ਅਕਾਲੀ ਦਲ ਨੇ ਪੰਜਾਬ ਸਰਕਾਰ ਤੋਂ ਮਨਪ੍ਰੀਤ ਬਾਦਲ ਤੇ ਬਲਬੀਰ ਸਿੱਧੂ ਨੂੰ ਅਹੁਦੇ ਤੋਂ ਲਾਉਣ ਦੀ ਕੀਤੀ ਮੰਗ

    0
    682

    ਚੰਡੀਗੜ੍ਹ . ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਸਾਰੇ ਨਾਕਾਬਿਲ ਮੰਤਰੀਆਂ ਨੂੰ ਮੰਤਰੀ ਮੰਡਲ ਵਿਚੋਂ ਬਾਹਰ ਕਰ ਦੇਣ। ਜੇਕਰ ਇੰਝ ਨਾ ਕੀਤਾ ਗਿਆ ਤਾਂ ਸੂਬੇ ਦੀ ਵਿੱਤੀ ਤੇ ਸਿਹਤ ਸੇਵਾਵਾਂ ਦੀ ਹਾਲਤ ਹੋਰ ਵੀ ਮਾੜੀ ਹੋ ਜਾਵੇਗੀ। ਇੱਥੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਐਨ ਕੇ ਸ਼ਰਮਾ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਮੁੱਖ ਮੰਤਰੀ ਨੇ ਸਾਢੇ ਤਿੰਨ ਸਾਲ ਮਗਰੋਂ ਇਹ ਮਹਿਸੂਸ ਕਰ ਲਿਆ ਹੈ ਕਿ ਉਸ ਦਾ ਵਿੱਤ ਮੰਤਰੀ ਸਭ ਤੋਂ ਨਾਲਾਇਕ ਹੈ। ਉਹਨਾਂ ਕਿਹਾ ਕਿ ਨਹੀਂ ਤਾਂ ਸੂਬੇ ਲਈ ਵਿੱਤੀ ਨੀਤੀਆਂ ਬਣਾਉਣ ਤੇ ਸੂਬੇ ਦੀ ਆਰਥਿਕਤਾ ਨੂੰ ਲੀਹ ਉੱਤੇ ਲਿਆਉਣ ਦੇ ਤਰੀਕੇ ਲੱਭਣ ਵਾਸਤੇ ਮੁੱਖ ਮੰਤਰੀ ਨੂੰ ਮਾਹਿਰਾਂ ਦੀ ਇੱਕ ਕਮੇਟੀ ਬਣਾਉਣ ਦੀ ਕੋਈ ਲੋੜ ਨਹੀਂ ਸੀ। ਉਹਨਾਂ ਕਿਹਾ ਕਿ ਇਹ ਸਭ ਸਾਰੀ ਜ਼ਿੰਮੇਵਾਰੀ ਵਿੱਤ ਮੰਤਰੀ ਦੀ ਹੁੰਦੀ ਹੈ। ਇਸੇ ਲਈ ਮੁੱਖ ਮੰਤਰੀ ਨੇ ਇਹ ਜ਼ਿੰਮੇਵਾਰੀ ਹੁਣ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਮੌਂਟੇਕ ਸਿੰਘ ਆਹਲੂਵਾਲੀਆ ਨੂੰ ਦੇ ਦਿੱਤੀ ਹੈ। ਕਿਸੇ ਵੀ ਵਿੱਤ ਮੰਤਰੀ ਦੀ ਕਾਬਲੀਅਤ ਉੱਤੇ ਇਸ ਤੋਂ ਵੱਡਾ ਪ੍ਰਸ਼ਨ ਚਿੰਨ੍ਹ ਨਹੀਂ ਲੱਗ ਸਕਦਾ। ਮਨਪ੍ਰੀਤ ਬਾਦਲ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਤੇ ਕਿਸੇ ਕਾਬਿਲ ਵਿਅਕਤੀ ਨੂੰ ਸੂਬੇ ਦੀ ਆਰਥਿਕਤਾ ਨੂੰ ਮਾੜੇ ਹਾਲਾਤਾਂ ਵਿਚੋਂ ਬਾਹਰ ਕੱਢਣ ਦੀ ਸੇਵਾ ਲਾਉਣੀ ਚਾਹੀਦੀ ਹੈ। ਸਾਬਕਾ ਮੁੱਖ ਸੰਸਦੀ ਸਕੱਤਰ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੱਧੂੁ ਨੂੰ ਵੀ ਤੁਰੰਤ ਹਟਾਉਣਾ ਚਾਹੀਦਾ ਹੈ।

