ਗੈਂਗਸਟਰ ਦਿਲਪ੍ਰੀਤ ਬਾਬਾ ਤੇ ਜਸਪਾਲ ਜੱਸੀ ਗੈਂਗ ਦਾ ਮੈਂਬਰ 5 ਪਿਸਟਲ ਤੇ ਹੌਂਡਾ ਸਿਟੀ ਕਾਰ ਸਣੇ ਕਾਬੂ

0
304

ਖਰੜ। ਸੀਆਈਏ ਸਟਾਫ਼ ਨੇ ਵੱਡੀ ਕਾਰਾਵਾਈ ਕਰਦਿਆਂ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਅਤੇ ਜਸਪਾਲ ਸਿੰਘ ਉਰਫ ਜੱਸੀ ਗੈਂਗ ਦੇ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਮੁਲਜ਼ਮ ਕੋਲੋਂ 5 ਪਿਸਟਲ, 15 ਰੌਂਦ ਜ਼ਿੰਦਾ ਅਤੇ ਹੌਂਡਾ ਸਿਟੀ ਕਾਰ ਬਰਾਮਦ ਕੀਤੀ ਹੈ।

ਵਿਵੇਕ ਸ਼ੀਲ ਸੋਨੀ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ, ਐਸਏਐਸ ਨਗਰ ਨੇ ਦੱਸਿਆ ਕਿ ਮੁਹਾਲੀ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸਏਐਸ ਨਗਰ ਅਤੇ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸਏਐਸ ਨਗਰ ਦੀ ਅਗਵਾਈ ਸੀਆਈਏ ਸਟਾਫ ਮੁਹਾਲੀ ਵੱਲੋਂ 28 ਅਕਤੂਬਰ 2022 ਨੂੰ ਨਾਕਾਬੰਦੀ ਦੌਰਾਨ ਭੁਰੂ ਚੌਕ ਖਰੜ ਤੋਂ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਅਤੇ ਜਸਪਾਲ ਸਿੰਘ ਉਰਫ ਜੱਸੀ ਗੈਂਗ ਦੇ ਮੈਬਰ ਪਰਮਜੀਤ ਸਿੰਘ ਉਰਫ ਪੰਮਾ (38) ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬਿੰਜੋ, ਥਾਣਾ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸਮੇਤ ਹੌਂਡਾ ਸਿਟੀ ਕਾਰ ਨੰਬਰ ਐਚਆਰ-51-ਏਡੀ-3867 ਰੰਗ ਚਿੱਟਾ ਗ੍ਰਿਫ਼ਤਾਰ ਕੀਤਾ ਗਿਆ।

ਇਸ ਦੇ ਨਾਲ ਮੁਲਜ਼ਮ ਖ਼ਿਲਾਫ਼ ਮੁਕੱਦਮਾ ਨੰਬਰ 309 ਮਿਤੀ 28.10.2022 ਅ/ਧ 25-54-59 ਆਰਮਜ ਐਕਟ, ਥਾਣਾ ਸਿਟੀ ਖਰੜ, ਐਸਏਐਸ ਨਗਰ ਵਿਖੇ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ 5 ਪਿਸਟਲ .32/.30 ਬੋਰ ਦੇਸੀ ਅਤੇ 15 ਰੌਂਦ ਜ਼ਿੰਦਾ 32 ਬੋਰ ਵੀ ਬਰਾਮਦ ਹੋਏ ਹਨ। ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਹੁਣ ਤੱਕ ਕਰੀਬ 18 ਮੁਕੱਦਮੇ ਪੰਜਾਬ ਦੇ ਵੱਖ ਵੱਖ ਥਾਣਿਆਂ ਵਿਚ ਦਰਜ ਹਨ ਅਤੇ ਦੋਸ਼ੀ ਸਾਲ 2014 ਤੋਂ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਅਤੇ ਜਸਪਾਲ ਸਿੰਘ ਉਰਫ ਜੱਸੀ ਦੀ ਗੈਂਗ ਦਾ ਐਕਟਿਵ ਮੈਂਬਰ ਚੱਲਿਆ ਆ ਰਿਹਾ ਹੈ।