ਕੈਪਟਨ ਸਰਕਾਰ ਵਲੋਂ ਮੰਡੀਆਂ ‘ਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਹੋਈਆਂ ਜਾਰੀ

0
1173

ਫਤਿਹਗੜ੍ਹ ਸਾਹਿਬ  . ਪੰਜਾਬ ਸਰਕਾਰ ਵਲੋਂ 15 ਅਪ੍ਰੈਲ, ਤੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ ਪਰ ਸੂਬੇ ਵਿਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਖੇਤਾਂ ਅਤੇ ਮੰਡੀਆਂ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਜਾਰੀ ਕੀਤੀਆਂ ਹਨ।


ਇਸ ਸਬੰਧੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਦੁਨੀਆਂ ਭਰ ਵਿਚ ਫੈਲੇ ਹੋਏ ਘਾਤਕ ਕੋਰੋਨਾ ਵਾਇਰਸ ਤੋਂ ਆਪਣੇ ਆਪ ਅਤੇ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਸਾਨੂੰ ਖੇਤਾਂ ਅਤੇ ਦਾਣਾ ਮੰਡੀਆਂ ਵਿਚ ਸਾਵਧਾਨੀਆਂ ਪੂਰੀ ਸਖਤੀ ਨਾਲ ਵਰਤਣੀਆਂ ਪੈਣਗੀਆਂ। ਮੰਤਰੀ ਨੇ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਵਲੋਂ ਲੋਕਾਂ ਨੂੰ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨ ਲਈ ਪਿੰਡ ਪੱਧਰ ‘ਤੇ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਤਹਿਤ ਪਿੰਡਾ ਵਿਚ ਪੋਸਟਰ ਲਾਏ ਜਾ ਰਹੇ ਹਨ, ਇਸ ਤੋਂ ਇਲਾਵਾ ਰੋਜ਼ਾਨਾ ਸੋਸ਼ਲ ਮੀਡੀਆ ਅਤੇ ਵਟਸਐਪ ਰਾਹੀਂ ਲੋਕਾਂ ਨੂੰ ਪੇਂਡੂ ਵਿਕਾਸ ਵਿਭਾਗ ਵਲੋਂ ਜਾਗਰੂਕ ਕੀਤਾ ਜਾਵੇਗਾ।

ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਸਾਵਧਾਨੀਆਂ ਅਨੁਸਾਰ ਕਣਕ ਦੀ ਵਾਢੀ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਹੋਵੇਗਾ। ਸਰਕਾਰ ਵਲੋਂ ਜਾਰੀ ਕੀਤੀਆਂ ਸਾਵਧਾਨੀਆਂ ਦੇ ਅਨੁਸਾਰ ਫ਼ਸਲ ਵੱਢਣ ਸਮੇਂ ਕਾਮੇ ਇੱਕ ਦੂਜੇ ਤੋਂ ਘੱਟੋ-ਘੱਟ ਦੋ ਮੀਟਰ ਦੀ ਦੂਰੀ ਬਣਾ ਕੇ ਰੱਖਣ, ਥੋੜੇ-ਥੋੜੇ ਸਮੇਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਂਦੇ ਰਹਿਣ, ਆਪਣੇ ਹੱਥਾਂ ਨੂੰ ਮੂੰਹ, ਅੱਖਾਂ ਅਤੇ ਨੱਕ ਨੂੰ ਲਾਉਣ ਤੋਂ ਪ੍ਰਹੇਜ਼ ਕਰਨ, ਕੰਮ ਕਰਦੇ ਸਮੇਂ ਆਪਣਾ ਨੱਕ-ਮੂੰਹ ਢੱਕ ਕੇ ਰੱਖਣ, ਖਾਣ-ਪੀਣ ਸਮੇਂ ਵੀ ਇੱਕ ਦੂਜੇ ਤੋਂ ਉੱਚਿਤ ਦੂਰੀ ਬਣਾ ਕੇ ਬੈਠਣ, ਖੇਤਾਂ ਅਤੇ ਮੰਡੀਆਂ ਵਿੱਚ ਬਿਲੁਕਲ ਵੀ ਨਾ ਥੁੱਕਣ ਕਿਉਂਕਿ ਥੁੱਕਣ ਨਾਲ ਕਰੋਨਾ ਵਾਇਰਸ ਫੈਲਣ ਦਾ ਖਤਰਾ ਵਧਦਾ ਹੈ।

