ਪਟਿਆਲਾ : ਮਹਾਭਾਰਤ ਦੇ ‘ਧ੍ਰਿਤਰਾਸ਼ਟਰ’ ਦੀ ਗੱਡੀ ਦਾ ਸ਼ੀਸ਼ਾ ਤੋੜ ਕੇ ਲੱਖਾਂ ਦਾ ਕੀਮਤੀ ਸਾਮਾਨ ਉਡਾਇਆ

0
1763

ਪਟਿਆਲਾ, 28 ਅਕਤੂਬਰ| ਸ਼ੁੱਕਰਵਾਰ ਦੇਰ ਸ਼ਾਮ ਪੁਲਿਸ ਪ੍ਰਸ਼ਾਸਨ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਮਹਾਭਾਰਤ ‘ਚ ਧ੍ਰਿਤਰਾਸ਼ਟਰ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗਿਰਿਜਾ ਸ਼ੰਕਰ ਵਿਆਸ ਦੀ ਕਾਰ ਦੇ ਸ਼ੀਸ਼ੇ ਤੋੜ ਕੇ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਅਤੇ ਨਕਦੀ ਚੋਰੀ ਕਰ ਲਈ ਗਈ।

ਦੱਸਿਆ ਜਾਂਦਾ ਹੈ ਕਿ ਸ਼ਾਮ ਸਮੇਂ ਗਿਰੀਜਾ ਸ਼ੰਕਰ ਵਿਆਸ ਕਾਰ ‘ਚ ਸਵਾਰ ਹੋ ਕੇ ਕੁਝ ਮਿੰਟਾਂ ਲਈ ਬੀਕਾਨੇਰ ਸਵੀਟਸ ਨੇੜੇ ਪਹੁੰਚੇ ਸਨ। ਉਪਰੋਕਤ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਰ ਖ਼ਬਰ ਲਿਖੇ ਜਾਣ ਤੱਕ ਚੋਰੀ ਹੋਈ ਕੁੱਲ ਰਕਮ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਸੀ।

ਜਾਣਕਾਰੀ ਮੁਤਾਬਕ ਮਹਾਭਾਰਤ ‘ਚ ਧ੍ਰਿਤਰਾਸ਼ਟਰ ਦਾ ਕਿਰਦਾਰ ਨਿਭਾਉਣ ਵਾਲੇ ਗਿਰੀਜਾ ਸ਼ੰਕਰ ਵਿਆਸ ਬੀਕਾਨੇਰ ਸਵੀਟਸ ਨੇੜੇ ਕੁਝ ਸਾਮਾਨ ਖਰੀਦਣ ਲਈ ਆਏ ਸਨ ਪਰ ਜਦੋਂ ਉਹ ਕੁਝ ਮਿੰਟਾਂ ਵਿਚ ਦੁਕਾਨ ਤੋਂ ਵਾਪਸ ਆਏ ਤਾਂ ਦੇਖਿਆ ਕਿ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਕਾਰ ਦੇ ਅੰਦਰ ਰੱਖਿਆ ਸਾਮਾਨ ਗਾਇਬ ਪਾਇਆ ਗਿਆ। ਦੱਸਿਆ ਜਾਂਦਾ ਹੈ ਕਿ ਲੈਪਟਾਪ, ਮੋਬਾਈਲ ਤੋਂ ਇਲਾਵਾ ਕਾਰ ਵਿੱਚ ਰੱਖੇ ਦਸਤਾਵੇਜ਼, ਡਾਲਰ ਅਤੇ ਹੋਰ ਨਕਦੀ ਗਾਇਬ ਹੈ।

ਦੱਸਿਆ ਜਾ ਰਿਹਾ ਹੈ ਕਿ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਜਿਸ ਬੰਦੇ ਦਾ ਸਾਮਾਨ ਚੋਰੀ ਹੋਇਆ ਉਹ ਕਲਾਕਾਰ ਜਾਣਿਆ-ਪਛਾਣਿਆ ਨਾਮ ਹੈ, ਜਿਸ ਕਾਰਨ ਜਿਵੇਂ ਹੀ ਪੁਲਿਸ ਨੂੰ ਚੋਰੀ ਦੀ ਖ਼ਬਰ ਮਿਲੀ ਤਾਂ ਦਹਿਸ਼ਤ ਦਾ ਮਾਹੌਲ ਬਣ ਗਿਆ| ਜਿਸ ਕਾਰਨ ਰਾਜਪੁਰਾ ਦੇ ਡੀਐਸਪੀ ਸੁਰਿੰਦਰ ਮੋਹਨ ਸ਼ਰਮਾ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮੁਆਇਨਾ ਕਰਨ ਉਪਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।