ਕੈਦੀ ਭਰਾ ਨੂੰ ਕਿਸੇ ਹੋਰ ਜੇਲ ‘ਚ ਸ਼ਿਫਟ ਕਰਵਾਉਣ ਬਦਲੇ ਵਿਅਕਤੀ ਨੇ ਠੱਗੇ ਢਾਈ ਲੱਖ

0
900

ਫਰੀਦਕੋਟ | ਸੁਖਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਰੰਗਰੇਟਾ ਨਗਰ ਫਰੀਦਕੋਟ ਦੇ ਅੰਮ੍ਰਿਤਸਰ ਦੀ ਜੇਲ ਵਿਚ ਬੰਦ ਭਰਾ ਅਮਨਦੀਪ ਸਿੰਘ ਨੂੰ ਫਰੀਦਕੋਟ ਜੇਲ ਵਿਚ ਸ਼ਿਫਟ ਕਰਵਾਉਣ ਦਾ ਝਾਂਸਾ ਦੇ ਕੇ 2 ਲੱਖ 45 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੀ ਖ਼ਬਰ ਮਿਲੀ ਹੈ। ਡਿਪਟੀ ਇੰਸਪੈਕਟਰ ਜਨਰਲ ਜੇਲਾਂ ਪੰਜਾਬ ਨੂੰ ਕੀਤੀ ਸ਼ਿਕਾਇਤ ਵਿਚ ਸੁਖਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਅਮਨਦੀਪ ਜੇਲ ਵਿਚ ਬੰਦ ਹੈ ਤੇ ਇੰਦਰਪਾਲ ਸਿੰਘ ਵਾਸੀ ਨਿਊ ਫਰੈਂਡਜ਼ ਕਾਲੋਨੀ ਫਰੀਦਕੋਟ ਨੇ ਉਸ ਨੂੰ ਅਮਨਦੀਪ ਦੀ ਜੇਲ ਤਬਦੀਲੀ ਦਾ ਝਾਂਸਾ ਦੇ ਕੇ ਉਕਤ ਰਕਮ ਵਸੂਲ ਲਈ ਪਰ ਅਮਨਦੀਪ ਦੀ ਜੇਲ ਵਿਚੋਂ ਤਬਦੀਲੀ ਨਹੀਂ ਕਰਵਾਈ।

ਡਿਪਟੀ ਇੰਸ. ਜਨਰਲ ਨੇ ਮਾਮਲੇ ਦੀ ਪੜਤਾਲ ਕਰਵਾ ਕੇ ਜ਼ਿਲਾ ਅਟਾਰਨੀ ਫਰੀਦਕੋਟ ਦੀ ਕਾਨੂੰਨੀ ਸਲਾਹ ਲੈਣ ਉਪਰੰਤ ਐੱਸ.ਐੱਸ.ਪੀ. ਫਰੀਦਕੋਟ ਨੂੰ ਬਣਦੀ ਕਾਰਵਾਈ ਕਰਨ ਦਾ ਆਦੇਸ਼ ਦਿੱਤਾ। ਤਫਤੀਸ਼ੀ ਅਫਸਰ ਥਾਣੇਦਾਰ ਜਸਕਰਨ ਸਿੰਘ ਸੇਖੋਂ ਮੁਤਾਬਕ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਇੰਦਰਪਾਲ ਸਿੰਘ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 420/406 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।