ਭਾਰੀ ਮੀਂਹ ਦੀ ਚੇਤਾਵਨੀ : ਫਸਲਾਂ ਦੇ ਨੁਕਸਾਨ ਨੇ ਡਰਾਏ ਕਿਸਾਨ, ਪਹਿਲਾਂ ਹੀ ਪਏ ਮੀਂਹ ਨਾਲ ਕਿਸਾਨਾਂ ਦਾ ਹੋ ਚੁੱਕੈ ਭਾਰੀ ਨੁਕਸਾਨ

0
364

ਚੰਡੀਗੜ੍ਹ, 15 ਅਕਤੂਬਰ| ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਹੈ ਕਿ ਪੱਛਮੀ ਗੜਬੜੀ ਕਾਰਨ ਅਗਲੇ ਦੋ ਦਿਨਾਂ ਵਿੱਚ ਦੇਸ਼ ਦੇ ਉੱਤਰ-ਪੱਛਮੀ ਅਤੇ ਮੱਧ ਖੇਤਰਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਕਿ ਇਹ ਇਸ ਸੀਜ਼ਨ ਦੀ ਪਹਿਲੀ ਤੀਬਰ ਪੱਛਮੀ ਗੜਬੜੀ ਹੈ ਅਤੇ ਇਸ ਕਾਰਨ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਹੋਵੇਗੀ।

ਸੋਮਵਾਰ ਨੂੰ ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਮੁਤਾਬਕ ਤਾਮਿਲਨਾਡੂ, ਕੇਰਲ, ਪੁਡੂਚੇਰੀ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ 21 ਅਕਤੂਬਰ ਤੱਕ ਭਾਰੀ ਮੀਂਹ ਪੈ ਸਕਦਾ ਹੈ।

ਆਈਐੱਮਡੀ ਨੇ ਕਿਹਾ ਕਿ ਅਜਿਹਾ ਪੱਛਮੀ ਗੜਬੜ ਕਾਰਨ ਹੋ ਰਿਹਾ ਹੈ ਤੇ ਇਹ 17 ਅਕਤੂਬਰ ਤੱਕ ਉੱਤਰ-ਪੱਛਮੀ ਅਤੇ ਮੱਧ ਭਾਰਤ ਨੂੰ ਪ੍ਰਭਾਵਿਤ ਕਰੇਗੀ। ਸੋਮਵਾਰ ਨੂੰ ਪੰਜਾਬ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਨਤੀਜੇ ਵਜੋਂ ਖੇਤਰ ਵਿੱਚ 17 ਅਕਤੂਬਰ ਤੋਂ ਤਾਪਮਾਨ ਵਿੱਚ 2 ਤੋਂ 4 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਇਸ ਸਾਰੇ ਕੁਝ ਵਿਚਾਲੇ ਕਿਸਾਨਾਂ ਦੇ ਦਿਲ ਦੀ ਧੜਕਣ ਵਧਣ ਲੱਗੀ ਹੈ, ਕਿਉਂਕਿ ਕਿਸਾਨਾਂ ਦਾ 2 ਦਿਨ ਪਹਿਲਾਂ ਪਏ ਮੀਂਹ ਕਾਰਨ ਪਹਿਲਾਂ ਹੀ ਕਾਫੀ ਨੁਕਸਾਨ ਹੋ ਚੁੱਕਾ ਹੈ।

ਜੇਕਰ ਭਲਕੇ ਯਾਨੀ ਸੋਮਵਾਰ ਨੂੰ ਇਕ ਵਾਰ ਫਿਰ ਭਾਰੀ ਮੀਂਹ ਪੈਂਦਾ ਹੈ ਤਾਂ ਕਿਸਾਨਾਂ ਦੀਆਂ ਪੱਕਣ ਨੇੜੇ ਖੜ੍ਹੀਆਂ ਫਸਲਾਂ ਬੁਰੀ ਤਰ੍ਹਾਂ ਨੁਕਸਾਨੀਆਂ ਜਾਣਗੀਆਂ, ਜੋ ਕਿ ਕਿਸਾਨਾਂ ਲਈ ਹੋਰ ਵੀ ਘਾਤਕ ਹੋਵੇਗਾ।