ਉੱਤਰ ਪ੍ਰਦੇਸ਼ | ਇਥੋਂ ਦੇ ਦੌਸਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਕ ਔਰਤ ਨੇ ਪੁਲਿਸ ਨੂੰ ਵੀ ਚੱਕਰਾਂ ਵਿਚ ਪਾ ਦਿੱਤਾ ਹੈ। ਔਰਤ ਦੇ ਕਤਲ ਦਾ ਕੇਸ ਪੁਲਿਸ ਫਾਈਲਾਂ ਵਿਚ ਦਰਜ ਹੈ। ਇੰਨਾ ਹੀ ਨਹੀਂ, ਔਰਤ ਦੇ ਕਤਲ ਦੇ ਦੋਸ਼ ‘ਚ ਜੇਲ੍ਹ ਕੱਟ ਕੇ ਦੋ ਬੇਕਸੂਰ ਲੋਕ ਬਾਹਰ ਵੀ ਆ ਚੁੱਕੇ ਹਨ।ਅਸਲ ਵਿਚ ਉੱਤਰ ਪ੍ਰਦੇਸ਼ ਦੇ ਕੌਸ਼ੀ ਦੀ ਰਹਿਣ ਵਾਲੀ ਆਰਤੀ ਕਈ ਸਾਲ ਪਹਿਲਾਂ ਦੌਸਾ ਦੇ ਮਹਿੰਦੀਪੁਰ ਬਾਲਾਜੀ ਵਿਚ ਰਹਿਣ ਲੱਗੀ ਸੀ। ਇੱਥੇ ਉਹ ਛੋਟਾ-ਮੋਟਾ ਕੰਮ ਕਰਦੀ ਸੀ। ਇੱਥੇ ਉਸ ਦੀ ਮੁਲਾਕਾਤ ਸੋਨੂੰ ਸੈਣੀ ਨਾਂ ਦੇ ਵਿਅਕਤੀ ਨਾਲ ਹੋਈ।
ਜਦੋਂ ਦੋਵਾਂ ਦਾ ਸੰਪਰਕ ਵਧਿਆ ਤਾਂ ਉਨ੍ਹਾਂ ਨੇ ਕੋਰਟ ‘ਚ ਵਿਆਹ ਕਰਵਾ ਲਿਆ। ਫਿਰ ਇਕੱਠੇ ਰਹਿਣ ਲੱਗ ਪਏ। ਆਰਤੀ ਵਿਆਹ ਤੋਂ ਕੁਝ ਦਿਨ ਬਾਅਦ ਲਾਪਤਾ ਹੋ ਗਈ ਸੀ। ਆਰਤੀ ਦੇ ਲਾਪਤਾ ਹੋਣ ਤੋਂ ਕੁਝ ਦਿਨ ਬਾਅਦ ਇਕ ਅਣਪਛਾਤੀ ਔਰਤ ਦੀ ਲਾਸ਼ ਵਰਿੰਦਾਵਨ ਵਿਚ ਇਕ ਨਹਿਰ ਵਿੱਚੋਂ ਮਿਲੀ ਸੀ।
ਹੁਣ ਇਹ ਔਰਤ ਚੰਗੀ-ਭਲੀ ਸਾਹਮਣੇ ਆ ਗਈ ਹੈ। ਇਸ ਪਿੱਛੋਂ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਸਵਾਲੀਆ ਨਿਸ਼ਾਨ ਲੱਗ ਗਏ ਹਨ। ਪੁਲਿਸ ਹੁਣ ਪੂਰੇ ਮਾਮਲੇ ਦੀ ਮੁੜ ਤੋਂ ਜਾਂਚ ਵਿੱਚ ਜੁਟੀ ਹੈ। ਇਹ ਕਾਰਾ ਰਾਜਸਥਾਨ ਨਹੀਂ ਸਗੋਂ ਉੱਤਰ ਪ੍ਰਦੇਸ਼ ਦੇ ਇਕ ਸ਼ਿਕਾਇਤਕਰਤਾ ਅਤੇ ਉਥੋਂ ਦੀ ਪੁਲਿਸ ਨੇ ਕੀਤਾ ਹੈ।