ਇੰਨਾਂ ਤੋਂ ਇਲਾਵਾ ਸਿਰਫ਼ ਉਹੀ ਕਿਸਾਨ ਆਪਣੀ ਕਣਕ ਮੰਡੀ ਵਿੱਚ ਲੈ ਕੇ ਆਉਣ ਜਿਨ੍ਹਾਂ ਨੂੰ ਆੜਤੀਆਂ ਵੱਲੋਂ ਹੋਲੋਗਰਾਮ ਵਾਲੀ ਪਰਚੀ ਦਿੱਤੀ ਗਈ ਹੋਵੇ, ਬਿਨਾਂ ਹੋਲੋਗਰਾਮ ਵਾਲੀ ਪਰਚੀ ਤੋਂ ਕਣਕ ਮੰਡੀ ਵਿੱਚ ਦਾਖ਼ਲ ਨਹੀਂ ਹੋਣ ਦਿੱਤੀ ਜਾਵੇਗੀ, ਮੰਡੀ ਵਿੱਚ ਲਿਜਾਈ ਜਾ ਰਹੀ ਕਣਕ ਨਿਸ਼ਚਿਤ ਕੀਤੀ ਥਾਂ ਉੱਪਰ ਹੀ ਉਤਾਰੀ ਜਾਵੇ, ਟਰੈਕਟਰ ਉੱਪਰ ਡਰਾਈਵਰ ਤੋਂ ਬਿਨਾਂ ਹੋਰ ਕੋਈ ਵਿਅਕਤੀ ਨਾ ਬੈਠੇ, ਟਰਾਲੀ ਵਿੱਚ ਘੱਟੋ ਘੱਟ ਲੇਬਰ ਹੀ ਬੈਠੇ ਅਤੇ ਉਹ ਉਚਿਤ ਦੂਰੀ ਬਣਾ ਕੇ ਬੈਠਣ।

ਮੰਡੀ ਵਿਚ ਰੱਖਣ ਵਾਲੀਆਂ ਸਾਵਧਾਨੀਆਂ ਮੰਡੀ ਵਿੱਚ ਖਾਣ ਪੀਣ ਦੀਆਂ ਦੁਕਾਨਾਂ ਉੱਤੇ ਇਕੱਠ ਨਾ ਕੀਤਾ ਜਾਵੇ, ਦੁਕਾਨਦਾਰ ਵੀ ਆਪਣਾ ਨੱਕ-ਮੂੰਹ ਢੱਕ ਕੇ ਰੱਖਣ, ਸਾਰੇ ਵਿਅਕਤੀ ਖਾਣ-ਪੀਣ ਲਈ ਆਪਣੇ ਆਪਣੇ ਬਰਤਨ ਹੀ ਵਰਤਣ, ਜੇਕਰ ਕਿਸੇ ਵਿਅਕਤੀ ਨੂੰ ਖੰਘ, ਜ਼ੁਕਾਮ, ਬੁਖਾਰ  ਆਦਿ ਦੀ ਸ਼ਿਕਾਇਤ ਹੈ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਜਾਣਾ ਚਾਹੀਦਾ ਹੈ, ਜੇ ਸੰਭਵ ਹੋਵੇ ਤਾਂ ਖੇਤਾਂ ਅਤੇ ਪਿੰਡ ਦੀ ਮੰਡੀ ਵਿੱਚ ਉਸੇ ਪਿੰਡ ਦਲੂਲੀ ਲੇਬਰ ਹੀ ਲਾਈ ਜਾਵੇ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਸਮੂਹ ਕਿਸਾਨ ਵੀਰਾਂ, ਆੜਤੀਆਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਖੇਤਾਂ ਅਤੇ ਮੰਡੀਆਂ ਵਿਚ ਉਪਰੋਕਤ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਉਣ।

ਪੰਜਾਬ ਦਾ ਹਰ ਵੱਡਾ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ : ਹੁਣ ਵੱਡੀਆਂ ਖਬਰਾਂ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਆਪਣਾ ਨਾਂ, ਉਮਰ ਅਤੇ ਪੂਰਾ ਅਡਰੈੱਸ ਲਿਖ ਕੇ ਸਾਨੂੰ ਵਟਸਐਪ ਮੈਸੇਜ ਭੇਜੋ। ਤੁਹਾਡੇ ਮੋਬਾਇਲ ‘ਤੇ ਆਵੇਗੀ ਪਲ-ਪਲ ਦੀ ਅਪਡੇਟ ਖਬਰ।