ਕੇਂਦਰੀ ਬਿਜਲੀ ਮੰਤਰੀ ਦਾ ਵੱਡਾ ਬਿਆਨ; ਕਿਹਾ- ਮੁਫ਼ਤ ਬਿਜਲੀ ਕਾਰਨ ਵਿਗੜੇ ਪੰਜਾਬ ਦੇ ਵਿੱਤੀ ਹਾਲਾਤ

0
1681

ਪਟਿਆਲਾ : ਪਟਿਆਲਾ ਇੰਡਸਟਰੀਅਲ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਰੂਬਰੂ ਹੁੰਦੇ ਹੋਏ ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਨੇ ਕਿਹਾ ਕਿ ਬਿਜਲੀ ਮੁਫਤ ਦਿੱਤੇ ਜਾਣ ਕਾਰਨ ਪੰਜਾਬ ਦੀ ਵਿੱਤੀ ਹਾਲਤ ਕਾਫੀ ਵਿਗੜ ਰਹੀ ਹੈ ਅਤੇ ਪੰਜਾਬ ਨੂੰ ਆਪਣਾ ਕਰਜ਼ਾ ਉਤਾਰਨ ਦੇ ਲਈ ਹੋਰ ਕਰਜ਼ਾ ਚੁੱਕਣਾ ਪੈ ਰਿਹਾ ਹੈ।

ਆਰ ਕੇ ਸਿੰਘ ਨੇ ਪੰਜਾਬ ਦੇ ਵਿੱਤੀ ਹਾਲਾਤ ਬਾਰੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਕਰਜ਼ੇ ਦੇ ਜਾਲ ‘ਚ ਫਸ ਚੁੱਕਿਆ ਹੈ। ਉਨ੍ਹਾਂ ਤੰਜ ਕੱਸਦੇ ਹੋਏ ਇਹ ਵੀ ਕਿਹਾ ਕਿ ਬੇਸ਼ੱਕ ਬਿਜਲੀ ਸਭ ਨੂੰ ਮੁਫ਼ਤ ਦੇ ਦਿਓ ਪਰ ਸਰਕਾਰ ਨੂੰ ਆਪਣੇ ਸਿਰ ‘ਤੇ ਇਹ ਕੰਮ ਕਰਨਾ ਪਵੇਗਾ।

ਉਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਨਾਂ ਨਾ ਲੈਂਦੇ ਹੋਏ ਤੰਜ ਕੱਸਿਆ ਕਿ ‘ਮੈਂ 300 ਯੂਨਿਟ ਫ੍ਰੀ ਬਿਜਲੀ ਕਰ ਰਿਹਾ ਹਾਂ’। ਉਨ੍ਹਾਂ ਕਿਹਾ ਕਿ ਬਿਜਲੀ ਸ਼ੌਂਕ ਨਾਲ ਮੁਫ਼ਤ ਕਰੋ ਪਰ ਇਸ ਦਾ ਭੁਗਤਾਨ ਸਰਕਾਰਾਂ ਵੱਲੋਂ ਕਰਨਾ ਪਵੇਗਾ ਤੇ ਸਰਕਾਰਾਂ ਦਾ ਪੈਸਾ ਲੋਕਾਂ ਦਾ ਪੈਸਾ ਹੈ, ਕਿਸੇ ਸਿਆਸੀ ਲੀਡਰ ਦੀ ਜੇਬ ‘ਚੋਂ ਨਹੀਂ ਜਾਂਦਾ, ਇਹ ਲੋਕਾਂ ਦੇ ਟੈਕਸ ਦਾ ਪੈਸਾ ਹੈ। ਆਰ ਕੇ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ 19,000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ।

ਭਾਖੜਾ ਬਿਆਸ ਮੈਨੇਜਮੈਂਟ ਬੋਰਡ ‘ਚ ਪੰਜਾਬ ਰਾਜ ਦਾ ਮੈਂਬਰ ਲਾਉਣ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਅਦਾਲਤ ਦੇ ਫ਼ੈਸਲੇ ਮਗਰੋਂ ਨਿਯਮ ਬਣਾਏ ਗਏ ਹਨ ਕਿ ਪੰਜਾਬ, ਹਰਿਆਣਾ, ਹਿਮਾਚਲ ਤੇ ਰਾਜਸਥਾਨ ‘ਚੋਂ ਡਾਇਰੈਕਟਰ ਲਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਬਲਿਕ ਐਂਟਰਪ੍ਰਾਇਜ਼ਿਜ਼ ਬੋਰਡ ਵੱਲੋਂ ਨਿਯੁਕਤੀ ਕੀਤੀ ਜਾਂਦੀ ਹੈ। ਇਹ ਵੀ ਕਿਹਾ ਕਿ ਕੋਈ ਵੀ ਯੋਗ ਇੰਜੀਨੀਅਰ ਇਸ ਲਈ ਚੁਣਿਆ ਜਾ ਸਕਦਾ ਹੈ। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਜੇਕਰ ਪੰਜਾਬ ਵਿਚੋਂ ਯੋਗ ਇੰਜਨੀਅਰ ਹੋਵੇਗਾ ਤਾਂ ਉਹ ਜ਼ਰੂਰ ਚੁਣਿਆ ਜਾਵੇਗਾ।