ਅੰਬਾਲਾ, 12 ਫਰਵਰੀ| ਕਿਸਾਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦੀ ਪੂਰੀ ਤਿਆਰੀ ਹੈ। ਅਜਿਹੇ ‘ਚ ਹਰਿਆਣਾ ਸਰਕਾਰ ਨੇ ਵੀ ਕਿਸਾਨਾਂ ਨੂੰ ਦਿੱਲੀ ‘ਚ ਦਾਖਲ ਹੋਣ ਤੋਂ ਰੋਕਣ ਲਈ ਕਮਰ ਕੱਸ ਲਈ ਹੈ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਵਿਚਾਲੇ ਖ਼ਬਰ ਆ ਰਹੀ ਹੈ ਕਿ ਹੁਣ ਸ਼ੰਭੂ ਬਾਰਡਰ ਉੱਤੇ ਪੁਲਿਸ ਹੰਝੂ ਗੈਸ ਦੇ ਗੋਲ਼ੇ ਛੱਡੇ ਗਏ ਹਨ ਹਾਲਾਂਕਿ ਕਿਸਾਨ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨਗੇ ਪਰ ਹੁਣ ਤੋਂ ਹੀ ਤਣਾਅ ਵਧਦਾ ਦੇਖਿਆ ਜਾ ਸਕਦਾ ਹੈ।
ਕਿਸਾਨਾਂ ਨੇ ਇੱਕ ਵਾਰ ਫਿਰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਦੀਆਂ ਸਾਰੀਆਂ ਸਰਹੱਦਾਂ ਤੋਂ ਇਲਾਵਾ ਸਿੰਘੂ ਅਤੇ ਟਿੱਕਰੀ ਸਰਹੱਦਾਂ ‘ਤੇ ਵੀ ਵਧੇਰੇ ਸਾਵਧਾਨੀ ਵਰਤੀ ਜਾ ਰਹੀ ਹੈ। ਸ਼ੰਭੂ ਬਾਰਡਰ ‘ਤੇ ਹਾਲਾਤ ਅਜਿਹੇ ਬਣ ਗਏ ਕਿ ਪੁਲਿਸ ਨੂੰ ਅੱਥਰੂ ਗੈਸ ਦੇ ਗੋਲ਼ੇ ਛੱਡਣੇ ਪਏ। ਦਰਅਸਲ, ਇੱਥੇ ਪਹਿਲਾਂ ਹੀ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ ਅਤੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਨਾਅਰੇਬਾਜ਼ੀ ਨੂੰ ਦੇਖਦੇ ਹੋਏ ਪੁਲਿਸ-ਪ੍ਰਸ਼ਾਸਨ ਨੇ ਲੋਕਾਂ ਨੂੰ ਕਈ ਵਾਰ ਪਿੱਛੇ ਹੱਟਣ ਲਈ ਕਿਹਾ ਪਰ ਜਦੋਂ ਉਹ ਨਾ ਮੰਨੇ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਭੀੜ ਨੂੰ ਪਿੱਛੇ ਧੱਕ ਦਿੱਤਾ।
ਦੂਜੇ ਪਾਸੇ ਹਾਈਵੇਅ ‘ਤੇ ਬੈਰੀਕੇਡਿੰਗ ਕੀਤੀ ਗਈ ਹੈ, ਜਦਕਿ ਸ਼ੰਭੂ ਬਾਰਡਰ ‘ਤੇ ਸੜਕਾਂ ‘ਤੇ ਨਾਕੇ ਲਗਾ ਦਿੱਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਰੋਕਿਆ ਜਾ ਸਕੇ। ਪੰਜਾਬ ਤੋਂ ਹਰਿਆਣਾ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਬਲਕ ਐਸਐਮਐਸ ਦੇ ਨਾਲ ਮੋਬਾਈਲ ਇੰਟਰਨੈਟ ‘ਤੇ ਪਾਬੰਦੀ ਲਗਾਈ ਗਈ ਹੈ।