ਚੰਡੀਗੜ੍ਹ . ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ ਮੁੱਦਾ ਸ਼੍ਰੋਮਣੀ ਅਕਾਲੀ ਦਲ ਪੂਰੇ ਜ਼ੋਰਾਂ-ਸ਼ੋਰਾਂ ਨਾਲ ਉਠਾ ਰਿਹਾ ਹੈ। ਅੱਜ ਚੌਥੇ ਦਿਨ ਗਵਰਨਰ ਹਾਊਸ ਬਾਹਰ ਅਕਾਲੀ ਦਲ ਵੱਲੋਂ ਰੋਸ ਮਾਰਚ ਕੀਤਾ ਗਿਆ ਪਰ ਪੁਲਿਸ ਨੇ ਚੰਦ ਮਿੰਟਾਂ ਵਿੱਚ ਹੀ ਅਕਾਲੀ ਵਰਕਰਾਂ ਨੂੰ ਖਦੇੜ ਦਿੱਤਾ।
ਅੱਜ ਦੇ ਰੋਸ ਮਾਰਚ ਦੀ ਅਗਵਾਈ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਕੀਤੀ। ਢਿੱਲੋਂ ਨਾਲ ਸੌ ਦੇ ਕਰੀਬ ਅਕਾਲੀ ਵਰਕਰ ਪਹੁੰਚੇ। ਅਕਾਲੀ ਦਲ ਨੇ ਮੰਗ ਕੀਤੀ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ। ਇਸ ਲਈ ਗਵਰਨਰ ਪੰਜਾਬ ਸਰਕਾਰ ਨੂੰ ਤੁਰੰਤ ਬਰਖ਼ਾਸਤ ਕਰੇ।
ਸ਼ਰਾਬ ਕਾਂਡ ਦੇ ਮੁਲਜ਼ਮ ਤੇ ਇਸ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਨੂੰ ਵੀ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਉਨ੍ਹਾਂ ਖਿਲਾਫ ਧਾਰਾ 302 ਤਹਿਤ ਕਾਰਵਾਈ ਕੀਤੀ ਜਾਵੇ। ਅਕਾਲੀ ਦਲ ਦਾ ਇਲਜ਼ਾਮ ਹੈ ਕਿ ਜ਼ਹਿਰੀਲੀ ਸ਼ਰਾਬ ਵੇਚ ਕੇ ਨਾਜਾਇਜ਼ ਤੌਰ ‘ਤੇ ਕਮਾਏ ਗਏ ਪੈਸੇ ਜਿਨ੍ਹਾਂ ਵਿੱਚੋਂ ਦੋ ਹਜ਼ਾਰ ਕਰੋੜ ਰੁਪਿਆ ਸੋਨੀਆ ਗਾਂਧੀ ਤੇ ਹਾਈਕਮਾਨ ਨੂੰ ਭੇਜਿਆ ਹੈ। ਇਸ ਦੀ ਕੇਂਦਰੀ ਵਿਜੀਲੈਂਸ ਕਮਿਸ਼ਨ ਤੋਂ ਜਾਂਚ ਹੋਵੇ। ਅਕਾਲੀ ਦਲ ਲਗਾਤਾਰ ਇਹ ਵੀ ਮੰਗ ਕਰ ਰਿਹਾ ਹੈ ਕਿ ਸ਼ਰਾਬ ਹੱਤਿਆ ਕਾਂਡ ਦੀ ਜਾਂਚ ਸੀਬੀਆਈ ਤੋਂ ਹੋਵੇ।