ਚੰਡੀਗੜ੍ਹ| ਨਸ਼ਿਆਂ ਦੇ ਵਗਦੇ ਦਰਿਆ ਨੇ ਪੰਜਾਬੀਆਂ ਦੀ ਹੋਂਦ ਨੂੰ ਖਤਰਾ ਖੜ੍ਹਾ ਕਰ ਦਿੱਤਾ ਹੈ। ਸੂਬੇ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਅੱਜ ਸਦਨ ਵਿਚ ਪ੍ਰਾਈਵੇਟ ਮੈਂਬਰ ਬਿੱਲ ’ਤੇ ਬਹਿਸ ਵਿਚ ਹਿੱਸਾ ਲੈਂਦੇ ਹੋਏ ਦੱਸਿਆ ਕਿ ਨੌਜਵਾਨ ਵਿਆਹ ਕਰਵਾਉਣ ਤੋਂ ਭੱਜਣ ਲੱਗੇ ਹਨ। ਨੌਜਵਾਨਾਂ ਵਿਚ ਬੱਚੇ ਜੰਮਣ ਦੀ ਸਮਰੱਥਾ ਘਟ ਰਹੀ ਹੈ ਅਤੇ ਨਸ਼ਿਆਂ ਨੇ ਮੁੰਡਿਆਂ ਨੂੰ ਨਿਪੁੰਸਕ ਬਣਾ ਦਿੱਤਾ।
ਉਨ੍ਹਾਂ ਭਾਵੁਕ ਹੁੰਦਿਆਂ ‘ਜਸਵੰਤ ਕੰਵਲ’ ਦੇ ਨਾਵਲ ‘ਪੰਜਾਬ ਕੀ ਬਣੂੰ ਤੇਰਾ’ ਸਦਨ ਦੇ ਸਾਰੇ ਮੈਂਬਰਾਂ ਨੂੰ ਪੜ੍ਹਨ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਇਕ ਗੰਭੀਰ ਮੁੱਦਾ ਬਣ ਗਿਆ ਹੈ। ਸਦਨ ’ਚ ਹਾਜ਼ਰ 117 ਵਿਧਾਇਕਾਂ ਨੂੰ ਸੰਜੀਦਾ ਹੋਣ ਦੀ ਜ਼ਰੂਰਤ ਹੈ।
ਉਨ੍ਹਾਂ ਦੱਸਿਆ ਕਿ ਐੱਚ.ਆਈ. ਵੀ. ਪਾਜ਼ੇਟਿਵ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਹੁੱਲੜਬਾਜ਼ੀ, ਚੋਰੀ ਵਰਗੀਆਂ ਘਟਨਾਵਾਂ ਨਸ਼ੇ ਕਾਰਨ ਹੋ ਰਹੀਆਂ ਹਨ, ਪਰ ਇਸ ਤੋਂ ਵੱਡੀ ਸਮੱਸਿਆ ਕਿ ਨੌਜਵਾਨ ਵਿਆਹ ਕਰਵਾਉਣ ਤੋਂ ਅਸਮਰੱਥ ਹੋਣ ਲੱਗੇ ਹਨ। ਮੁੰਡਿਆਂ ਵਿਚ ਬੱਚੇ ਪੈਦਾ ਕਰਨ ਦੀ ਸ਼ਕਤੀ ਘਟ ਗਈ ਹੈ।
ਬਸਪਾ ਦੇ ਵਿਧਾਇਕ ਡਾ. ਨਛੱਤਰ ਪਾਲ ਦੁਆਰਾ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸਿਹਤ ਵਿਭਾਗ ਨੇ ਦਿਲ ਕੰਬਾਊ ਅੰਕੜੇ ਪੇਸ਼ ਕੀਤੇ ਹਨ। ਸੂਬੇ ਵਿਚ ਇਕ ਸਾਲ ਦੌਰਾਨ (ਜਨਵਰੀ 2023 ਤੱਕ) 10109 ਨਵੇਂ ਐੱਚ.ਆਈ.ਵੀ. ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਪੀੜਤਾਂ ਵਿਚ ਪੰਦਰਾਂ ਸਾਲ ਤੋਂ ਘੱਟ ਉਮਰ ਵਾਲੇ 88 ਬੱਚੇ ਵੀ ਸ਼ਾਮਲ ਹਨ ਅਤੇ 19 ਟਰਾਂਸਜੈਂਡਰ ਵੀ ਐੱਚ.ਆਈ.ਵੀ. ਪਾਜ਼ੇਟਿਵ ਦਾ ਸ਼ਿਕਾਰ ਹੋਏ ਹਨ।