    ਉਹਨਾਂ ਕਿਹਾ ਕਿ ਬਲਬੀਰ ਸਿੱਧੂ ਦੀ ਅਗਵਾਈ ਵਿਚ ਕੋਵਿਡ ਨਾਲ ਨਿਪਟਣ ਵਿਚ ਪੰਜਾਬ ਦਾ ਦੇਸ਼ ਅੰਦਰ ਸਭ ਤੋਂ ਮਾੜਾ ਰਿਕਾਰਡ ਹੈ। ਉਹਨਾਂ ਕਿਹਾ ਕਿ ਸੂਬੇ ਅੰਦਰ ਕੋਵਿਡ ਮੌਤਾਂ ਦੀ ਦਰ ਸਭ ਤੋਂ ਉੱਚੀ ਯਾਨਿ 6 ਫੀਸਦੀ ਹੈ ਜਦਕਿ ਇਸ ਦੇ ਗੁਆਂਢੀ ਰਾਜ ਹਰਿਆਣਾ ਵਿਚ ਇਹ ਦਰ ਸਿਰਫ ਇੱਕ ਫੀਸਦੀ ਹੈ। ਉਹਨਾਂ ਕਿਹਾ ਕਿ ਸਿਹਤ ਮੰਤਰੀ ਕੋਵਿਡ ਦੀ ਰੋਕਥਾਮ ਦੀ ਬਜਾਏ ਸੂਬੇ ਅੰਦਰ ਆਪਣਾ ਸ਼ਰਾਬ ਦਾ ਕਾਰੋਬਾਰ ਮੁੜ ਸ਼ੁਰੂ ਕਰਨ ਵਿਚ ਦਿਲਚਸਪੀ ਰੱਖਦਾ ਹੈ। ਉਹਨਾਂ ਕਿਹਾ ਕਿ ਮੋਹਾਲੀ ਸੂਬੇ ਅੰਦਰ ਨਾਜਾਇਜ਼ ਸ਼ਰਾਬ ਦੀ ਵਿਕਰੀ ਦਾ ਗੜ੍ਹ ਬਣ ਚੁੱਕਿਆ ਹੈ।
    ਬਲਬੀਰ ਸਿੱਧੂ ਕੋਵਿਡ ਸੰਕਟ ਨਾਲ ਨਿਪਟਣ ਦੀ ਬਜਾਏ ਸ਼ਰਾਬ ਦੀ ਹੋਮ ਡਿਲੀਵਰੀ ਦੇਣ ਵਿਚ ਵਧੇਰੇ ਦਿਲਚਸਪੀ ਰੱਖਦਾ ਹੈ। ਸ਼ਰਮਾ ਨੇ ਕਿਹਾ ਕਿ ਬਲਬੀਰ ਸਿੱਧੂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋਏ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਅਤੇ ਰਾਜਸਥਾਨ ਵਿਚ ਕੋਟਾ ਤੋਂ ਵਿਦਿਆਰਥੀਆਂ ਨੂੰ ਲਿਆਉਣ ਲਈ ਤੇਜ਼ੀ ਨਾਲ ਯਤਨ ਕੀਤੇ ਜਾ ਰਹੇ ਸਨ, ਸਿਹਤ ਮੰਤਰੀ ਨੇ 15 ਦਿਨਾਂ ਤਕ ਕੁੱਝ ਨਹੀਂ ਕੀਤਾ। ਉਹਨਾਂ ਕਿਹਾ ਕਿ ਸ਼ਰਧਾਲੂਆਂ ਅਤੇ ਵਿਦਿਆਰਥੀਆਂ ਨੂੰ ਕੁਆਰੰਟੀਨ ਕਰਨ ਦੇ ਹੁਕਮ 27 ਅਪ੍ਰੈਲ ਨੂੰ ਜਾਰੀ ਕੀਤੇ ਗਏ ਜਦਕਿ ਉਹ ਦੋ ਦਿਨ ਪਹਿਲਾਂ ਸੂਬੇ ਅੰਦਰ ਪਹੁੰਚ ਚੁੱਕੇ ਸਨ ਅਤੇ ਉਹਨਾਂ ਨੂੰ ਘਰਾਂ ਨੂੰ ਭੇਜ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਇਹੀ ਉਹ ਵਿਅਕਤੀ ਹਨ , ਜਿਹੜੇ ਕੋਵਿਡ ਪਾਜ਼ੇਟਿਵ ਵਜੋਂ ਸਾਹਮਣੇ ਆ ਰਹੇ ਹਨ। ਇਸ ਵੱਡੀ ਲਾਪਰਵਾਹੀ ਲਈ ਬਲਬੀਰ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਉਸ ਦੀ ਛੁੱਟੀ ਕਰਨੀ ਚਾਹੀਦੀ ਹੈ।