੇਸ਼ ਬੱਸ ਭੇਜੀ

0
1499

ਫਰੀਦਕੋਟ . ਕਰੋਨਾ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਲੱਗੇ ਕਰਫ਼ਿਊ ਤਹਿਤ ਫ਼ਰੀਦਕੋਟ ਵਿੱਚ ਫਸੇ ਦੂਜੇ ਰਾਜਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਵਿੱਚ ਸੁਰੱਖਿਅਤ ਵਾਪਸ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਝਾਰਖੰਡ, ਉੱਤਰਾਖੰਡ ,ਰਾਜਸਥਾਨ ਸਮੇਤ ਕਈ ਰਾਜਾਂ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਘਰ ਸੁਰੱਖਿਅਤ ਵਾਪਸ ਪਹੁੰਚਾਇਆ ਗਿਆ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਸਾਂ, ਰੇਲਗੱਡੀਆਂ ਅਤੇ ਸਫਰ ਦੌਰਾਨ ਉਨ੍ਹਾਂ ਦੇ ਖਾਣੇ ਲਈ ਵੀ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ !
ਐਸ.ਡੀ.ਐਮ ਜੈਤੋ ਡਾ. ਮਨਦੀਪ ਕੌਰ ਨੇ ਦੱਸਿਆ ਕਿ ਬੀਤੇ ਐਤਵਾਰ ਕਸ਼ਮੀਰ ਨਾਲ ਸਬੰਧਤ 19 ਲੋਕ ਰਾਜਸਥਾਨ ਦੇ ਜੈਪੁਰ ਤੋਂ ਪੈਦਲ ਚੱਲ ਕੇ ਜੰਮੂ ਕਸ਼ਮੀਰ ਜਾ ਰਹੇ ਸਨ ਅਤੇ ਜਦੋਂ ਉਨ੍ਹਾਂ ਨੇ ਜੈਤੋ ਵਿੱਚ ਪ੍ਰਵੇਸ਼ ਕੀਤਾ ਤਾਂ ਇਸ ਦੀ ਸੂਚਨਾ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ ਨੂੰ ਦਿੱਤੀ ਗਈ ।ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਇਨ੍ਹਾਂ ਕਸ਼ਮੀਰੀਆਂ ਨੂੰ ਬਾਜਾਖਾਨਾ ਦੇ ਹੰਸ ਰਾਜ ਮੈਮੋਰੀਅਲ ਸਕੂਲ ਵਿਖੇ ਲਿਆਂਦਾ ਗਿਆ ਜਿੱਥੇ ਇਨ੍ਹਾਂ ਦੀ ਸਿਹਤ ਜਾਂਚ ਮਗਰੋਂ ਇਨ੍ਹਾਂ ਨੂੰ ਖਾਣਾ ਰਿਹਾਇਸ਼ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਅਤੇ ਇਨ੍ਹਾਂ ਨੂੰ ਇਥੇ ਤਿੰਨ ਦਿਨ ਰੱਖਿਆ ਗਿਆ।
ਐਸ.ਡੀ.ਐਮ ਡਾ. ਮਨਦੀਪ ਕੌਰ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਲਖਨਪੁਰ ਦੇ ਡਿਪਟੀ ਕਮਿਸ਼ਨਰ ਨਾਲ ਇਸ ਸਬੰਧੀ ਰਾਬਤਾ ਕੀਤਾ ਗਿਆ ਅਤੇ ਇਸ ਉਪਰੰਤ ਇਨ੍ਹਾਂ ਕਸ਼ਮੀਰੀਆਂ ਨੂੰ ਉਨ੍ਹਾਂ ਦੇ ਘਰ ਵਾਪਸ ਸੁਰੱਖਿਅਤ ਪਹੁੰਚਾਉਣ ਲਈ ਪੀ.ਆਰ.ਟੀ.ਸੀ ਦੀ ਵਿਸ਼ੇਸ਼ ਬੱਸ ਦਾ ਪ੍ਰਬੰਧ ਕੀਤਾ ਗਿਆ ਅਤੇ ਅੱਜ ਇਨ੍ਹਾਂ ਨੂੰ ਬਾਜਾਖਾਨਾ ਵਿਖੇ ਦੋ ਵਕਤ ਦਾ ਖਾਣਾ ਅਤੇ ਹੋਰ ਜ਼ਰੂਰੀ ਸਾਮਾਨ ਨਾਲ ਦੇਖ ਕੇ ਜੰਮੂ ਕਸ਼ਮੀਰ ਲਈ ਰਵਾਨਾ ਕੀਤਾ ਗਿਆ ।ਇਸ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਥਰਮਲ ਸਕਰੀਨਿੰਗ ਕਰਵਾਈ ਗਈ।
ਇਸ ਮੌਕੇ ਜੰਮੂ ਕਸ਼ਮੀਰ ਵਾਪਸ ਪਰਤ ਰਹੇ ਇਨ੍ਹਾਂ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਵਾਪਸ ਜਾਣ ਲਈ ਕੋਈ ਸਾਧਨ ਨਹੀਂ ਸੀ, ਪਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਵੱਲੋਂ ਜਿੱਥੇ ਉਨ੍ਹਾਂ ਨੂੰ ਤਿੰਨ ਦਿਨ ਬਹੁਤ ਵਧੀਆ ਠਹਿਰਾਇਆ ਗਿਆ ਅਤੇ ਖਾਣਾ ਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ, ਉੱਥੇ ਉਨ੍ਹਾਂ ਵੱਲੋਂ ਅੱਜ ਵਿਸ਼ੇਸ਼ ਬੱਸ ਰਾਹੀਂ ਉਨ੍ਹਾਂ ਨੂੰ ਘਰ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਇਸ ਉਪਰਾਲੇ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਅਹਿਸਾਨ ਨੂੰ ਹਮੇਸ਼ਾ ਯਾਦ ਰੱਖਣਗੇ।