ਜਾਂਚ ‘ਚ ਸਾਹਮਣੇ ਆਇਆ ਹੈ ਕਿ ਆਰਤੀ ਨੇ ਪਹਿਲਾਂ ਸੋਨੂੰ ਸੈਣੀ ਨਾਲ ਵਿਆਹ ਕਰਵਾਇਆ। ਬਾਅਦ ਵਿਚ ਉਸ ਦਾ ਵਿਆਹ ਭਗਵਾਨ ਸਿੰਘ ਰੇਬਾਰੀ ਨਾਲ ਹੋਇਆ ਤੇ ਆਰਾਮ ਨਾਲ ਉਥੇ ਰਹਿ ਰਹੀ ਸੀ। ਇਸ ਤੋਂ ਬਾਅਦ ਆਰਤੀ ਦੇ ਪਿਤਾ ਨੇ ਸਾਲ 2015 ‘ਚ ਵਰਿੰਦਾਵਨ ‘ਚ ਸੋਨੂੰ ਸੈਣੀ ਅਤੇ ਦੌਸਾ ਦੇ ਗੋਪਾਲ ਸੈਣੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਵਾਇਆ ਸੀ।
ਇਸ ‘ਤੇ ਯੂਪੀ ਦੀ ਵਰਿੰਦਾਵਨ ਪੁਲਿਸ ਨੇ ਦੌਸਾ ਪਹੁੰਚ ਕੇ ਆਰਤੀ ਦੇ ਕਤਲ ਦੇ ਦੋਸ਼ ‘ਚ ਦੋਵਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਉਹ ਤਰਲੇ ਪਾਉਂਦੇ ਰਹੇ ਪਰ ਪੁਲਿਸ ਨੇ ਉਨ੍ਹਾਂ ਦੀ ਇਕ ਨਾ ਸੁਣੀ। ਬਾਅਦ ਵਿਚ ਸੋਨੂੰ ਸੈਣੀ ਅਤੇ ਗੋਪਾਲ ਕਰੀਬ ਢਾਈ ਤੋਂ ਤਿੰਨ ਸਾਲ ਜੇਲ੍ਹ ਵਿਚ ਰਹੇ ਅਤੇ ਫਿਰ ਜ਼ਮਾਨਤ ’ਤੇ ਬਾਹਰ ਆ ਗਏ। ਜ਼ਮਾਨਤ ਉਤੇ ਬਾਹਰ ਆਉਣ ਤੋਂ ਬਾਅਦ ਜਦੋਂ ਪੀੜਤਾਂ ਨੇ ਜਾਂਚ ਕੀਤੀ ਤਾਂ ਦੌਸਾ ਦੇ ਵਿਸ਼ਾਲਾ ਪਿੰਡ ‘ਚ ਮਹਿਲਾ ਆਰਤੀ ਜ਼ਿੰਦਾ ਮਿਲੀ।
ਇਸ ‘ਤੇ ਪੀੜਤਾ ਨੇ ਮਹਿੰਦੀਪੁਰ ਥਾਣਾ ਅਫਸਰ ਨੂੰ ਆਪਣੀ ਸ਼ਿਕਾਇਤ ਦੱਸੀ। ਗੱਲਾਂ ਸੁਣਨ ਤੋਂ ਬਾਅਦ ਪੁਲਿਸ ਨੇ ਬੈਜੂਪਾੜਾ ਇਲਾਕੇ ਤੋਂ ਆਰਤੀ ਨੂੰ ਬਰਾਮਦ ਕੀਤਾ। ਦੌਸਾ ਪੁਲਿਸ ਨੇ ਆਰਤੀ ਨੂੰ ਵਰਿੰਦਾਵਨ ਪੁਲਿਸ ਹਵਾਲੇ ਕਰ ਦਿੱਤਾ ਹੈ।